ਕਾਰਪੋਰੇਟਾਂ ਦਾ ਪੱਖ ਪੂਰ ਰਹੀ ਹੈ ‘ਆਪ’: ਡੱਲੇਵਾਲ

ਕਾਰਪੋਰੇਟਾਂ ਦਾ ਪੱਖ ਪੂਰ ਰਹੀ ਹੈ ‘ਆਪ’: ਡੱਲੇਵਾਲ

ਬਨੂੜ- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ-ਏਕਤਾ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਇੱਥੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਉਹ ਅੱਜ ਬਨੂੜ ਦੇ ਵਾਰਡ ਨੰਬਰ-12 ਦੀ ਕੰਬੋਜ ਧਰਮਸ਼ਾਲਾ ਵਿੱਚ ਕਿਸਾਨ ਮਿਲਣੀ ਦੌਰਾਨ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨਾਂ ਨੇ ਸੰਘਰਸ਼ ਕਰ ਕੇ ਖੇਤੀ ਕਾਨੂੰਨ ਰੱਦ ਕਰਵਾ ਦਿੱਤੇ ਪਰ ਕੇਂਦਰ ਅਤੇ ਸੂਬਾ ਸਰਕਾਰਾਂ ਹਾਲੇ ਵੀ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਸੱਤ ਸਾਈਲੋ ਮੰਡੀਆਂ ਨੂੰ ਮਨਜ਼ੂਰੀ ਦੇ ਕੇ ਰਾਜ ’ਚ ਕਾਰਪੋਰੇਟ ਘਰਾਣਿਆਂ ਦੀ ਸਿੱਧੀ ਮਦਦ ਕੀਤੀ ਹੈ। ਇਨ੍ਹਾਂ ਸਾਈਲੋ ਮੰਡੀਆਂ ਕਾਰਨ 35 ਸਰਕਾਰੀ ਮੰਡੀਆਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਹੋਰ ਸਾਈਲੋ ਮੰਡੀਆਂ ਲਿਆਉਣ ਦੀ ਵਿਉਂਤਬੰਦੀ ਹੋ ਰਹੀ ਹੈ, ਜਿਸ ਨਾਲ ਸਰਕਾਰੀ ਮੰਡੀਆਂ ਵਿੱਚ ਜਿਣਸ ਦਾ ਆਉਣਾ ਰੁਕ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਕਿਸਾਨ ਵਿਰੋਧੀ ਫ਼ੈਸਲਿਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ। ਡੱਲੇਵਾਲ ਨੇ ਕਿਹਾ ਕਿ ਪਿੰਡਾਂ ਦੇ ਸਰਪੰਚਾਂ ਤੋਂ ਜ਼ਬਰਦਸਤੀ 10-10 ਏਕੜ ਜ਼ਮੀਨ ਨੂੰ 99 ਸਾਲਾਂ ਲਈ ਲੀਜ਼ ’ਤੇ ਦੇਣ ਲਈ ਡੀਡੀਪੀਓ ਅਤੇ ਬੀਡੀਪੀਓ ਰਾਹੀਂ ਮਤੇ ਪਾਸ ਕਰਵਾ ਕੇ ਸਰਕਾਰ ਪੰਚਾਇਤੀ ਜ਼ਮੀਨ ’ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਵਾਉਣਾ ਚਾਹੁੰਦੀ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਇਸ ਦੌਰਾਨ ਕਾਰਸੇਵਾ ਵਾਲੇ ਬਾਬਾ ਦਿਲਬਾਗ ਸਿੰਘ ਨੇ ਕਿਸਾਨ ਆਗੂਆਂ ਦਾ ਸਨਮਾਨ ਕੀਤਾ।