ਹੇਮਕੁੰਟ ਸਾਹਿਬ ਦੀ ਯਾਤਰਾ ਦੋ ਦਿਨਾਂ ਮਗਰੋਂ ਮੁੜ ਸ਼ੁਰੂ

ਅੰਮ੍ਰਿਤਸਰ- ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਭਾਰੀ ਬਰਫਬਾਰੀ ਹੋਣ ਕਾਰਨ ਦੋ ਦਿਨਾਂ ਵਾਸਤੇ ਰੋਕੀ ਗਈ ਯਾਤਰਾ ਅੱਜ ਮੁੜ ਸ਼ੁਰੂ ਹੋ ਗਈ ਹੈ। ਅੱਜ ਲਗਪਗ ਪੰਦਰਾਂ ਸੌ ਯਾਤਰੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕੀਤੇ ਹਨ। ਜਾਣਕਾਰੀ ਅਨੁਸਾਰ 24 ਮਈ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਅਤੇ ਇਸ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਹੋ ਗਈ ਸੀ , ਜਿਸ ਤੋਂ ਬਾਅਦ ਉੱਤਰਾਖੰਡ ਸਰਕਾਰ ਵੱਲੋਂ ਇਹ ਯਾਤਰਾ 2 ਦਿਨਾਂ ਵਾਸਤੇ ਬੰਦ ਕਰ ਦਿੱਤੀ ਗਈ ਸੀ।

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਅੱਜ ਦੋ ਦਿਨ ਤੋਂ ਬਾਅਦ ਯਾਤਰਾ ਮੁੜ ਬਹਾਲ ਹੋ ਗਈ ਹੈ ਅਤੇ ਲਗਪਗ ਪੰਦਰਾਂ ਸੌ ਯਾਤਰੂਆਂ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕੀਤੇ ਹਨ।

ਉਨ੍ਹਾਂ ਦੱਸਿਆ ਕਿ ਕੱਲ੍ਹ ਵੀ ਮੌਸਮ ਸਾਫ਼ ਰਿਹਾ ਸੀ ਅਤੇ ਕਰਮਚਾਰੀਆਂ ਵੱਲੋਂ ਰਸਤੇ ਵਿੱਚੋਂ ਜੰਮੀ ਹੋਈ ਬਰਫ ਹਟਾ ਕੇ ਰਸਤੇ ਸਾਫ਼ ਕਰ ਦਿੱਤੇ ਗਏ ਸਨ। ਅੱਜ ਵੀ ਲਗਪਗ ਮੌਸਮ ਸਾਫ਼ ਰਿਹਾ ਅਤੇ ਯਾਤਰੀ ਦਰਸ਼ਨ ਕਰਨ ਤੋਂ ਬਾਅਦ ਗੁਰਦੁਆਰਾ ਗੋਬਿੰਦ ਧਾਮ ਪੁੱਜੇ ਹਨ। ਯਾਤਰਾ ਵਾਸਤੇ ਮੁੜ ਤੋਂ ਰਜਿਸਟ੍ਰੇਸ਼ਨ ਵੀ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੌਸਮ ਖ਼ਰਾਬ ਰਹਿਣ ਦੇ ਕਾਰਨ ਵੱਖ-ਵੱਖ ਥਾਵਾਂ ਤੇ ਗੁਰਦੁਆਰਿਆਂ ਵਿੱਚ ਯਾਤਰੂ ਰੁਕੇ ਹੋਏ ਸਨ, ਜਿਨ੍ਹਾਂ ਨੇ ਅੱਜ ਅਗਲੇ ਪੜਾਅ ਲਈ ਯਾਤਰਾ ਸ਼ੁਰੂ ਕਰ ਦਿੱਤੀ ਹੈ। ਟਰੱਸਟ ਵੱਲੋਂ ਇਸ ਸਬੰਧ ਵਿੱਚ ਹਰਿਦੁਆਰ, ਰਿਸ਼ੀਕੇਸ, ਸ੍ਰੀਨਗਰ, ਜੋਸ਼ੀ ਮੱਠ, ਗੋਬਿੰਦ ਘਾਟ ਤੇ ਗੋਬਿੰਦ ਧਾਮ ਵਿਖੇ ਯਾਤਰੂਆਂ ਦੇ ਠਹਿਰਾਅ ਦਾ ਪ੍ਰਬੰਧ ਕੀਤਾ ਗਿਆ ਹੈ। ਜਿਥੇ ਯਾਤਰੂਆਂ ਵਾਸਤੇ ਰਿਹਾਇਸ਼ ਅਤੇ ਲੰਗਰ ਸਮੇਤ ਮੈਡੀਕਲ ਸਹੂਲਤਾਂ ਦਾ ਵੀ ਪ੍ਰਬੰਧ ਸੀ।

ਉਨ੍ਹਾਂ ਦੱਸਿਆ ਕਿ ਹੁਣ ਟਰੱਸਟ ਵੱਲੋਂ ਰੁਦਰਪ੍ਰਯਾਗ ਵਿਖੇ ਵੀ ਇਕ ਵੱਡੀ ਸਰਾਂ ਬਣਾਈ ਜਾ ਰਹੀ ਹੈ, ਜਿਸ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਯਾਤਰਾ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਯਾਤਰੂਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਈ ਹੈ।

ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਲੱਗਪਗ 600 ਯਾਤਰੂ ਹੇਠਾਂ ਗੁਰਦੁਆਰਾ ਗੋਬਿੰਦ ਘਾਟ ਪੁੱਜ ਗਏ ਹਨ। ਇਸੇ ਤਰ੍ਹਾਂ ਹੇਠਾਂ ਤੋਂ ਆ ਰਹੇ ਯਾਤਰੂ ਵੀ ਗੁਰਦੁਆਰਾ ਗੋਬਿੰਦ ਘਾਟ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਮੁੜ ਨਿਰਵਿਘਨ ਚਾਲੂ ਹੋ ਗਈ ਹੈ।