ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ: ਸ਼ਾਹ

ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ: ਸ਼ਾਹ

ਕਾਂਗਰਸ ’ਤੇ ਸੰਸਦ ਦੇ ਉਦਘਾਟਨੀ ਸਮਾਗਮ ’ਤੇ ਸਿਆਸਤ ਕਰਨ ਦਾ ਲਾਇਆ ਦੋਸ਼
ਗੁਹਾਟੀ- ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਮਗਰੋਂ ਨਰਿੰਦਰ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਦਾਅਵਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਵਿਰੋਧੀ ਧਿਰ ਕਾਂਗਰਸ ਮੌਜੂਦਾ ਸੀਟਾਂ ਜਿੱਤਣ ’ਚ ਵੀ ਨਾਕਾਮ ਰਹੇਗੀ। ਅਸਾਮ ਸਰਕਾਰ ਦੀਆਂ ਨੌਕਰੀਆਂ ’ਚ 44,703 ਸਫ਼ਲ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ ਨੇ ਦੋਸ਼ ਲਾਇਆ ਕਿ ਕਾਂਗਰਸ ਦਾ ਨਾਂਹ-ਪੱਖੀ ਰਵੱਈਆ ਹੈ ਅਤੇ ਉਹ ਸੰਸਦ ਦੀ ਨਵੀਂ ਇਮਾਰਤ ਦੇ ਉਦਘਾਟਨ ਦਾ ਬਾਈਕਾਟ ਕਰਕੇ ਸਿਆਸਤ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਇਹ ਦਲੀਲ ਦੇ ਰਹੀ ਹੈ ਕਿ ਰਾਸ਼ਟਰਪਤੀ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨਾ ਚਾਹੀਦਾ ਹੈ। ਸ਼ਾਹ ਨੇ ਕਿਹਾ,‘‘ਨਰਿੰਦਰ ਮੋਦੀ 300 ਤੋਂ ਜ਼ਿਆਦਾ ਸੀਟਾਂ ਜਿੱਤ ਕੇ ਅਗਲੇ ਵਰ੍ਹੇ ਮੁੜ ਪ੍ਰਧਾਨ ਮੰਤਰੀ ਬਣਨਗੇ। ਕਾਂਗਰਸ ਨੇ ਵਿਰੋਧੀ ਧਿਰ ਦਾ ਦਰਜਾ ਗੁਆ ਲਿਆ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਅਤੇ ਵਿਰੋਧੀ ਧਿਰਾਂ ਦੇ ਸ਼ਾਸਨ ਵਾਲੇ ਸੂਬਿਆਂ ’ਚ ਕਈ ਮੌਕਿਆਂ ’ਤੇ ਨਵੀਆਂ ਵਿਧਾਨ ਸਭਾਵਾਂ ਦੀਆਂ ਇਮਾਰਤਾਂ ਦਾ ਉਦਘਾਟਨ ਰਾਜਪਾਲਾਂ ਦੀ ਥਾਂ ’ਤੇ ਮੁੱਖ ਮੰਤਰੀਆਂ ਅਤੇ ਸੋਨੀਆ ਤੇ ਰਾਹੁਲ ਗਾਂਧੀ ਵਰਗੇ ਕਾਂਗਰਸ ਆਗੂਆਂ ਵੱਲੋਂ ਕੀਤਾ ਗਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਮੰਤਰੀ ਨੂੰ ਸੰਸਦ ਅੰਦਰ ਬੋਲਣ ਨਹੀਂ ਦਿੰਦੀ ਹੈ। ‘ਲੋਕਾਂ ਨੇ ਮੋਦੀ ਨੂੰ ਬੋਲਣ ਦਾ ਫ਼ਤਵਾ ਦਿੱਤਾ ਹੈ। ਪ੍ਰਧਾਨ ਮੰਤਰੀ ਦਾ ਆਦਰ ਨਾ ਕਰਨਾ ਲੋਕਾਂ ਦੇ ਫ਼ਤਵੇ ਦਾ ਅਪਮਾਨ ਕਰਨ ਦੇ ਤੁਲ ਹੈ।’ ਸ਼ਾਹ ਨੇ ਕਿਹਾ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਸਾਮ ’ਚ ਇਕ ਲੱਖ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਢਾਈ ਸਾਲ ਦੇ ਅੰਦਰ ਹੀ 86 ਹਜ਼ਾਰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਜਦਕਿ ਬਾਕੀ ਰਹਿੰਦੀਆਂ ਨੌਕਰੀਆਂ ਅਗਲੇ ਛੇ ਮਹੀਨਿਆਂ ’ਚ ਦੇ ਦਿੱਤੀਆਂ ਜਾਣਗੀਆਂ।