ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਕਾਨਵੋਕੇਸ਼ਨ

ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੀ ਕਾਨਵੋਕੇਸ਼ਨ

ਫ਼ਤਹਿਗੜ੍ਹ ਸਾਹਿਬ- ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਅੱਜ ਕਾਨਵੋਕੇਸ਼ਨ ਦੌਰਾਨ ਯੂਨੀਵਰਸਿਟੀ ਦੇ ਕੁਲਪਤੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਅਤੇ ਕੌਮਾਂ ਉਹੀ ਤਰੱਕੀ ਕਰਦੀਆਂ ਹਨ ਜਿਹੜੀਆਂ ਆਪਣੇ ਧਰਮ ਅਤੇ ਮਾਂ ਬੋਲੀ ਨੂੰ ਨਹੀਂ ਭੁੱਲਦੀਆਂ, ਇਸ ਲਈ ਸਾਨੂੰ ਆਪਣੇ ਅਮੀਰ ਵਿਰਸੇ ਉਪਰ ਮਾਣ ਕਰਦੇ ਹੋਏ ਸਾਡੇ ਗੁਰੂਆਂ ਦੇ ਦਰਸਾਏ ਮਾਰਗ ਉਪਰ ਚਲ ਕੇ ਹੱਕ ਸੱਚ ਦੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਯੂਨੀਵਰਸਿਟੀ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ 700 ਤੋਂ ਵੱਧ ਵਿਦਿਆਰਥੀਆਂ ਨੂੰ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ, 118 ਰਿਸਰਚ ਸਕਾਲਰਾਂ ਨੂੰ ਪੀਐਚ.ਡੀ. ਅਤੇ 25 ਵਿਦਿਆਰਥੀਆਂ ਨੂੰ ਯੂਨੀਵਰਸਿਟੀ ਮੈਡਲਾਂ ਨਾਲ ਸਨਮਾਨਿਤ ਕੀਤਾ। ਉਪ ਕੁਲਪਤੀ ਡਾ. ਪ੍ਰੀਤਪਾਲ ਸਿੰਘ ਨੇ ਯੂਨੀਵਰਸਿਟੀ ਦੀ ਰਿਪੋਰਟ ਪੜ੍ਹੀ। ਪ੍ਰੋ. ਕੁਲਪਤੀ ਡਾ. ਅਜਾਇਬ ਸਿੰਘ ਬਰਾੜ ਨੇ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਉਪ ਪ੍ਰਧਾਨ ਅਵਤਾਰ ਸਿੰਘ ਰਿਆ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਚੀਮਾ, ਮੁੱਖ ਬੁਲਾਰੇ ਅਮਰਦੀਪ ਸਿੰਘ ਧਾਰਨੀ, ਡੀਨ ਡਾ. ਐਸ.ਐਸ.ਬਿਲਿੰਗ, ਅਮਰਜੀਤ ਸਿੰਘ ਸਿੱਧੂ ਤੇ ਪ੍ਰਿੰਸੀਪਲ ਡਾ. ਲਖਬੀਰ ਸਿੰਘ ਆਦਿ ਮੌਜੂਦ ਸਨ।