ਮਨੀਪੁਰ ਹਿੰਸਾ ਵਿੱਚ ਹੁਣ ਤੱਕ 98 ਮੌਤਾਂ ਤੇ 310 ਫੱਟੜ

ਮਨੀਪੁਰ ਹਿੰਸਾ ਵਿੱਚ ਹੁਣ ਤੱਕ 98 ਮੌਤਾਂ ਤੇ 310 ਫੱਟੜ

ਇੰਫਾਲ- ਮਨੀਪੁਰ ਵਿੱਚ ਮਹੀਨਾ ਪਹਿਲਾਂ ਸ਼ੁਰੂ ਹੋਈ ਹਿੰਸਾ ਵਿੱਚ ਹੁਣ ਤੱਕ 98 ਵਿਅਕਤੀਆਂ ਦੀ ਮੌਤ ਅਤੇ 310 ਫੱਟੜ ਹੋ ਚੁੱਕੇ ਹਨ। ਇਹ ਜਾਣਕਾਰੀ ਸਰਕਾਰ ਵੱਲੋਂ ਅੱਜ ਜਾਰੀ ਕੀਤੇ ਗਏ ਬਿਆਨ ਵਿੱਚ ਦਿੱਤੀ ਗਈ ਹੈ। ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਿਕ ਮੌਜੂਦਾ ਸਮੇਂ 272 ਰਾਹਤ ਕੈਂਪਾਂ ਵਿੱਚ 37,450 ਲੋਕ ਰਹਿ ਰਹੇ ਹਨ। ਤਿੰਨ ਮਈ ਤੋਂ ਸ਼ੁਰੂ ਹੋਈਆਂ ਹਿੰਸਕ ਝੜਪਾਂ ਦੌਰਾਨ ਅੱਗ ਲਾਉਣ ਦੇ 4,014 ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ 98 ਮੌਤਾਂ ਹੋਈਆਂ ਹਨ ਜਦੋਂ ਕਿ ਫੱਟੜਾਂ ਦੀ ਗਿਣਤੀ 310 ਹੈ। ਇਕ ਮਹੀਨੇ ’ਚ ਸੂਬਾਈ ਪੁਲੀਸ ਨੇ 3,734 ਕੇਸ ਦਰਜ ਕੀਤੇ ਹਨ। ਹਿੰਸਾ ਵਿੱਚ ਸ਼ਮੂਲੀਅਤ ਸਬੰਧੀ 65 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

ਬਿਆਨ ਮੁਤਾਬਿਕ ਵੱਖ-ਵੱਖ ਸੁਰੱਖਿਆ ਏਜੰਸੀਆਂ ਵੱਲੋਂ ਤਾਲਮੇਲ ਕੀਤੇ ਜਾਣ ਕਾਰਨ ਸ਼ਰਾਰਤੀ ਅਨਸਰਾਂ ਵੱਲੋਂ ਗੋਲੀਬਾਰੀ ਜਾਂ ਘਰਾਂ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਕਾਫੀ ਘਟ ਗਈਆਂ ਹਨ। ਵੱਖ ਵੱਖ ਹਿੱਸਿਆਂ ਵਿੱਚ ਫੌਜ, ਅਸਾਮ ਰਾਈਫਲਜ਼, ਸੀਏਪੀਐਫਜ਼ ਤੇ ਸਥਾਨਕ ਪੁਲੀਸ ਦੀ ਤਾਇਨਾਤੀ ਕੀਤੀ ਹੋਈ ਹੈ। ਹੁਣ ਤੱਕ ਕੇਂਦਰੀ ਹਥਿਆਰਬੰਦ ਬਲਾਂ ਦੀਆਂ 84 ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਕੰਪਨੀਆਂ ਵੱਲੋਂ ਵੱਡੇ ਪੱਧਰ ’ਤੇ ਫਲੈਗ ਮਾਰਚ ਕੀਤੇ ਜਾ ਰਹੇ ਹਨ। ਬਿਆਨ ਮੁਤਾਬਿਕ ਖੋਹੇ ਗਏ ਹਥਿਆਰਾਂ ਤੇ ਗੋਲੀ ਸਿੱਕੇ ਦੀ ਬਰਾਮਦਗੀ ਲਈ ਅੱਜ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਗ਼ੌਰਤਲਬ ਹੈ ਕਿ ਸਰਕਾਰ ਨੇ ਲੋਕਾਂ ਨੂੰ ਖੋਹੇ ਗਏ ਹਥਿਆਰ ਤੇ ਗੋਲੀ ਸਿੱਕਾ ਵਾਪਸ ਕਰਨ ਦੀ ਅਪੀਲ ਕੀਤੀ ਸੀ। ਇਸ ਦੇ ਨਾਲ ਹੀ ਚਿਤਾਵਨੀ ਵੀ ਦਿੱਤੀ ਗਈ ਸੀ ਕਿ ਜੇ ਕੋਈ ਵਿਅਕਤੀ ਖੋਹੇ ਹੋਏ ਹਥਿਆਰ ਨਾਲ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਬਿਆਨ ਮੁਤਾਬਿਕ ਸੁਰੱਖਿਆ ਏਜੰਸੀਆਂ ਵੱਲੋਂ ਹੁਣ ਤਕ 11 ਮੈਗਜ਼ੀਨਾਂ ਸਣੇ 144 ਹਥਿਆਰ ਬਰਾਮਦ ਕਰ ਲਏ ਗਏ ਹਨ। ਇਸ ਦੇ ਨਾਲ ਹੀ ਅਮਨ ਬਹਾਲੀ ਲਈ ਪਿੰਡਾਂ ਦੇ ਮੁਖੀਆਂ ਤੇ ਸਿਵਲ ਸੁਸਾਇਟੀ ਆਰਗੇਨਾਈਜੇਸ਼ਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇੰਫਾਲ ਪੱਛਮੀ ਤੇ ਪੂਰਬੀ, ਬਿਸ਼ਨੂਪੁਰ ਤੇ ਫੇਰਜ਼ਾਓਲ ਵਿੱਚ 12 ਘੰਟਿਆਂ, ਕਾਂਗੋਪੋਕਪੀ ਵਿੱਚ 11 ਘੰਟਿਆਂ ਅਤੇ ਚੂਰਾਚੰਦਪੁਰ ਤੇ ਚੰਦੇਲ ਵਿੱਚ ਦਸ ਘੰਟਿਆਂ ਲਈ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ।