ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ- ਟਿੱਪਰ ਨੇ ਮੋਟਰਸਾਈਕਲ ਚਾਲਕ ਦਰੜਿਆ

ਦਿੱਲੀ-ਕੱਟੜਾ ਐਕਸਪ੍ਰੈੱਸ ਵੇਅ- ਟਿੱਪਰ ਨੇ ਮੋਟਰਸਾਈਕਲ ਚਾਲਕ ਦਰੜਿਆ

ਪਰਿਵਾਰ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਲਾਸ਼ ਸੜਕ ’ਤੇ ਰੱਖ ਕੇ ਧਰਨਾ ਲਾਇਆ
ਭਵਾਨੀਗੜ੍ਹ- ਪਿੰਡ ਝਨੇੜੀ ਨੇੜੇ ਬੀਤੀ ਰਾਤ ਦਿੱਲੀ ਕੱਟੜਾ ਐਕਸਪ੍ਰੈੱਸ ਵੇਅ ’ਤੇ ਮਿੱਟੀ ਪਾਉਣ ਦਾ ਕੰਮ ਕਰਨ ਵਾਲੇ ਇਕ ਟਿੱਪਰ ਨੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ। ਟਿੱਪਰ ਕਰੀਬ 80 ਫੁਟ ਤੱਕ ਦੀ ਦੂਰੀ ਤੱਕ ਮੋਟਰਸਾਈਕਲ ਨੂੰ ਘੜੀਸਦਾ ਲੈ ਗਿਆ, ਜਿਸ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ ਸਿੰਘ (24) ਵਜੋਂ ਹੋਈ ਹੈ। ਟਿੱਪਰ ਚਾਲਕ ਮੌਕੇ ’ਤੋਂ ਫਰਾਰ ਹੋ ਗਿਆ ਹੈ।

ਇਸ ਘਟਨਾ ਤੋਂ ਰੋਹ ਵਿੱਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਭਵਾਨੀਗੜ੍ਹ-ਸੁਨਾਮ ਸੜਕ ’ਤੇ ਲਾਸ਼ ਰੱਖ ਕੇ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਦੇ ਪਿਤਾ ਲਾਲ ਸਿੰਘ ਨੇ ਆਖਿਆ ਕਿ ਇਹ ਘਟਨਾ ਟਿੱਪਰ ਚਾਲਕ ਦੀ ਲਾਪ੍ਰਵਾਹੀ ਕਾਰਨ ਵਾਪਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਪੁਲੀਸ ਲਗਪਗ ਡੇਢ ਘੰਟੇ ਬਾਅਦ ਘਟਨਾ ਵਾਲੀ ਥਾਂ ’ਤੇ ਪਹੁੰਚੀ। ਇਸ ਮੌਕੇ ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰਤੇਜ ਸਿੰਘ ਝਨੇੜੀ, ਗੁਰਮੀਤ ਸਿੰਘ ਮੀਤਾ, ਮੀਕਾ ਸਿੰਘ ਪੰਚ, ਬੇਅੰਤ ਸਿੰਘ ਝਨੇੜੀ ਨੇ ਟਿੱਪਰ ਚਾਲਕ ਖ਼ਿਲਾਫ਼ ਕਾਰਵਾਈ ਕਰਨ ਤੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ। ਅੱਜ ਸਵੇਰੇ ਡੀਐੱਸਪੀ ਭਵਾਨੀਗੜ੍ਹ ਮੋਹਿਤ ਅਗਰਵਾਲ ਤੇ ਥਾਣਾ ਮੁਖੀ ਜਸਪ੍ਰੀਤ ਸਿੰਘ ਨੇ ਧਰਨਾਕਾਰੀਆਂ ਕੋਲ ਪੁੱਜ ਕੇ ਦੱਸਿਆ ਕਿ ਟਿੱਪਰ ਚਾਲਕ ਸੁਖਦੇਵ ਸਿੰਘ ਗੋਗੀ ਵਾਸੀ ਵਜੀਦਪੁਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ।