ਰੇਲ ਹਾਦਸੇ ਦੇ ਕਾਰਨਾਂ ਤੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਹੋਈ: ਵੈਸ਼ਨਵ

ਰੇਲ ਹਾਦਸੇ ਦੇ ਕਾਰਨਾਂ ਤੇ ਜ਼ਿੰਮੇਵਾਰ ਲੋਕਾਂ ਦੀ ਪਛਾਣ ਹੋਈ: ਵੈਸ਼ਨਵ

ਹਾਦਸਾ ਇਲੈਕਟ੍ਰਾਨਿਕ ਇੰਟਰਲਾਕਿੰਗ ’ਚ ਤਬਦੀਲੀ ਕਾਰਨ ਵਾਪਰਨ ਦਾ ਦਾਅਵਾ
ਬਾਲਾਸੌਰ- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਕਿਹਾ ਕਿ ਸ਼ੁੱਕਰਵਾਰ ਨੂੰ ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿੱਚ ਹੋਇਆ ਰੇਲ ਹਾਦਸਾ ਇਲੈਕਟ੍ਰਾਨਿਕ ਇੰਟਰਲਾਕਿੰਗ ਵਿੱਚ ਬਦਲਾਅ ਕਾਰਨ ਵਾਪਰਿਆ। ਉਨ੍ਹਾਂ ਕਿਹਾ ਕਿ ਰੇਲਵੇ ਕਮਿਸ਼ਨਰ (ਸੁਰੱਖਿਆ) ਨੇ ਇਸ ਪੂਰੇ ਘਟਨਾਕ੍ਰਮ ਦੀ ਜਾਂਚ ਮਗਰੋਂ ਹਾਦਸੇ ਦੇ ਕਾਰਨਾਂ ਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਹੈ। ਹਾਦਸੇ ਵਾਲੀ ਥਾਂ ਜਾਰੀ ਰਾਹਤ ਤੇ ਬਚਾਅ ਕਾਰਜਾਂ ਦੀ ਨਜ਼ਰਸਾਨੀ ਲਈ ਪੁੱਜੇ ਵੈਸ਼ਨਵ ਨੇ ਇਸ ਖ਼ਬਰ ੲੇਜੰਸੀ ਨੂੰ ਦੱਸਿਆ, ‘‘ਰੇਲਵੇ ਕਮਿਸ਼ਨਰ(ਸੁਰੱਖਿਆ) ਨੇ ਮਾਮਲੇ ਦੀ ਜਾਂਚ ਕੀਤੀ ਹੈ ਅਤੇ (ਜਾਂਚ) ਰਿਪੋਰਟ ਦੀ ਉਡੀਕ ਹੈ। ਪਰ ਅਸੀਂ ਘਟਨਾ ਦੇ ਕਾਰਨਾਂ ਅਤੇ ਇਸ ਦੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਲਈ ਹੈ… ਇਹ ਇਲੈਕਟ੍ਰਾਨਿਕ ਇੰਟਰਲਾਕਿੰਗ ਵਿੱਚ ਤਬਦੀਲੀ ਕਾਰਨ ਹੋਇਆ ਹੈ।’’ ਵੈਸ਼ਨਵ ਨੇ ਕਿਹਾ ਕਿ ਇਸ ਵੇੇਲੇ ਉਨ੍ਹਾਂ ਦਾ ਸਾਰਾ ਧਿਆਨ ਰਾਹਤ ਤੇ ਬਚਾਅ ਕਾਰਜ ਮੁਕੰਮਲ ਕਰਕੇ ਬੁੱਧਵਾਰ ਸਵੇਰ ਤੱਕ ਆਵਾਜਾਈ ਨੂੰ ਬਹਾਲ ਕਰਨਾ ਹੈ। ਚੇਤੇ ਰਹੇ ਕਿ ਤਿੰਨ ਗੱਡੀਆਂ (ਦੋ ਯਾਤਰੀ ਗੱਡੀਆਂ ਤੇ ਇਕ ਮਾਲ ਗੱਡੀ) ਦੀ ਸ਼ਮੂਲੀਅਤ ਵਾਲੇ ਹਾਦਸੇ ਵਿੱਚ 288 ਯਾਤਰੀਆਂ ਦੀ ਜਾਨ ਜਾਂਦੀ ਰਹੀ ਹੈ ਜਦੋਂਕਿ 1000 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ।