ਪਰਿਵਾਰਵਾਦ ਦੀ ਸਿਆਸਤ ਨੇ ਤਰੱਕੀ ਰੋਕੀ: ਮੋਦੀ

ਪਰਿਵਾਰਵਾਦ ਦੀ ਸਿਆਸਤ ਨੇ ਤਰੱਕੀ ਰੋਕੀ: ਮੋਦੀ

ਉੱਤਰਾਖੰਡ ਲਈ ਪਹਿਲੀ ਦਿੱਲੀ-ਦੇਹਰਾਦੂਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਵਰਚੁਅਲੀ ਝੰਡੀ ਦਿੱਤੀ
ਨਵੀਂ ਦਿੱਲੀ/ਦੇਹਰਾਦੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜਿਨ੍ਹਾਂ ਪਾਰਟੀਆਂ ਨੇ ਲੰਮਾ ਸਮਾਂ ਦੇਸ਼ ’ਤੇ ਰਾਜ ਕੀਤਾ ਤੇ ਜਿਹੜੀਆਂ ਹਾਈ-ਸਪੀਡ ਰੇਲਗੱਡੀਆਂ ਲਿਆਉਣ ਦੇ ਵੱਡੇ ਦਾਅਵੇ ਕਰਦੀਆਂ ਹਨ, ਅਜੇ ਤੱਕ ਪਰਿਵਾਰਵਾਦ ਦੀ ਸਿਆਸਤ ਦੀਆਂ ਬੰਦਿਸ਼ਾਂ ’ਚੋਂ ਬਾਹਰ ਨਹੀਂ ਨਿਕਲ ਸਕੀਆਂ। ਸ੍ਰੀ ਮੋਦੀ ਉੱਤਰਾਖੰਡ ਲਈ ਪਹਿਲੀ ਦਿੱਲੀ-ਦੇਹਰਾਦੂਨ ਵੰਦੇ ਭਾਰਤ ਐਕਸਪ੍ਰੈੱਸ ਨੂੰ ਵਰਚੁਅਲੀ ਹਰੀ ਝੰਡੀ ਦੇਣ ਮੌਕੇ ਬੋਲ ਰਹੇ ਸਨ।

ਸ੍ਰੀ ਮੋਦੀ ਨੇ ਕਿਹਾ, ‘‘21ਵੀਂ ਸਦੀ ਦਾ ਭਾਰਤ ਆਪਣੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਕਰਕੇ ਹੋਰ ਤੇਜ਼ੀ ਨਾਲ ਖ਼ੁਸ਼ਹਾਲ ਬਣ ਸਕਦਾ ਹੈ। ਪਰ ਸੱਤਾ ਵਿੱਚ ਲੰਮਾ ਸਮਾਂ ਰਹੀਆਂ ਪਾਰਟੀਆਂ ਨੇ ਪਹਿਲਾਂ ਇਸ ਦਾ ਅਹਿਸਾਸ ਨਹੀਂ ਕੀਤਾ। ਉਨ੍ਹਾਂ ਦਾ ਸਾਰਾ ਧਿਆਨ ਘੁਟਾਲਿਆਂ ਤੇ ਭ੍ਰਿਸ਼ਟਾਚਾਰ ਵਿੱਚ ਰਿਹਾ। ਉਹ ਪਰਿਵਾਰਵਾਦ ਦੀ ਸਿਆਸਤ ਦੀਆਂ ਬੰਦਿਸ਼ਾਂ ’ਚੋਂ ਬਾਹਰ ਨਹੀਂ ਨਿਕਲ ਸਕੀਆਂ। ਉਨ੍ਹਾਂ ਹਾਈ-ਸਪੀਡ ਰੇਲਗੱਡੀਆਂ ਬਾਰੇ ਵੱਡੇ ਵੱਡੇ ਦਾਅਵੇ ਵੀ ਕੀਤੇ, ਪਰ ਸਾਲ ਲੰਘਦੇ ਗਏ ਤੇ ਕੁਝ ਨਹੀਂ ਹੋਇਆ।’’ ਉਨ੍ਹਾਂ ਕਿਹਾ ਕਿ ਪਹਿਲੀ ਵਾਰ ਦੇਸ਼ ਵਿੱਚ ਅਜਿਹੀ ਸਰਕਾਰ ਹੈ ਜਿਸ ਦੀ ‘ਨੀਯਤ’, ‘ਨੀਤੀ’ ਤੇ ‘ਨਿਸ਼ਠਾ’ ਵਿਕਾਸ ਦਾ ਟੀਚਾ ਹਾਸਲ ਕਰਨ ਦੀ ਹੈ। ਸ੍ਰੀ ਮੋਦੀ ਨੇ 2022 ਵਿੱਚ ਕੇਦਾਰਨਾਥ ’ਚ ਕੀਤੀ ਟਿੱਪਣੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਇਹ ਦਹਾਕਾ ਉੱਤਰਾਖੰਡ ਦਾ ਹੈ, ਨੂੰ ਯਾਦ ਕਰਦਿਆਂ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਅਤੇ ਬਹੁਤ ਸਾਰੇ ਸੜਕੀ, ਰੇਲ ਤੇ ਰੋਪਵੇਅ ਬੁਨਿਆਦੀ ਢਾਂਚਾ ਪ੍ਰਾਜੈਕਟ ਸੂਬੇ ਨੂੰ ਉਸੇ ਦਿਸ਼ਾ ’ਚ ਲਿਜਾ ਰਹੇ ਹਨ। ਸ੍ਰੀ ਮੋਦੀ ਨੇ ਚਾਰ ਧਾਮ ਯਾਤਰਾ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੰਦੇ ਭਾਰਤ ਐਕਸਪ੍ਰੈੱਸ ਨੂੰ ਉੱਤਰਾਖੰਡ ਦੇ ਲੋਕਾਂ ਲਈ ਵੱਡਾ ਤੋਹਫ਼ਾ ਦਸਦਿਆਂ ਕਿਹਾ ਕਿ ਇਸ ਤੋਂ ਪ੍ਰਧਾਨ ਮੰਤਰੀ ਦਾ ਉਨ੍ਹਾਂ ਪ੍ਰਤੀ ਪਿਆਰ ਝਲਕਦਾ ਹੈ।

ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਤਿੰਨ ਮੁਲਕੀ ਫੇਰੀ ਮੁਕੰਮਲ ਕਰਨ ਮਗਰੋਂ ਇਥੇ ਪਾਲਮ ਹਵਾਈ ਅੱਡੇ ਦੇ ਬਾਹਰ ਜੁੜੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫੇਰੀ ਦੌਰਾਨ ਹਰ ਕਿਸੇ ਨੇ ਉਨ੍ਹਾਂ ਨੂੰ ਭਾਰਤ ਦੇ ਪ੍ਰਤੀਨਿਧ ਵਜੋਂ ਸਤਿਕਾਰ ਦਿੱਤਾ ਅਤੇ ਇਹ ਮੋਦੀ ਦੀ ਵਡਿਆਈ ਬਾਰੇ ਨਹੀਂ ਬਲਕਿ ਭਾਰਤ ਦੀ ਤਾਕਤ ਬਾਰੇ ਸੀ। ਉਨ੍ਹਾਂ ਕਿਹਾ ਕਿ ਸਿਡਨੀ ਵਿੱਚ ਭਾਰਤੀ ਭਾਈਚਾਰੇ ਦੇ ਸਮਾਗਮ ਵਿੱਚ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਤੇ ਸੱਤਾਧਾਰੀ ਪਾਰਟੀ ਦੇ ਮੈਂਬਰਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰਾਂ ਦੇ ਮੈਂਬਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਹ ਜਮਹੂਰੀਅਤ ਦੀ ਖੂਬਸੂਰਤੀ ਸੀ ਕਿ ਉਥੇ ਹਰ ਕੋਈ ਮੌਜੂਦ ਸੀ। ਕਾਂਗਰਸ ਸਣੇ ਹੋਰਨਾਂ ਵਿਰੋਧੀ ਧਿਰਾਂ ਵੱਲੋਂ ਦਿੱਤੇ ਬਾਈਕਾਟ ਦੇ ਸੱਦੇ ਦਰਮਿਆਨ ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਬਹੁਤ ਅਹਿਮ ਹਨ। ਸ੍ਰੀ ਮੋਦੀ ਨੇ ਹਾਲਾਂਕਿ ਆਪਣੀ ਤਕਰੀਰ ’ਚ ਬਾਈਕਾਟ ਦੇ ਸੱਦੇ ਦਾ ਕੋਈ ਸਿੱਧਾ ਜ਼ਿਕਰ ਨਹੀਂ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਕੁੱਲ ਆਲਮ ਇਕ ਵੱਡੀ ਆਸ ਨਾਲ ਭਾਰਤ ਵੱਲ ਵੇਖ ਰਿਹਾ ਹੈ। ਉਨ੍ਹਾਂ ਕਿਹਾ, ‘‘ਜਿਸ ਤਰੀਕੇ ਅਸੀਂ ਆਪਣੇ ਅਰਥਚਾਰੇ ਨੂੰ ਮਜ਼ਬੂਤ ਕੀਤਾ ਹੈ, ਗਰੀਬੀ ਨਾਲ ਲੜੇ ਹਾਂ ਤੇ ਕੋਵਿਡ-19 ਚੁਣੌਤੀਆਂ ਦਾ ਸਾਹਮਣਾ ਕੀਤਾ ਹੈ…ਉਸ ਨਾਲ ਕੁੱਲ ਆਲਮ ਦਾ ਭਾਰਤ ਵਿੱਚ ਭਰੋਸਾ ਵਧਿਆ ਹੈ। ਹੋਰਨਾਂ ਮੁਲਕਾਂ ਦੇ ਲੋਕ ਭਾਰਤ ਆਉਣਾ ਤੇ ਇਸ ਨੂੰ ਸਮਝਣਾ ਚਾਹੁੰਦੇ ਹਨ।’’