ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ

ਨਵੀਂ ਸੰਸਦੀ ਇਮਾਰਤ ਦੇਸ਼ ਦੀ ਵਿਕਾਸ ਯਾਤਰਾ ਦਾ ‘ਸਦੀਵੀ’ ਪਲ: ਮੋਦੀ
ਨਵੀਂ ਦਿੱਲੀ- ਕਾਂਗਰਸ ਸਣੇ ਹੋਰਨਾਂ ਵਿਰੋਧੀ ਧਿਰਾਂ ਵੱਲੋਂ ਕੀਤੇ ਬਾਈਕਾਟ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਧਾਰਮਿਕ ਰਹੁ-ਰੀਤਾਂ ਨਾਲ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ। ਤਾਮਿਲ ਨਾਡੂ ਤੋਂ ਵਿਸ਼ੇਸ਼ ਤੌਰ ’ਤੇ ਆਏ ‘ਅਧਿਨਾਮਾਂ’ ਦੇ ਆਸ਼ੀਰਵਾਦ ਨਾਲ ਸ੍ਰੀ ਮੋਦੀ ਨੇ ਇਤਿਹਾਸਕ ਸੇਂਗੋਲ ਨੂੰ ਲੋਕ ਸਭਾ ਚੈਂਬਰ ਵਿੱਚ ਸਪੀਕਰ ਦੇ ਆਸਨ ਨਾਲ ਸਥਾਪਿਤ ਕੀਤਾ। ਇਸ ਦੌਰਾਨ ਉਦਘਾਟਨ ਸਮਾਗਮ ਦੇ ਦੂਜੇ ਪੜਾਅ ਤਹਿਤ ਨਵੀਂ ਸੰਸਦੀ ਇਮਾਰਤ ਦੇ ਹੇਠਲੇ ਸਦਨ ’ਚ ਜੁੜੇ ਦੋਵਾਂ ਸਦਨਾਂ ਦੇ ਮੈਂਬਰਾਂ ਤੇ ਹੋਰਨਾਂ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਦੇਸ਼ ਦੀ ਵਿਕਾਸ ਯਾਤਰਾ ਦਾ ‘ਸਦੀਵੀਂ’ ਪਲ ਹੈ। ਉਨ੍ਹਾਂ ਨਵੀਂ ਸੰਸਦ ਨੂੰ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਤੇ ਸੁਫ਼ਨਿਆਂ ਦਾ ਪ੍ਰਤੀਬਿੰਬ ਦੱਸਿਆ। ਉਨ੍ਹਾਂ ਕਿਹਾ ਕਿ ਇਹ ਆਤਮ-ਨਿਰਭਰ ਤੇ ਵਿਕਸਤ ਭਾਰਤ ਦਾ ਨਵਾਂ ਸਵੇਰਾ ਹੈ, ਜੋ ਹੋਰਨਾਂ ਮੁਲਕਾਂ ਦੀ ਤਰੱਕੀ ਦਾ ਵੀ ਪ੍ਰੇਰਨਾ ਸਰੋਤ ਬਣੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਸੰਸਦ ਤੋਂ ਨਵੇਂ ਟੀਚੇ ਹਾਸਲ ਕਰਨ ਲਈ ‘ਨਵੇਂ ਭਾਰਤ’ ਦੀਆਂ ਇੱਛਾਵਾਂ ਤੇ ਸੰਕਲਪ ਸ਼ਕਤੀ ਝਲਕਦੀ ਹੈ। ਆਉਣ ਵਾਲੇ ਸਮੇਂ ਤੇ 2026 ਮਗਰੋਂ ਕੀਤੀ ਜਾਣ ਵਾਲੀ ਹੱਦਬੰਦੀ ਦੇ ਮੱਦੇਨਜ਼ਰ ਸੰਸਦ ਵਿੱਚ ਮੈਂਬਰਾਂ ਦੀ ਗਿਣਤੀ ਵਧ ਸਕਦੀ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ਯਾਦਗਾਰੀ ਡਾਕ ਟਿਕਟ ਤੇ 75 ਰੁਪਏ ਦਾ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਇਸ ਤੋਂ ਪਹਿਲਾਂ ਮੰਤਰਾਂ ਦੇ ਉਚਾਰਣ ਦਰਮਿਆਨ ਹੇਠਲੇ ਸਦਨ ਵਿੱਚ ਸੇਂਗੋਲ ਸਥਾਪਿਤ ਕਰਨ ਦੀ ਰਸਮ ਮੌਕੇ ਕੇਂਦਰੀ ਮੰਤਰੀ ਰਾਜਨਾਥ ਸਿੰਘ, ਐੱਸ.ਜੈਸ਼ੰਕਰ, ਅਸ਼ਵਨੀ ਵੈਸ਼ਨਵ, ਮਨਸੁਖ ਮਾਂਡਵੀਆ ਤੇ ਜੀਤੇਂਦਰ ਸਿੰਘ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਅਸਾਮ ਦੇ ਉਨ੍ਹਾਂ ਦੇ ਹਮਰੁਤਬਾ ਹਿਮੰਤ ਬਿਸਵਾ ਸਰਮਾ ਤੇ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਸਣੇ ਹੋਰ ਆਗੂ ਮੌਜੂਦ ਸਨ। ਸ੍ਰੀ ਮੋਦੀ ਨੇ ਨਵੇਂ ਸੰਸਦ ਭਵਨ ਦੇ ਨਿਰਮਾਣ ’ਚ ਅਹਿਮ ਯੋਗਦਾਨ ਪਾਉਣ ਵਾਲੇ ਕੁਝ ਵਰਕਰਾਂ ਨੂੰ ਸ਼ਾਲ ਤੇ ਸੋਵੀਨਾਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵੱਖ ਵੱਖ ਧਰਮਾਂ ਦੀ ਪ੍ਰਾਰਥਨਾ ਸਭਾ ਵੀ ਕਰਵਾਈ ਗਈ। ਸ੍ਰੀ ਮੋਦੀ ਨੇ ਸੇਂਗੋਲ ਨੂੰ ਲੇਟ ਕੇ ਪ੍ਰਣਾਮ ਕੀਤਾ। ਮਗਰੋਂ ਮੰਤਰਾਂ ਦੇ ਉਚਾਰਨ ਦਰਮਿਆਨ ਸ੍ਰੀ ਮੋਦੀ ‘ਸੇਂਗੋਲ’ ਹੱਥ ਵਿੱਚ ਫੜ੍ਹ ਕੇ ਨਵੀਂ ਲੋਕ ਸਭਾ ਪਹੁੰਚੇ, ਜਿੱਥੇ ਅਧਿਨਾਮਾਂ ਦੀ ਹਾਜ਼ਰੀ ਵਿੱਚ ਸੇਂਗੋਲ ਨੂੰ ਸਪੀਕਰ ਦੀ ਚੇਅਰ ਨੇੜੇ ਸਥਾਪਿਤ ਕੀਤਾ। ਇਹ ਰਸਮ ਨਿਭਾਉਣ ਮੌਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਨਵੇਂ ਸੰਸਦ ਭਵਨ ਦੇ ਰਸਮੀ ਉਦਘਾਟਨ ਮਗਰੋਂ ਮੈਂਬਰਾਂ ਤੇ ਹੋਰਨਾਂ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਨਵੀਂ ਸੰਸਦ ਵਿੱਚ ਲਿਆ ਜਾਣ ਵਾਲਾ ਹਰੇਕ ਫੈਸਲਾ ਭਾਰਤ ਦੇ ਸ਼ਾਨਦਾਰ ਭਵਿੱਖ ਦੀ ਨੀਂਹ ਰੱਖੇਗਾ…ਗਰੀਬਾਂ, ਦਲਿਤਾਂ, ਪੱਛੜਿਆਂ, ਆਦਿਵਾਸੀਆਂ, ਦਿਵਿਆਂਗਾਂ ਤੇ ਹਾਸ਼ੀਏ ’ਤੇ ਧੱਕੇ ਹੋਰਨਾਂ ਵਰਗਾਂ ਨੂੰ ਸਸ਼ਕਤ ਬਣਾਉਣ ਦਾ ਰਾਹ ਇਥੋਂ ਹੋ ਕੇ ਜਾਂਦਾ ਹੈ।’’ ਉਨ੍ਹਾਂ ਕਿਹਾ, ‘‘ਇਸ ਸੰਸਦੀ ਇਮਾਰਤ ਦੀ ਹਰੇਕ ਇੱਟ ਤੇ ਕੰਧ ਗਰੀਬਾਂ ਦੀ ਭਲਾਈ ਨੂੰ ਸਮਰਪਿਤ ਹੋਣੀ ਚਾਹੀਦੀ ਹੈ।’’
ਇਮਾਰਤ ਤੋਂ ਝਲਕਦੀ ਭਾਰਤ ਦੀ ਵੰਨ-ਸੁਵੰਨਤਾ ਤੇ ਭਵਨ ਨਿਰਮਾਣ ਕਲਾ ਦੀ ਰਵਾਇਤੀ ਅਮੀਰੀ ਦੀ ਤਾਰੀਫ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਭਾਰਤ ਨੇ ‘ਗੁਲਾਮ ਮਾਨਸਿਕਤਾ’ ਨੂੰ ਪਰ੍ਹੇ ਸੁੱਟ ਛੱਡਿਆ ਹੈ, ਜਿਸ ਨੇ ਸੈਂਕੜੇ ਸਾਲਾਂ ਦੀ ਗੁਲਾਮੀ ਮਗਰੋਂ ਦੇਸ਼ ਨੂੰ ਆਪਣੇ ਕਲਾਵੇ ’ਚ ਲੈ ਲਿਆ ਸੀ। ਉਨ੍ਹਾਂ ਅਗਲੇ 25 ਸਾਲਾਂ ਦੇ ਅਰਸੇ…ਜਦੋਂ 2047 ਵਿੱਚ ਆਜ਼ਾਦੀ ਦੇ ਸੌ ਸਾਲ ਪੂਰੇ ਹੋਣਗੇ, ਨੂੰ ਮਹਾਤਮਾ ਗਾਂਧੀ ਦੇ ਅਸਹਿਯੋਗ ਅੰਦੋਲਨ, ਜੋ 1922 ਵਿੱਚ ਖ਼ਤਮ ਹੋਇਆ ਸੀ ਤੇ ਦੇਸ਼ ਆਜ਼ਾਦੀ ਵਿਚਲੇ ਸਮੇਂ ਦੇ ਵਕਫ਼ੇ ਨਾਲ ਮੇਲਿਆ। ਸ੍ਰੀ ਮੋਦੀ ਨੇ ਕਿਹਾ, ‘‘ਨਵੀਂ ਸੰਸਦ 140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਤੇ ਸੁਫ਼ਨਿਆਂ ਦਾ ਪ੍ਰਤੀਬਿੰਬ ਹੈ। ਇਹ ਸਾਡੇ ਲੋਕਤੰਤਰ ਦਾ ਮੰਦਿਰ ਹੈ, ਜੋ ਭਾਰਤ ਦੀ ਸੰਕਲਪ ਸ਼ਕਤੀ ਦਾ ਸੁਨੇਹਾ ਦਿੰਦਾ ਹੈ। ਹਰੇਕ ਦੇਸ਼ ਦੇ ਇਤਿਹਾਸ ਵਿੱਚ ਕੁਝ ਪਲ ਅਜਿਹੇ ਹੁੰਦੇ ਹਨ, ਜੋ ਸਦੀਵੀਂ ਹੁੰਦੇ ਹਨ। ਕੁਝ ਤਰੀਕਾਂ ਸਮੇਂ ਦੇ ਚਿਹਰੇ ’ਤੇ ਅਮਿੱਟ ਹਸਤਾਖ਼ਰ ਬਣ ਜਾਂਦੀਆਂ ਹਨ। 28 ਮਈ 2023 ਵੀ ਅਜਿਹਾ ਇਕ ਦਿਨ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਦੇ ਨੌਂ ਸਾਲ ਗਰੀਬਾਂ ਦੀ ਭਲਾਈ ਤੇ ਮੁੜ ਉਸਾਰੀ ਦਾ ਅਰਸਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਸੱਲੀ ਤੇ ਮਾਣ ਹੈ ਕਿ 9 ਸਾਲਾਂ ਦੌਰਾਨ ਗਰੀਬਾਂ ਲਈ ਚਾਰ ਕਰੋੜ ਘਰ ਤੇ 11 ਕਰੋੜ ਪਖਾਨੇ ਬਣੇ। ਉਨ੍ਹਾਂ ਪਿੰਡਾਂ ਨੂੰ ਸ਼ਹਿਰ ਨਾਲ ਜੋੜਨ ਲਈ ਬਣਾਈਆਂ ਚਾਰ ਲੱਖ ਕਿਲੋਮੀਟਰ ਸੜਕਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਜਮਹੂਰੀ ਮੁਲਕ ਨਹੀਂ ਬਲਕਿ ਜਮਹੂਰੀਅਤ ਦੀ ਜਨਨੀ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਨਵਾਂ ਸੰਸਦ ਭਵਨ, ਜਿਸ ਲਈ ਪੱਥਰ ਤੋਂ ਲੈ ਕੇ ਲੱਕੜ, ਕਾਲੀਨ ਨੇ ਹੋਰ ਸਾਮਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਲਿਆਂਦਾ ਗਿਆ, ‘ਇਕ ਭਾਰਤ, ਸ਼੍ਰੇਸ਼ਠ ਭਾਰਤ’ ਦਾ ਪ੍ਰਤੀਕ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪੁਰਾਣੇ ਸੰਸਦ ਭਵਨ ਵਿੱਚ ਵੱਖ ਵੱਖ ਤਕਨੀਕੀ ਤੇ ਥਾਂ ਨਾਲ ਜੁੜੀਆਂ ਬੰਦਸ਼ਾਂ ਕਰਕੇ ਸਾਰਿਆਂ ਲਈ ਕੰਮ ਕਰਨਾ ਮੁਸ਼ਕਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਲਗਪਗ ਇਕ ਦਹਾਕੇ ਤੋਂ ਨਵੀਂ ਸੰਸਦੀ ਇਮਾਰਤ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।
ਸ੍ਰੀ ਮੋਦੀ ਨੇ ਸੇਂਗੋਲ ਬਾਰੇ ਵੀ ਗੱਲ ਕੀਤੀ ਤੇ ਇਸ ਨੂੰ ਕਰਤੱਵਯ ਪਥ, ਸੇਵਾ ਪਥ ਤੇ ਰਾਸ਼ਟਰ ਪਥ ਦਾ ਪ੍ਰਤੀਕ ਦੱਸਿਆ। ਸ੍ਰੀ ਮੋਦੀ ਦੇ ਰਸਮੀ ਸੰਬੋਧਨ ਤੋਂ ਪਹਿਲਾਂ ਰਾਜ ਸਭਾ ਵਿੱਚ ਉਪ ਚੇਅਰਮੈਨ ਹਰਿਵੰਸ਼ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੱਲੋਂ ਭੇਜੇ ਸੰਦੇਸ਼ ਪੜ੍ਹ ਕੇ ਸੁਣਾੲੇ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਵੀਂ ਲੋਕ ਸਭਾ ਵਿੱਚ ਦੋਵਾਂ ਸਦਨਾਂ ਦੇ ਮੈਂਬਰਾਂ ਤੋਂ ਇਲਾਵਾ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀ, ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ, ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ.ਦੇਵੇਗੌੜਾ, ਸਾਬਕਾ ਸਪੀਕਰ ਸੁਮਿੱਤਰਾ ਮਹਾਜਨ, ਭਾਰਤੀ ਜੁਡੀਸ਼ਰੀ ਦੇ ਮੈਂਬਰ, ਵੱਖ ਵੱਖ ਦੇਸ਼ਾਂ ਦੇ ਰਾਜਦੂਤ ਤੇ ਹੋਰ ਮਹਿਮਾਨ ਮੌਜੂਦ ਸਨ।

ਰਾਸ਼ਟਰਪਤੀ ਤੇ ਉਪ ਰਾਸ਼ਟਰਪਤੀ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨ ਦਾ ਸਵਾਗਤ

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤੇ ਜਾਣ ਦਾ ਸਵਾਗਤ ਕੀਤਾ ਹੈ। ਰਾਸ਼ਟਰਪਤੀ ਨੇ ਉਦਘਾਟਨ ਮੌਕੇ ਆਪਣੇ ਸੁਨੇਹੇ ’ਚ ਕਿਹਾ ਕਿ ਨਵੇਂ ਸੰਸਦ ਭਵਨ ਦਾ ਉਦਘਾਟਨ ਦੇਸ਼ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਰਾਸ਼ਟਰਪਤੀ ਦਾ ਸੁਨੇਹਾ ਪੜ੍ਹ ਕੇ ਸੁਣਾਇਆ। ਰਾਸ਼ਟਰਪਤੀ ਨੇ ਕਿਹਾ, ‘ਨਵੇਂ ਸੰਸਦ ਭਵਨ ਦਾ ਉਦਘਾਟਨ ਭਾਰਤ ਦੇ ਸਾਰੇ ਲੋਕਾਂ ਲਈ ਮਾਣ ਤੇ ਖੁਸ਼ੀ ਵਾਲੀ ਗੱਲ ਹੈ।’ ਰਾਸ਼ਟਰਪਤੀ ਮੁਰਮੂ ਨੇ ਸੰਸਦ ਨੂੰ ਦੇਸ਼ ਲਈ ਇੱਕ ਮਾਰਗ ਦਰਸ਼ਕ ਕਰਾਰ ਦਿੰਦਿਆਂ ਕਿਹਾ, ‘ਨਵਾਂ ਸੰਸਦ ਭਵਨ ਸਾਡੀ ਜਮਹੂਰੀ ਯਾਤਰਾ ’ਚ ਇੱਕ ਅਹਿਮ ਮੀਲ ਪੱਥਰ ਹੈ। ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਨਵਾਂ ਸੰਸਦ ਭਵਨ ਸਿਆਸੀ ਸਹਿਮਤੀ ਕਾਇਮ ਕਰਨ ’ਚ ਮਦਦ ਕਰੇਗਾ ਅਤੇ ਗੁਲਾਮੀ ਦੀ ਮਾਨਸਿਕਤਾ ਤੋਂ ਆਜ਼ਾਦੀ ਦਾ ਪ੍ਰਤੀਕ ਬਣੇਗਾ। ਰਾਜ ਸਭਾ ਦੇ ਉਪ ਚੇਅਰਮੈਨ ਹਰਿਵੰਸ਼ ਵੱਲੋਂ ਪੜ੍ਹੇ ਗਏ ਸੁਨੇਹੇ ’ਚ ਉਪ ਰਾਸ਼ਟਰਪਤੀ ਨੇ ਇਹ ਉਮੀਦ ਵੀ ਜਤਾਈ ਕਿ ਇਹ ਭਾਰਤ ਦੇ ਲੋਕਾਂ ਦੀਆਂ ਇੱਛਾਵਾਂ ਦਾ ਹੱਲ ਲੱਭੇਗਾ। ਧਨਖੜ ਨੇ ਕਿਹਾ ਕਿ ਨਵਾਂ ਭਵਨ ਭਾਰਤ ਦੀ ਪ੍ਰਗਤੀ ਦਾ ਗਵਾਹ ਬਣੇਗਾ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੇਂ ਸੰਸਦ ਭਵਨ ਦੇ ਉਦਘਾਟਨ ’ਤੇ ਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਅਗਾਂਹਵਧੂ ਦਿਸ਼ਾ ਵੱਲ ਦੇਸ਼ ਦੀ ਯਾਤਰਾ ਦੀ ਸ਼ੁਰੂਆਤ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਨਵਾਂ ਸੰਸਦ ਭਵਨ ਦੇਸ਼ ਨੂੰ ਸਮਰਪਿਤ ਕੀਤਾ ਹੈ। ਇਹ ਭਵਨ ਉਹ ਸਥਾਨ ਹੈ ਜਿੱਥੇ ਲੋਕਾਂ ਦੀਆਂ ਖਾਹਿਸ਼ਾਂ ਪੂਰੀਆਂ ਹੋਣਗੀਆਂ ਅਤੇ ਅੰਮ੍ਰਿਤ ਕਾਲ ਦੌਰਾਨ ਹਰ ਖੇਤਰ ’ਚ ਅਗਾਂਹਵਧੂ ਦਿਸ਼ਾ ਵੱਲ ਭਾਰਤ ਦੀ ਯਾਤਰਾ ਦੀ ਸ਼ੁਰੂਆਤ ਦਾ ਪ੍ਰਤੀਕ ਵੀ ਹੈ। ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਸੰਸਦ ’ਚ ਸਥਾਪਤ ਸੇਂਗੋਲ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਵਰਤਮਾਨ ਨਾਲ ਜੋੜਦਾ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਵੀਡੀ ਸਾਵਰਕਰ ਤੇ ਸਾਰੇ ਮਹਾਰਾਸ਼ਟਰ ਵਾਸੀਆਂ ਲਈ ਸਭ ਤੋਂ ਵੱਡੀ ਸ਼ਰਧਾਂਜਲੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਪਾਰਟੀਆਂ ਇਸ ਸਮਾਗਮ ’ਚ ਸ਼ਾਮਲ ਨਹੀਂ ਹੋਈਆਂ ਉਨ੍ਹਾਂ ਭਾਰਤ ਦੇ ਲੋਕਤੰਤਰ ਤੇ ਸਾਵਰਕਰ ਦੀ ਬੇਇੱਜ਼ਤੀ ਕੀਤੀ ਹੈ।