ਰਾਹੁਲ ਗਾਂਧੀ ਨੇ ’84 ਵਿੱਚ ਸਿੱਖਾਂ ਨਾਲ ਹੋਈ ਵਧੀਕੀ ਬਾਰੇ ਦੁੱਖ ਪ੍ਰਗਟਾਇਆ

ਰਾਹੁਲ ਗਾਂਧੀ ਨੇ ’84 ਵਿੱਚ ਸਿੱਖਾਂ ਨਾਲ ਹੋਈ ਵਧੀਕੀ ਬਾਰੇ ਦੁੱਖ ਪ੍ਰਗਟਾਇਆ

ਨਿਊਯਾਰਕ-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਥੇ ਸਿੱਖ ਪ੍ਰਤੀਨਿਧ ਮੰਡਲ ਨਾਲ ਗੱਲਬਾਤ ਕਰਦਿਆਂ ’84 ਵਿੱਚ ਸਿੱਖਾਂ ਨਾਲ ਹੋਈ ਵਧੀਕੀ ਬਾਰੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੇ ਸਿੱਖਾਂ ਨਾਲ ਹਮੇਸ਼ਾ ਡੂੰਘੇ ਸੰਬੰਧ ਰਹੇ ਹਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਉਸ ਸਮੇਂ ਬੱਚਾ ਸੀ, ਸਾਰੀਆਂ ਗੱਲਾਂ ਨਹੀਂ ਸੀ ਸਮਝਦਾ ਪਰ ਅਪਰੇਸ਼ਨ ਬਲਿਊ ਸਟਾਰ ਤੋਂ ਅਗਲੇ ਦਿਨ ਮੈਂ ਆਪਣੀ ਦਾਦੀ (ਇੰਦਰਾ ਗਾਂਧੀ) ਨੂੰ ਅੱਥਰੂ ਕੇਰਦਿਆਂ ਦੇਖਿਆ ਸੀ।

ਵੇਰਵਿਆਂ ਅਨੁਸਾਰ ਅੱਜ ਇਥੇ ਪੱਤਰਕਾਰ ਬਲਦੇਵ ਸਿੰਘ ਗਰੇਵਾਲ ਅਤੇ ਸਿੱਖ ਆਗੂ ਮਾਸਟਰ ਮਹਿੰਦਰ ਸਿੰਘ ਦੀ ਅਗਵਾਈ ਵਿੱਚ ਸਿੱਖ ਪ੍ਰਤੀਨਿਧ ਮੰਡਲ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਪਰੇਸ਼ਨ ਬਲਿਊ ਸਟਾਰ ਕਾਰਨ ਪੰਜਾਬ ਵਿੱਚ ਪੈਦਾ ਹੋਏ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਨੇ ਜੋ ਕੇਂਦਰੀ ਬਲ ਭੇਜੇ ਸਨ, ਉਸ ਦਾ ਸਮੁੱਚਾ ਖਰਚਾ ਪੰਜਾਬ ਸਿਰ ਕਰਜ਼ੇ ਦੇ ਰੂਪ ਵਿੱਚ ਕਿਉਂ ਪਾਇਆ ਗਿਆ ਜਦੋਂਕਿ ਇਹ ਕੇਂਦਰ ਦਾ ਮਸਲਾ ਸੀ? ਰਾਹੁਲ ਗਾਂਧੀ ਨੇ ਭਰੋਸਾ ਦਿੱਤਾ ਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਇਸ ਬਾਰੇ ਵਿਚਾਰ ਕੀਤਾ ਜਾਵੇਗਾ। ਜੇ ਸਿਰਫ ਪੰਜਾਬ ਨਾਲ ਹੀ ਅਜਿਹਾ ਹੋਇਆ ਹੈ ਤਾਂ ਇਹ ਕਰਜ਼ਾ ਮੁਆਫ ਹੋਣਾ ਚਾਹੀਦਾ ਹੈ। ਇਸ ਮੌਕੇ ਸ੍ਰੀ ਗਾਂਧੀ ਨਾਲ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਸੈਮ ਪਿਤਰੋਦਾ ਤੇ ਯੂਐੱਸ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਵੀ ਮੌਜੂਦ ਸਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਗੁਰੂ ਨਾਨਕ ਦੇਵ ਤੇ ਹੋਰਨਾਂ ਸਿੱਖ ਗੁਰੂਆਂ ਤੋਂ ਬਹੁਤ ਪ੍ਰਭਾਵਿਤ ਹਨ। ਸਟੈਨਫੋਰਡ ਯੂਨੀਵਰਸਿਟੀ ਵਿੱਚ ਉਨ੍ਹਾਂ ਦੇ ਕਥਨ ਦਾ ਕੁਝ ਹਲਕਿਆਂ ਵਿਚ ਗਲਤ ਅਰਥ ਸਮਝਿਆ ਗਿਆ ਸੀ। ਸ੍ਰੀ ਗਾਂਧੀ ਨੇ ਸਪੱਸ਼ਟ ਕੀਤਾ ਕਿ ਉਹ ਗੁਰੂ ਸਾਹਿਬਾਨ ਦੇ ਚਰਨਾਂ ਦੀ ਧੂੜ ਬਰਾਬਰ ਵੀ ਨਹੀਂ ਹਨ। ਸਿੱਖ ਗੁਰੂ ਦੀਆਂ ਉਦਾਸੀਆਂ ਤੋਂ ਪ੍ਰੇਰਣਾ ਲੈ ਕੇ ਹੀ ਭਾਰਤ ਜੋੜੋ ਯਾਤਰਾ ਕੀਤੀ ਸੀ।

ਸਿੱਖ ਪ੍ਰਤੀਨਿਧ ਮੰਡਲ ਨੇ ਰਾਹੁਲ ਗਾਂਧੀ ਦਾ ਧਿਆਨ ਵਿੱਚ ਲਿਆਂਦਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਕੇਂਦਰ ਵੱਲੋਂ ਕੋਈ ਵੱਡੀ ਸਨਅਤ ਨਹੀਂ ਲਗਾਈ ਗਈ। ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਪੈਦਾ ਕੀਤੇ ਗਏ ਹਨ ਜਿਸ ਕਾਰਨ ਵੱਡੇ ਪੱਧਰ ’ਤੇ ਪਰਵਾਸ ਹੋਇਆ ਹੈ। ਇਸ ਦਾ ਹੋਰਨਾਂ ਦੇਸ਼ਾਂ ਨੂੰ ਬਹੁਤ ਲਾਭ ਹੋਇਆ ਹੈ। ਇਸ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਭਾਰਤ ਦਾ ਅਨਿੱਖੜਵਾਂ ਅੰਗ ਹੈ। ਪੰਜਾਬ ਤੋਂ ਬਗੈਰ ਭਾਰਤ ਕੁਝ ਵੀ ਨਹੀਂ ਹੈ। ਪੰਜਾਬ ਦੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਰਾਹੀਂ ਦੂਜੇ ਦੇਸ਼ਾਂ ਨਾਲ ਵਪਾਰ ਹੋਣ ਲੱਗ ਜਾਵੇ ਤਾਂ ਇਸ ਦਾ ਪੰਜਾਬ ਨੂੰ ਬਹੁਤ ਲਾਭ ਹੋਵੇਗਾ। ਇਸ ਮੌਕੇ ਸਿੱਖ ਆਗੂਆਂ ਨੇ ’84 ਦੇ ਦੋਸ਼ੀਆਂ ਨੂੰ ਕਾਂਗਰਸ ਵਿੱਚ ਅਹੁਦੇ ਦੇਣ ਅਤੇ ਪੰਜਾਬ ਦੇ ਪਾਣੀਆਂ ਬਾਰੇ ਵੀ ਸਵਾਲ ਉਠਾਏ।