ਭਾਜਪਾ ਨੇ ਦੇਸ਼ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ ’ਚੋਂ ਪਹਿਲਾ ਪ੍ਰਧਾਨ ਮੰਤਰੀ ਦਿੱਤਾ: ਸ਼ਾਹ

ਭਾਜਪਾ ਨੇ ਦੇਸ਼ ਨੂੰ ਹੋਰ ਪੱਛੜੀਆਂ ਸ਼੍ਰੇਣੀਆਂ ’ਚੋਂ ਪਹਿਲਾ ਪ੍ਰਧਾਨ ਮੰਤਰੀ ਦਿੱਤਾ: ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਨੇ ਕਾਂਗਰਸ ’ਤੇ ਓਬੀਸੀਜ਼ ਦਾ ਅਪਮਾਨ ਅਤੇ ਅਣਗੌਲਿਆਂ ਕਰਨ ਦੇ ਦੋਸ਼ ਲਗਾਏ
ਅਹਿਮਦਾਬਾਦ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦੋਸ਼ ਲਗਾਇਆ ਕਿ ਕੇਂਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਵੇਲੇ ਕਾਂਗਰਸ ਨੇ ਹੋਰ ਪੱਛੜੀਆਂ ਸ਼੍ਰੇਣੀਆਂ ਨੂੰ ਤੰਗ-ਪ੍ਰੇਸ਼ਾਨ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਭਾਜਪਾ ਸੀ ਜਿਸ ਨੇ ਨਰਿੰਦਰ ਮੋਦੀ ਦੇ ਰੂਪ ਵਿੱਚ ਦੇਸ਼ ਨੂੰ ਇਸ ਭਾਈਚਾਰੇ ’ਚੋਂ ਪਹਿਲਾ ਪ੍ਰਧਾਨ ਮੰਤਰੀ ਦਿੱਤਾ।

ਇੱਥੇ ਮੋਦੀ ਭਾਈਚਾਰੇ ਦੇ ਇਕ ਕੌਮੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਹੋਰ ਪੱਛੜੀਆਂ ਸ਼੍ਰੇਣੀਆਂ ਨੂੰ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਦਿਵਾਇਆ ਅਤੇ ਦੇਸ਼ ਦੇ ਗਰੀਬ ਨਾਗਰਿਕਾਂ ਦਾ ਦਰਦ ਸਮਝਿਆ ਕਿਉਂਕਿ ਉਹ ਖ਼ੁਦ ਅਜਿਹੇ ਪਰਿਵਾਰ ਵਿੱਚ ਪੈਦਾ ਹੋਏ ਸਨ। ਮੋਦੀ ਉਪ ਨਾਮ ਬਾਰੇ ਕੀਤੀ ਟਿੱਪਣੀ ਸਬੰਧੀ 2019 ਦੇ ਅਪਰਾਧਿਕ ਮਾਣਹਾਨੀ ਕੇਸ ’ਚ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਦੋਸ਼ੀ ਪਾਏ ਜਾਣੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਿਸੇ ਇਕ ਦਾ ਅਪਮਾਨ ਕਰਦਾ ਹੈ ਤਾਂ ਇਹ ਕੋਈ ਵੱਡੀ ਗੱਲ ਨਹੀਂ ਪਰ ਜੇਕਰ ਕੋਈ ਸਮੁੱਚੇ ਭਾਈਚਾਰੇ ਅਤੇ ਪ੍ਰਧਾਨ ਮੰਤਰੀ ਦਾ ਅਪਮਾਨ ਕਰਦਾ ਹੈ ਤਾਂ ਇਹ ਸਾਰੇ ਦੇਸ਼ ਦਾ ਅਪਮਾਨ ਹੈ।

ਸ੍ਰੀ ਸ਼ਾਹ ਨੇ ਕਿਹਾ, ‘‘ਕੇਂਦਰ ਵਿੱਚ ਆਪਣੀ ਸਰਕਾਰ ਹੋਣ ਸਮੇਂ ਕਾਂਗਰਸ ਨੇ ਹੋਰ ਪੱਛੜੀਆਂ ਸ਼੍ਰੇਣੀਆਂ ਨੂੰ ਸਿਰਫ਼ ਅਣਗੌਲਿਆਂ ਤੇ ਤੰਗ-ਪ੍ਰੇਸ਼ਾਨ ਕੀਤਾ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਹੈ। ਜਿਵੇਂ ਹੀ ਭਾਜਪਾ ਸੱਤਾ ਵਿੱਚ ਆਈ ਪ੍ਰਧਾਨ ਮੰਤਰੀ ਨੇ ਹੋਰ ਪੱਛੜੀਆਂ ਸ਼੍ਰੇਣੀਆਂ ਨੂੰ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਦਿੱਤਾ ਅਤੇ ਇਹ ਭਾਜਪਾ ਹੀ ਸੀ ਜਿਸ ਨੇ ਦੇਸ਼ ਨੂੰ ਮੋਦੀ ਦੇ ਰੂਪ ਵਿੱਚ ਹੋਰ ਪੱਛੜੀਆਂ ਸ਼੍ਰੇਣੀਆਂ ’ਚੋਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਦਿੱਤਾ।

ਉਨ੍ਹਾਂ ਮੋਦੀ ਭਾਈਚਾਰੇ ਦੇ ਮੈਂਬਰਾਂ ਨੂੰ ਦੱਸਿਆ ਕਿ ਭਾਜਪਾ ਨੇ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਕਈ ਮੁੱਖ ਮੰਤਰੀ ਦਿੱਤੇ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੱਛੜੀਆਂ ਸ਼੍ਰੇਣੀਆਂ ਲਈ ਕੇਂਦਰੀ ਤੇ ਨਵੋਦਿਆ ਵਿਦਿਆਲਿਆ ਸਕੂਲਾਂ, ਕੌਮੀ ਯੋਗਤਾ-ਕਮ-ਦਾਖਲਾ ਪ੍ਰੀਖਿਆ (ਨੀਟ) ’ਚ ਰਾਖਵਾਂਕਰਨ ਸ਼ੁਰੂ ਕੀਤਾ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਉੱਦਮੀਆਂ ਲਈ ਇਕ ਉੱਦਮ ਪੂੰਜੀ ਫੰਡ ਕਾਇਮ ਕੀਤਾ।

ਕੇਂਦਰੀ ਮੰਤਰੀ ਨੇ ਕਿਹਾ, ‘‘ਕਾਂਗਰਸ ਨੇ ਦੇਸ਼ ’ਚ ਕਰੀਬ 56 ਸਾਲ ਰਾਜ ਕੀਤਾ ਪਰ ਇਸ ਨੇ ਕਦੇ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਕੁਝ ਨਹੀਂ ਕੀਤਾ। ਦੂਜੇ ਪਾਸੇ, ਮੋਦੀ ਜੀ ਨੇ ਨੌਂ ਸਾਲਾਂ ’ਚ ਹੀ ਹੋਰ ਪੱਛੜੀਆਂ ਸ਼੍ਰੇਣੀਆਂ ਲਈ ਐਨਾ ਕੁਝ ਕਰ ਦਿੱਤਾ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਿਸਟਮ ਵਿੱਚੋਂ ਭ੍ਰਿਸ਼ਟਾਚਾਰ ਤੇ ਵਿਚੋਲੀਆਂ ਨੂੰ ਖ਼ਤਮ ਕਰਨ ਲਈ ਤਕਨਾਲੋਜੀ ਦਾ ਇਸਤੇਮਾਲ ਕੀਤਾ। ਉਨ੍ਹਾਂ ਕਿਹਾ, ‘‘ਤੁਹਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਮੋਦੀ ਜੀ ਤੁਹਾਡੇ ਭਾਈਚਾਰੇ ਨਾਲ ਸਬੰਧਤ ਹਨ। ਇਹ ਹਰੇਕ ਭਾਰਤੀ ਲਈ ਕਾਫੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਮੋਦੀ ਜੀ ਦੇ ਆਟੋਗ੍ਰਾਫ ਮੰਗੇ। ਬਾਇਡਨ ਨੇ ਮੋਦੀ ਜੀ ਨੂੰ ਕਿਹਾ ਕਿ ਉਹ ਅਮਰੀਕਾ ਵਿੱਚ ਕਾਫੀ ਪ੍ਰਸਿੱਧ ਹਨ। ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਡੇ ਭਰਾ ਸੋਮਾਭਾਈ ਮੋਦੀ ਅਤੇ ਸੂਰਤ ਤੋਂ ਭਾਜਪਾ ਵਿਧਾਇਕ ਪੁਰਨੇਸ਼ ਮੋਦੀ ਵੀ ਹਾਜ਼ਰ ਸਨ।