ਕੇਂਦਰ ਵੱਲੋਂ ਭਗਵੰਤ ਮਾਨ ਨੂੰ ‘ਜ਼ੈੱਡ ਪਲੱਸ’ ਸੁਰੱਖਿਆ

ਕੇਂਦਰ ਵੱਲੋਂ ਭਗਵੰਤ ਮਾਨ ਨੂੰ ‘ਜ਼ੈੱਡ ਪਲੱਸ’ ਸੁਰੱਖਿਆ

ਦੇਸ਼ ਅਤੇ ਵਿਦੇਸ਼ ਤੋਂ ਖਤਰੇ ਦੇ ਮੱਦੇਨਜ਼ਰ ਮੁੱਖ ਮੰਤਰੀ ਦੀ ਸੁਰੱਖਿਆ ਵਧਾਈ
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਦੇਸ਼ ਤੇ ਵਿਦੇਸ਼ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਸ਼ ਤੇ ਵਿਦੇਸ਼ ਤੋਂ ਸੰਭਾਵੀ ਖਤਰੇ ਨੂੰ ਦੇਖਦਿਆਂ ਉਨ੍ਹਾਂ ਨੂੰ ‘ਜ਼ੈੱਡ ਪਲੱਸ’ ਸੁਰੱਖਿਆ ਦਿੱਤੀ ਹੈ। ਇਹ ਜਾਣਕਾਰੀ ਅਧਿਕਾਰਤ ਸੂਤਰਾਂ ਨੇ ਦਿੱਤੀ।
ਸੂਤਰਾਂ ਨੇ ਦੱਸਿਆ ਕਿ 49 ਸਾਲਾ ਭਗਵੰਤ ਮਾਨ ਨੂੰ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐੱਫ) ਦੇ ਵੀਆਈਪੀ ਸੁਰੱਖਿਆ ਦਸਤੇ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਭਗਵੰਤ ਮਾਨ ਨੂੰ ਪੂਰੇ ਭਾਰਤ ’ਚ ਸਿਖਰਲੀ ਸ਼੍ਰੇਣੀ ਦੀ ‘ਜ਼ੈੱਡ ਪਲੱਸ ਸੁਰੱਖਿਆ ਦਿੱਤੀ ਜਾਵੇਗੀ ਅਤੇ ਗ੍ਰਹਿ ਮੰਤਰਾਲੇ ਨੇ ਹਾਲ ਹੀ ਵਿੱਚ ਇਸ ਦੀ ਮਨਜ਼ੂਰੀ ਦਿੱਤੀ ਹੈ।’ ਉਨ੍ਹਾਂ ਦੱਸਿਆ ਕਿ ਸੀਆਰਪੀਐੱਫ ਜਲਦੀ ਹੀ ਭਗਵੰਤ ਮਾਨ ਦੀ ਸੁਰੱਖਿਆ ਦਾ ਜ਼ਿੰਮਾ ਸੰਭਾਲੇਗੀ ਅਤੇ ਇਸ ਲਈ 55 ਹਥਿਆਰਬੰਦ ਜਵਾਨਾਂ ਦੀ ਟੀਮ ਭੇਜੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਪੁਲੀਸ ਦੀ ਸੁਰੱਖਿਆ ਤੋਂ ਇਲਾਵਾ ਦਿੱਤੀ ਗਈ ‘ਜ਼ੈੱਡ ਪਲੱਸ’ ਸੁਰੱਖਿਆ ਮੁੱਖ ਮੰਤਰੀ ਦੀ ਰਿਹਾਇਸ਼ ਤੇ ਉਨ੍ਹਾਂ ਦੇ ਪਰਿਵਾਰ ਦੇ ਨੇੜਲੇ ਮੈਂਬਰਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਹੱਦੀ ਸੂਬੇ ’ਚ ਖਾਲਿਸਤਾਨੀ ਗਤੀਵਿਧੀਆਂ ਕਾਰਨ ਮੁੱਖ ਮੰਤਰੀ ਨੂੰ ਖਤਰੇ ਦੇ ਖਦਸ਼ੇ ਨੂੰ ਦੇਖਦਿਆਂ ਕੇਂਦਰੀ ਏਜੰਸੀਆਂ ਤੇ ਸੁਰੱਖਿਆ ਏਜੰਸੀਆਂ ਨੇ ਭਗਵੰਤ ਮਾਨ ਨੂੰ ‘ਜ਼ੈੱਡ ਪਲੱਸ’ ਸੁਰੱਖਿਆ ਦੇਣ ਦੀ ਸਿਫਾਰਸ਼ ਕੀਤੀ ਹੈ।

ਖਿਡਾਰੀ ਕਾਂਡ ਬਾਰੇ 31 ਤੱਕ ਜਾਣਕਾਰੀ ਦੇਣ ਚੰਨੀ: ਮਾਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ 31 ਮਈ ਨੂੰ ਬਾਅਦ ਦੁਪਹਿਰ 2 ਵਜੇ ਤੱਕ ਆਪਣੇ ਭਤੀਜੇ/ਭਾਣਜੇ ਵੱਲੋਂ ਖਿਡਾਰੀ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਨਹੀਂ ਤਾਂ ਉਹ ਇਸ ਮਾਮਲੇ ਸਬੰਧੀ ਫੋਟੋਆਂ, ਨਾਮ ਤੇ ਮਿਲਣ ਵਾਲੀ ਥਾਂ ਸਣੇ ਸਾਰੀ ਜਾਣਕਾਰੀ ਜਨਤਕ ਕਰਨਗੇ। ਇਸ ਗੱਲ ਮੁੱਖ ਮੰਤਰੀ ਨੇ ਅੱਜ ਟਵੀਟ ਕਰਕੇ ਕਹੀ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, ‘‘ਮਾਣਯੋਗ ਚਰਨਜੀਤ ਚੰਨੀ ਜੀ ਤੁਹਾਨੂੰ 31 ਮਈ 2 ਵਜੇ ਤੱਕ ਆਪਣੇ ਭਤੀਜੇ-ਭਾਣਜੇ ਵੱਲੋਂ ਖਿਡਾਰੀਆਂ ਤੋਂ ਨੌਕਰੀ ਬਦਲੇ ਰਿਸ਼ਵਤ ਮੰਗਣ ਬਾਰੇ ਸਾਰੀ ਜਾਣਕਾਰੀ ਜਨਤਕ ਕਰਨ ਦਾ ਮੌਕਾ ਦਿੰਦਾ ਹਾਂ। ਨਹੀਂ ਫਿਰ 31 ਮਈ ਦੁਪਹਿਰ 2 ਵਜੇ ਮੈਂ ਫੋਟੋਆਂ, ਨਾਮ ਤੇ ਮਿਲਣ ਵਾਲੀ ਥਾਂ ਸਮੇਤ ਸਭ ਕੁਝ ਪੰਜਾਬੀਆਂ ਸਾਹਮਣੇ ਰੱਖਾਂਗਾ।’’ ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਲੰਘੇ ਸੋਮਵਾਰ ਨੂੰ ਜ਼ਿਲ੍ਹਾ ਸੰਗਰੂਰ ’ਚ ਇਕ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਚੰਨੀ ਦੇ ਰਿਸ਼ਤੇਦਾਰਾਂ ਵੱਲੋਂ ਇੱਕ ਖਿਡਾਰੀ ਨੂੰ ਨੌਕਰੀ ਦਿਵਾਉਣ ਬਦਲੇ ਕਥਿਤ ਰਿਸ਼ਵਤ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਇਕ ਖਿਡਾਰੀ ਨੇ ਤਤਕਾਲੀ ਮੁੱਖ ਮੰਤਰੀ ਨਾਲ ਖੇਡ ਕੋਟੇ ਤਹਿਤ ਨੌਕਰੀ ਲੈਣ ਲਈ ਸੰਪਰਕ ਕੀਤਾ ਸੀ। ਚੰਨੀ ਨੇ ਉਸ ਨੂੰ ਆਪਣੇ ਭਤੀਜੇ ਨੂੰ ਮਿਲਣ ਲਈ ਕਹਿ ਦਿੱਤਾ ਸੀ, ਜਿਸ ਨੇ ਖਿਡਾਰੀ ਤੋਂ ਨੌਕਰੀ ਲਈ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ।

ਜੇਕਰ ਸਬੂਤ ਹਨ ਤਾਂ ਕਾਰਵਾਈ ਕਰੋ: ਚੰਨੀ
ਮੋਰਿੰਡਾ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਅਲਟੀਮੇਟਮ ਮਗਰੋਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਸਬੂਤ ਹਨ ਤਾਂ ਉਹ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਸਲ ਮੁੱਦਿਆਂ ਤੋਂ ਸੂਬੇ ਦੇ ਲੋਕਾਂ ਦਾ ਧਿਆਨ ਭਟਕਾਉਣ ਲਈ ਉਨ੍ਹਾਂ ਵਿਰੁੱਧ ਝੂਠੇ ਅਤੇ ਬੇਬੁਨਿਆਦ ਦੋਸ਼ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਆਪਣੀ ਮੋਰਿੰਡਾ ਸਥਿਤ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕੈਬਨਿਟ ਮੰਤਰੀ ਰਹਿੰਦਿਆਂ ਤੇ ਮੁੱਖ ਮੰਤਰੀ ਬਣਨ ਮਗਰੋਂ ਖਿਡਾਰੀਆਂ ਸਮੇਤ ਕਈ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਪਰ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ। ਸ੍ਰੀ ਚੰਨੀ ਨੇ ਕਿਹਾ, ‘ਮੁੱਖ ਮੰਤਰੀ ਸਾਹਿਬ ਤੁਸੀਂ 31 ਮਈ ਦੀ ਉਡੀਕ ਨਾ ਕਰੋ ਜੇਕਰ ਤੁਹਾਡੇ ਕੋਲ ਸਬੂਤ ਹਨ ਤਾਂ ਬਣਦੀ ਕਾਰਵਾਈ ਕਰੋ।’ ਉਨ੍ਹਾਂ ਕਿਹਾ ਕਿ ਉਨ੍ਹਾਂ ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜਾਬ ਦੇ ਲੋਕਾਂ ਕੋਲ ਅਪਣਾ ਪੱਖ ਰੱਖ ਦਿੱਤਾ ਸੀ ਜਿਸ ’ਤੇ ਉਹ ਅੱਜ ਵੀ ਕਾਇਮ ਹਨ। ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ।