ਬੇਅਦਬੀ ਮਾਮਲੇ: ਬਰਗਾੜੀ ’ਚ ਅਰਦਾਸ ਸਮਾਗਮ ਹੋਇਆ

ਬੇਅਦਬੀ ਮਾਮਲੇ: ਬਰਗਾੜੀ ’ਚ ਅਰਦਾਸ ਸਮਾਗਮ ਹੋਇਆ

ਜੈਤੋ- ਬੇਅਦਬੀ ਕਾਂਡ ਦੇ ਅੱਠ ਵਰ੍ਹੇ ਪੂਰੇ ਹੋਣ ’ਤੇ ਅੱਜ ਪੰਥਕ ਜਥੇਬੰਦੀਆਂ ਵੱਲੋਂ ਪਿੰਡ ਬਰਗਾੜੀ ਦੇ ਗੁਰੂ ਘਰ ਵਿੱਚ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ’ਚ ਮਤੇ ਪਾਸ ਕਰ ਕੇ ਬੇਅਦਬੀ ਦੇ ਮਾਮਲਿਆਂ ’ਚ ਇਨਸਾਫ਼ ਦੇਣ, ਗੁੰਮ ਹੋਏ ਪਾਵਨ ਸਰੂਪਾਂ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੁਰੰਤ ਕਰਾਉਣ ਦੀ ਮੰਗ ਕੀਤੀ ਗਈ।

ਇਸ ਮੌਕੇ ਪਾਸ ਕੀਤੇ ਮਤਿਆਂ ਨੂੰ ਹਾਜ਼ਰ ਸੰਗਤ ਵੱਲੋਂ ਪ੍ਰਵਾਨਗੀ ਦਿੱਤੀ ਗਈ। ਮਤਿਆਂ ’ਚ ਸ਼ਾਮਲ ਸੀ ਕਿ ਸਾਲ 2015 ’ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ’ਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਚੋਰੀ ਕਰਨ ਮਗਰੋਂ ਪਵਿੱਤਰ ਅੰਗਾਂ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ’ਚ ਰੋਲਿਆ ਗਿਆ। ਘਟਨਾ ਦੇ 8 ਸਾਲ ਬੀਤਣ ਮਗਰੋਂ ਵੀ ਸਮੇਂ ਦੀਆਂ ਸਰਕਾਰਾਂ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ। ਇਕ ਹੋਰ ਮਤੇ ਰਾਹੀਂ ਬਹਿਬਲ ਗੋਲੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਜੋਂ ਕੋਟਕਪੂਰਾ ਵਿੱਚ ਰੋਸ ਧਰਨਾ ਦੇ ਰਹੀਆਂ ਸੰਗਤਾਂ ’ਤੇ ਪੁਲੀਸ ਵੱਲੋਂ ਕੀਤੀ ਕਾਰਵਾਈ ’ਚ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ।

ਇਕ ਹੋਰ ਮਤੇ ਰਾਹੀਂ 12 ਸਾਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਨਾ ਕਰਵਾਏ ਜਾਣ ਨੂੰ ਜਮਹੂਰੀਅਤ ਦਾ ਘਾਣ ਤੇ ‘ਸਿੱਖਾਂ ਨਾਲ ਧੱਕੇਸ਼ਾਹੀ’ ਕਰਾਰ ਦਿੰਦਿਆਂ ਚੋਣਾਂ ਫੌਰੀ ਕਰਵਾਏ ਜਾਣ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਗੁੰਮ ਕੀਤੇ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੀ ਪੜਤਾਲ ਕਰ ਕੇ ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ।