ਆਈਪੀਐੱਲ: ਕੋਹਲੀ ਦੇ ਸੈਂਕੜੇ ਦੇ ਬਾਵਜੂਦ ਆਰਸੀਬੀ ਹਾਰ ਕੇ ਲੀਗ ਤੋਂ ਬਾਹਰ

ਆਈਪੀਐੱਲ: ਕੋਹਲੀ ਦੇ ਸੈਂਕੜੇ ਦੇ ਬਾਵਜੂਦ ਆਰਸੀਬੀ ਹਾਰ ਕੇ ਲੀਗ ਤੋਂ ਬਾਹਰ

ਮੁੰਬਈ ਇੰਡੀਅਨਜ਼ ਪਲੇਅਆਫ ਵਿੱਚ ਪਹੁੰਚਿਆ; ਗੁਜਰਾਤ ਦੇ ਸ਼ੁਭਮਨ ਗਿੱਲ ਨੇ 104 ਦੌੜਾਂ ਬਣਾਈਆਂ; ਕੋਹਲੀ ਨੇ ਆਈਪੀਐੱਲ ਵਿੱਚ ਸਭ ਤੋਂ ਵੱਧ ਸੈਂਕੜੇ ਮਾਰਨ ਦਾ ਰਿਕਾਰਡ ਬਣਾਇਆ

ਬੰਗਲੁਰੂ- ਗੁਜਰਾਤ ਟਾਈਟਨਜ਼ ਨੇ ਅੱਜ ਸ਼ੁਭਮਨ ਗਿੱਲ ਦੀ ਧੂੰਆਂਧਾਰ ਬੱਲੇਬਾਜ਼ੀ ਦੇ ਜ਼ੋਰ ’ਤੇ ਰੌਇਲਜ ਚੈਲੰਜਰਜ਼ ਬੰਗਲੌਰ ਦੀ ਟੀਮ ਨੂੰ ਉਸੇ ਦੇ ਮੈਦਾਨ ’ਤੇ ਛੇ ਵਿਕਟਾਂ ਨਾਲ ਹਰਾ ਦਿੱਤਾ। ਇਸ ਦੌਰਾਨ ਗੁਜਰਾਤ ਟਾਈਟਨਜ਼ ਨੇ ਸ਼ੁਭਮਨ ਗਿੱਲ ਦੀਆਂ 104 ਦੌੜਾਂ ਦੀ ਮਦਦ ਨਾਲ ਆਰਸੀਬੀ ਵੱਲੋਂ ਦਿੱਤਾ 197 ਦੌੜਾਂ ਦਾ ਟੀਚਾ ਹਾਸਲ ਕਰਨ ਮਗਰੋਂ 198 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਹਾਰ ਤੋਂ ਬਾਅਦ ਰੌਇਲਜ ਚੈਲੰਜਰਜ਼ ਬੰਗਲੁਰੂ ਇਸ ਲੀਗ ਤੋਂ ਬਾਹਰ ਹੋ ਗਿਆ ਜਦਕਿ ਮੁੰਬਈ ਇੰਡੀਅਨਜ਼ ਦੀ ਟੀਮ ਪਲੇਅਆਫ ਵਿੱਚ ਪਹੁੰਚ ਗਈ। ਇਸ ਤੋਂ ਪਹਿਲਾਂ ਅੱਜ ਇਕ ਹੋਰ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਹੈਦਰਾਬਾਦ ਸਨਰਾਈਜ਼ਰਜ਼ ਨੂੰ ਹਰਾ ਕੇ ਪਲੇਅਆਫ ਵਿੱਚ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਸੀ।

ਗੁਜਰਾਤ ਟਾਈਟਨਜ਼ ਨਾਲ ਅੱਜ ਦੇ ਮੈਚ ਦੌਰਾਨ ਬਿਹਤਰੀਨ ਫਾਰਮ ’ਚ ਚੱਲ ਰਹੇ ਵਿਰਾਟ ਕੋਹਲੀ ਨੇ ਆਈਪੀਐੱਲ ਵਿੱਚ ਆਪਣਾ ਲਗਾਤਾਰ ਦੂਜਾ ਤੇ ਕੁੱਲ ਸੱਤਵਾਂ ਸੈਂਕੜਾ ਬਣਾਇਆ ਜਿਸ ਨਾਲ ਰੌਇਲ ਚੈਲੰਜਰਜ਼ ਬੰਗਲੌਰ ਨੇ ਦੂਜੇ ਪਾਸੇ ਤੋਂ ਵਿਕਟਾਂ ਡਿੱਗਣ ਦੇ ਬਾਵਜੂਦ ਗੁਜਰਾਤ ਟਾਈਟਨਜ਼ ਖ਼ਿਲਾਫ਼ ਪੰਜ ਵਿਕਟਾਂ ’ਤੇ 197 ਦੌੜਾਂ ਬਣਾਈਆਂ ਸਨ। ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਪਿਛਲੇ ਮੈਚ ’ਚ ਸੈਂਕੜਾ ਮਾਰਨ ਵਾਲੇ ਕੋਹਲੀ ਨੇ 61 ਗੇਂਦਾਂ ’ਤੇ ਨਾਬਾਦ 101 ਦੌੜਾਂ ਬਣਾਈਆਂ। ਇਸ ਨਾਲ ਉਸ ਨੇ ਕ੍ਰਿਸ ਗੇਲ ਨੂੰ ਪਿੱਛੇ ਛੱਡ ਕੇ ਆਈਪੀਐੱਲ ਵਿੱਚ ਸਭ ਤੋਂ ਵੱਧ ਸੈਂਕੜੇ ਮਾਰਨ ਦਾ ਰਿਕਾਰਡ ਵੀ ਬਣਾਇਆ। ਉਹ ਇਸ ਟੀ20 ਲੀਗ ਵਿੱਚ ਲਗਾਤਾਰ ਮੈਚਾਂ ’ਚ ਸੈਂਕੜੇ ਬਣਾਉਣ ਵਾਲਾ ਤੀਜਾ ਬੱਲੇਬਾਜ਼ ਬਣ ਗਿਆ ਹੈ। ਫਾਫ ਡੁ ਪਲੇਸਿਸ ਨੇ 19 ਗੇਂਦਾਂ ’ਤੇ 28 ਦੌੜਾਂ ਬਣਾਈਆਂ ਜਦਕਿ ਗਲੇਨ ਮੈਕਸਵੈੱਲ ਨੇ 11 ਦੌੜਾਂ ਬਣਾਈਆਂ।