ਕਾਂਗਰਸ ਨੂੰ ਭਾਰਤੀ ਸੱਭਿਆਚਾਰ ਨਾਲ ਇੰਨੀ ਨਫ਼ਰਤ ਕਿਉਂ: ਸ਼ਾਹ

ਕਾਂਗਰਸ ਨੂੰ ਭਾਰਤੀ ਸੱਭਿਆਚਾਰ ਨਾਲ ਇੰਨੀ ਨਫ਼ਰਤ ਕਿਉਂ: ਸ਼ਾਹ

ਨਵੀਂ ਦਿੱਲੀ/ਰਾਜਪਿਪਲਾ(ਗੁਜਰਾਤ) ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਰਸਮੀ ਰਾਜਦੰਡ ‘ਸੇਂਗੋਲ’, ਜਿਸ ਨੂੰ ਨਵੀਂ ਸੰਸਦ ਦੀ ਇਮਾਰਤ ਵਿੱਚ ਸਪੀਕਰ ਦੀ ਚੇਅਰ ਕੋਲ ਸਥਾਪਿਤ ਕੀਤਾ ਜਾਣਾ ਹੈ, ਦੇ ਮਹੱਤਵ ਨੂੰ ਘਟਾ ਕੇ ‘ਸਹਾਰੇ ਵਾਲੀ ਸੋਟੀ’ ਬਣਾ ਛੱਡਿਆ ਹੈ। ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ ਸੱਤਾਧਾਰੀ ਧਿਰ ਤੇ ਵਿਰੋਧੀ ਪਾਰਟੀਆਂ ਦਰਮਿਆਨ ਚੱਲ ਰਹੀ ਸ਼ਬਦੀ ਜੰਗ ਦਰਮਿਆਨ ਸ਼ਾਹ ਨੇ ਕਿਹਾ ਕਿ ਕਾਂਗਰਸ ਨੂੰ ਆਪਣੇ ਵਤੀਰੇ ’ਤੇ ਝਾਤ ਮਾਰਨ ਦੀ ਲੋੜ ਹੈ। ਉਨ੍ਹਾਂ ਪਾਰਟੀ ਦੇ ਇਸ ਦਾਅਵੇ ਦੀ ਵੀ ਨਿਖੇਧੀ ਕੀਤੀ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਸੇਂਗੋਲ 1947 ਵਿੱਚ ਹੋਈ ਸੱਤਾ ਤਬਦੀਲੀ ਦਾ ਪ੍ਰਤੀਕ ਹੈ। ਸ਼ਾਹ ਨੇ ਟਵੀਟ ਕੀਤਾ, ‘‘ਕਾਂਗਰਸ ਪਾਰਟੀ ਨੂੰ ਭਾਰਤੀ ਰਵਾਇਤਾਂ ਤੇ ਸਭਿਆਚਾਰ ਨਾਲ ਇੰਨੀ ਨਫ਼ਰਤ ਕਿਉਂ ਹੈ? ਤਾਮਿਲ ਨਾਡੂ ਦੇ ਪਾਕਿ ਪਵਿੱਤਰ ਸ਼ੈਵ ਮੱਠ ਨੇ ਪੰਡਿਤ ਨਹਿਰੂ ਨੂੰ ਮੁਕੱਦਸ ਸੇਂਗੋਲ ਦਿੱਤਾ ਸੀ, ਪਰ ਇਸ ਨੂੰ ਮਿਊਜ਼ੀਅਮ ਵਿੱਚ ਰੱਖ ਕੇ ‘ਸਹਾਰਾ ਲੈ ਕੇ ਤੁਰਨ ਵਾਲੀ ਸੋਟੀ’ ਬਣਾ ਛੱਡਿਆ।’’ ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ 20 ਵਿਰੋਧੀ ਪਾਰਟੀਆਂ ਵੱਲੋਂ ਨਵੇਂ ਸੰਸਦ ਭਵਨ ਦੇ ਉਦਘਾਟਨੀ ਸਮਾਗਮ ਦਾ ਬਾਈਕਾਟ ਕੀਤੇ ਜਾਣ ਨੂੰ ‘ਮੰਦਭਾਗਾ’ ਫੈਸਲਾ ਕਰਾਰ ਦਿੱਤਾ ਹੈ। ਦੋ ਰੋਜ਼ਾ ਫੇਰੀ ਲਈ ਗੁਜਰਾਤ ਆਏ ਜੈਸ਼ੰਕਰ ਨੇ ਕਿਹਾ ਕਿ ਸਿਆਸਤ ਕਰਨ ਦੀ ਵੀ ਕੋਈ ਹੱਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਵੀਂ ਇਮਾਰਤ ਦੇ ਉਦਘਾਟਨ ਨੂੰ ਪੂਰੇ ਰਾਸ਼ਟਰ ਵਿਚ ਤਿਓਹਾਰ ਵਜੋਂ ਮਨਾਉਣਾ ਚਾਹੀਦਾ ਹੈ। ਉਧਰ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਨੇ ਇਸੇ ਮੁੱਦੇ ’ਤੇ ਵਿਰੋਧੀ ਧਿਰਾਂ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਦੀ ਪਰਿਵਾਰਵਾਦੀ ਲੀਡਰਸਿਪ ਉਨ੍ਹਾਂ ਨੂੰ ਆਪਸ ਵਿੱਚ ਜੋੜਦੀ ਹੈ, ਜਿਨ੍ਹਾਂ ਦੇ ‘ਰਾਜਾਸ਼ਾਹੀ’ ਢੰਗ ਤਰੀਕਿਆਂ ਦਾ ਸੰਵਿਧਾਨ ਦੇ ਸਿਧਾਂਤਾਂ ਨਾਲ ਟਕਰਾਅ ਹੈ।