ਕੈਨੇਡਾ ਨੇ 700 ਵਿਦਿਆਰਥੀਆਂ ਦੀ ਵਤਨ ਵਾਪਸੀ ’ਤੇ ਆਰਜ਼ੀ ਰੋਕ ਲਾਈ: ਸਾਹਨੀ

ਕੈਨੇਡਾ ਨੇ 700 ਵਿਦਿਆਰਥੀਆਂ ਦੀ ਵਤਨ ਵਾਪਸੀ ’ਤੇ ਆਰਜ਼ੀ ਰੋਕ ਲਾਈ: ਸਾਹਨੀ

  • ਕੈਨੇਡਾ ਸਰਕਾਰ ਮਾਮਲੇ ਦੀ ਜਾਂਚ ਲਈ ਬਣਾਏਗੀ ਕਮੇਟੀ
    ਲੰਡਨ/ਚੰਡੀਗੜ੍ਹ : ਕੈਨੇਡਾ ਦੀ ਸਰਕਾਰ ਨੇ ‘ਆਪ’ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਬੇਨਤੀ ’ਤੇ 700 ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ’ਤੇ ਆਰਜ਼ੀ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬੀ ਵਿਦਿਆਰਥੀ ਲਵਪ੍ਰੀਤ ਸਿੰਘ ਦੀ ਵਤਨ ਵਾਪਸੀ ’ਤੇ ਕੈਨੇਡਾ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਵਰਨਣਯੋਗ ਹੈ ਕਿ ਸ੍ਰੀ ਸਾਹਨੀ ਵਿਸ਼ਵ ਪੰਜਾਬੀ ਸੰਸਥਾ ਦੇ ਕੌਮਾਂਤਰੀ ਪ੍ਰਧਾਨ ਵੀ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਤੇ ਉਨ੍ਹਾਂ (ਸਾਹਨੀ) ਦੀ ਗੁਜ਼ਾਰਿਸ਼ ’ਤੇ ਕੈਨੇਡੀਅਨ ਸਰਕਾਰ ਨੇ 700 ਵਿਦਿਆਰਥੀਆਂ ਦੀ ਭਾਰਤ ਵਾਪਸੀ ’ਤੇ ਆਰਜ਼ੀ ਰੋਕ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਸਰਕਾਰ ਦੇ ਧਿਆਨ ’ਚ ਲਿਆਂਦਾ ਗਿਆ ਕਿ ਇਨ੍ਹਾਂ ਵਿਦਿਆਰਥੀ ਨੇ ਕੋਈ ਧੋਖਾਧੜੀ ਨਹੀਂ ਕੀਤੀ ਹੈ। ਇਨ੍ਹਾਂ ਵਿਦਿਆਰਥੀਆਂ ਨਾਲ ਅਣਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਨੇ ਧੋਖਾ ਕੀਤਾ ਹੈ ਤੇ ਵਿਦਿਅਕ ਸੰਸਥਾਵਾਂ ਵਿੱਚ ਦਾਖਲਿਆਂ ਸਬੰਧੀ ਜਾਅਲੀ ਪੱਤਰ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਵੀ ਬਣਾਈ ਜਾਏਗੀ।