ਪੰਜਾਬੀ ’ਵਰਸਿਟੀ ਪ੍ਰੀਖਿਆ ਸ਼ਾਖਾ ’ਚ ਅੱਗ ਲੱਗਣ ਕਾਰਨ ਰਿਕਾਰਡ ਸੜਿਆ

ਪੰਜਾਬੀ ’ਵਰਸਿਟੀ ਪ੍ਰੀਖਿਆ ਸ਼ਾਖਾ ’ਚ ਅੱਗ ਲੱਗਣ ਕਾਰਨ ਰਿਕਾਰਡ ਸੜਿਆ

ਦੇਵੀਗੜ੍ਹ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੀਖਿਆ ਸ਼ਾਖਾ ਨੂੰ ਅੱਜ ਸਵੇਰੇ ਸੱਤ ਵਜੇ ਅੱਗ ਲੱਗ ਗਈ, ਜਿਸ ਕਾਰਨ ਅਹਿਮ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਪ੍ਰੀਖਿਆ ਸ਼ਾਖਾ ਵਿਚ ਅੱਜ ਸਵੇਰੇ ਧੂੰਆਂ ਨਿਕਲਣ ਤੋਂ ਕੁਝ ਸਮੇਂ ਬਾਅਦ ਪ੍ਰੀਖਿਆ ਸ਼ਾਖਾ ਨੂੰ ਅੱਗ ਦੀਆਂ ਲਾਟਾਂ ਨੇ ਘੇਰ ਲਿਆ। ਇਹ ਅੱਗ ਪ੍ਰੀਖਿਆ ਸ਼ਾਖਾ ਦੀ ਦੂਜੀ ਮੰਜ਼ਿਲ ਵਿਚ ਲੱਗੀ ਦੱਸੀ ਜਾ ਰਹੀ ਹੈ ਜਿਸ ਮੰਜ਼ਿਲ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲਿਆ ਹੈ ਉਸ ਵਿੱਚ ਡੇਟਸ਼ੀਟ, ਪ੍ਰੈਕਟੀਕਲ, ਬੀ ਐੱਡ ਵਿਭਾਗ ਨਾਲ ਸਬੰਧਤ ਰਿਕਾਰਡ ਰੱਖਿਆ ਹੋਇਆ ਸੀ। ਅੱਗ ਲੱਗਣ ਦਾ ਕਾਰਨ ਸ਼ੁਰੂਆਤੀ ਤੌਰ ’ਤੇ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਬੁਝਾਊ ਦਸਤੇ ਨੇ ਭਾਰੀ ਮੁਸ਼ੱਕਤ ਤੇ ਤਿੰਨ ਘੰਟਿਆਂ ਦੀ ਜੱਦੋਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਦਾ ਫੈਲਾਅ ਜ਼ਿਆਦਾ ਹੋਣ ਕਾਰਨ ਅਤੇ ਸਬੰਧਤ ਥਾਂ ਉੱਤੇ ਅਹਿਮ ਦਸਤਾਵੇਜ਼ ਪਏ ਹੋਣ ਕਾਰਨ ਅੱਗ ਬੁਝਾਉਣ ਵਿੱਚ ਖਾਸੀ ਦਿੱਕਤ ਆਈ। ਅੱਗ ਲੱਗਣ ਕਾਰਨ ਏਸੀ, ਕੰਪਿਊਟਰ, ਫੋਟੋਸਟੇਟ ਮਸ਼ੀਨ ਤੋਂ ਇਲਾਵਾ ਜ਼ਰੂਰੀ ਰਿਕਾਰਡ ਨੁਕਸਾਨਿਆ ਗਿਆ। ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਨਵਜੋਤ ਕੌਰ ਨੇ ਦੱਸਿਆ ਕਿ ਅੱਗ ਲੱਗਣ ਨਾਲ ਤਿੰਨ ਕਮਰੇ ਨੁਕਸਾਨੇ ਗਏ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਇਸ ਮਾਮਲੇ ਵਿੱਚ ਦੋ ਕਮੇਟੀਆਂ ਸਥਾਪਿਤ ਕਰ ਦਿੱਤੀਆਂ ਗਈਆਂ ਹਨ। ਪਹਿਲੀ ਕਮੇਟੀ ਇਸ ਅੱਗ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਵੇਗੀ ਜਿਸ ਵਿੱਚ ਸਬੰਧਤ ਇਮਾਰਤ ਨੂੰ ਹੋਏ ਨੁਕਸਾਨ, ਨੁਕਸਾਨੇ ਗਏ ਦਸਤਾਵੇਜ਼ ਅਤੇ ਨੁਕਸਾਨੇ ਗਏ ਸਮਾਨ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇਗੀ। ਦੂਜੀ ਕਮੇਟੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰੇਗੀ। ਇਸ ਕਮੇਟੀ ਵਿੱਚ ਫ਼ੋਰੈਂਸਿਕ ਵਿਗਿਆਨ ਤੋਂ ਮਾਹਿਰ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਵਿਭਾਗ ਵੱਲੋਂ ਵੱਖਰੇ ਤੌਰ ’ਤੇ ਘਟਨਾ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ।