ਪਹਿਲਵਾਨਾਂ ਦੀ ਹਮਾਇਤ ’ਚ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਿਆ

ਪਹਿਲਵਾਨਾਂ ਦੀ ਹਮਾਇਤ ’ਚ ਦਿੱਲੀ ਜਾ ਰਹੇ ਕਿਸਾਨਾਂ ਨੂੰ ਰੋਕਿਆ

ਗਾਜ਼ੀਪੁਰ ਬਾਰਡਰ ’ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦਿੱਤਾ ਧਰਨਾ
ਨਵੀਂ ਦਿੱਲੀ- ਪਹਿਲਵਾਨਾਂ ਦੀ ਹਮਾਇਤ ’ਚ ਨਵੀਂ ਸੰਸਦ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਨੂੰ ਅੱਜ ਪੁਲੀਸ ਨੇ ਨਾਕਾਮ ਬਣਾ ਦਿੱਤਾ। ਕਿਸਾਨਾਂ ਨੂੰ ਮਹਿਲਾ ਸਨਮਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਗਾਜ਼ੀਪੁਰ, ਸਿੰਘੂ ਅਤੇ ਟਿਕਰੀ ਬਾਰਡਰਾਂ ਤੋਂ ਅੱਗੇ ਨਹੀਂ ਵਧਣ ਦਿੱਤਾ। ਜੰਤਰ-ਮੰਤਰ ’ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਜਾਂ ਸਮਰਥਕਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ। ਦਿੱਲੀ-ਯੂਪੀ ਬਾਰਡਰ ’ਤੇ ਉੱਤਰ ਪ੍ਰਦੇਸ਼ ਦੇ ਕਿਸਾਨ ਵੱਡੀ ਗਿਣਤੀ ਵਿੱਚ ‘ਦਿੱਲੀ ਗੇਟ’ ਵਿਖੇ ਇੱਕਠੇ ਹੋਏ ਪਰ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਬੀਕੇਯੂ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਕਿਸਾਨਾਂ ਦੀ ਪੁਲੀਸ ਨਾਲ ਨੋਕ-ਝੋਕ ਵੀ ਹੋਈ ਅਤੇ ਉਹ ਉੱਥੇ ਹੀ ਧਰਨੇ ’ਤੇ ਬੈਠ ਗਏ। ਗਾਜ਼ੀਪੁਰ ਬਾਰਡਰ ’ਤੇ ਟਿਕੈਤ ਨੇ ਕਿਹਾ,‘‘ਸਾਨੂੰ ਦਿੱਲੀ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਅਸੀਂ ਸਾਰੇ ਇਥੇ ਬੈਠ ਕੇ ਅਗਲੀ ਰਣਨੀਤੀ ਬਣਾਵਾਂਗੇ।’’ ਦੇਰ ਸ਼ਾਮ ਨੂੰ ਪਹਿਲਵਾਨ ਛੱਡੇ ਜਾਣ ਮਗਰੋਂ ਟਿਕੈਤ ਨੇ ਵੀ ਆਪਣਾ ਧਰਨਾ ਖ਼ਤਮ ਕਰ ਦਿੱਤਾ। ਕਿਸਾਨ ਆਗੂ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਤਾਨਾਸ਼ਾਹ ਸਰਕਾਰ ਹੈ ਤੇ ਲੋਕਤੰਤਰੀ ਰਵਾਇਤਾਂ ਵਿੱਚ ਉਸ ਨੂੰ ਜ਼ਰਾ ਵੀ ਭਰੋਸਾ ਨਹੀਂ ਹੈ। ਮਹਿਲਾ ਸਨਮਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਆਏ ਲੋਕਾਂ ਨੇ ਜਨਪਥ ਬਾਜ਼ਾਰ ਦੇ ਸਾਹਮਣੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਵਾਹਨਾਂ ਦੀ ਚੈਕਿੰਗ ਕਾਰਨ ਗਾਜ਼ੀਪੁਰ ਬਾਰਡਰ ’ਤੇ ਜਾਮ ਲੱਗ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਜੰਤਰ-ਮੰਤਰ ’ਤੇ ਧਰਨਾ ਦੇ ਰਹੀਆਂ ਭਾਰਤੀ ਮਹਿਲਾ ਫੈਡਰੇਸ਼ਨ ਦੀ ਕੌਮੀ ਸਕੱਤਰ ਕੰਵਲਜੀਤ ਕੌਰ ਢਿੱਲੋਂ, ਸੂਬਾ ਜਨਰਲ ਸਕੱਦਰ ਦੀਪਤੀ ਭਾਰਤੀ ਤੇ ਸੰਗੀਤਾ ਦੇਵੀ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਨਜਫਗੜ੍ਹ ਅਤੇ ਕੌਮੀ ਜਨਰਲ ਸਕੱਤਰ ਐਨੀ ਰਾਜਾ ਸਮੇਤ ਫੈਡਰੇਸ਼ਨ ਦੀਆਂ ਹੋਰ ਕਾਰਕੁਨਾਂ ਨੂੰ ਥਾਣਾ ਕਪਾਸ ਹੇੜਾ ਲਿਆਂਦਾ। ਕਈ ਮੀਡੀਆ ਵਾਲੇ ਵੀ ਬੱਸ ਵਿੱਚ ਲੱਦ ਲਏ ਗਏ। ਬਦਰਪੁਰ ਤੋਂ ਕਿਸਾਨਾਂ ਨੂੰ ਹਟਾ ਦਿੱਤੇ ਜਾਣ ਮਗਰੋਂ ਪੁਲੀਸ ਨੇ ਰਾਹ ਖੋਲ੍ਹ ਦਿੱਤਾ। ਕੁੱਝ ਦੇਰ ਲਈ ਸਿੰਘੂ ਬਾਰਡਰ ਦੇ ਬੈਰੀਕੈਡ ਵੀ ਖੋਲ੍ਹੇ ਗਏ ਸਨ। ਬ੍ਰਿਜ ਭੂਸ਼ਨ ਸ਼ਰਣ ਸਿੰਘ ਦੀ ਗ੍ਰਿਫ਼ਤਾਰੀ ਲਈ ਐਤਵਾਰ ਨੂੰ ਨਵੇਂ ਸੰਸਦ ਭਵਨ ਦੇ ਸਾਹਮਣੇ ਪਹਿਲਵਾਨਾਂ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਪਾਲਮ 360 ਖਾਪ ਦੇ ਮੁਖੀ ਚੌਧਰੀ ਸੁਰਿੰਦਰ ਸੋਲੰਕੀ ਨੂੰ ਪੁਲੀਸ ਨੇ ਹਿਰਾਸਤ ’ਚ ਲੈ ਲਿਆ। ਦਿੱਲੀ ਪੁਲੀਸ ਨੇ ਸੋਲੰਕੀ ਨੂੰ ਸਵੇਰੇ 6 ਵਜੇ ਪਾਲਮ ਸਥਿਤ ਉਨ੍ਹਾਂ ਦੇ ਘਰ ਤੋਂ ਫੜਿਆ। ਦਿੱਲੀ ਪੁਲੀਸ ਦੇ ਲਾਅ ਐਂਡ ਆਰਡਰ ਦੇ ਸਪੈਸ਼ਲ ਕਮਿਸ਼ਨਰ ਦੀਪੇਂਦਰ ਪਾਠਕ ਨੇ ਕਿਹਾ ਕਿ ਕਿਸੇ ਨੂੰ ਵੀ ਰਾਸ਼ਟਰ ਵਿਰੋਧੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।