ਕਰਨਾਟਕ ਨੇ ਦੇਸ਼ ਨੂੰ ਉਮੀਦ ਦੀ ਕਿਰਨ ਦਿਖਾਈ: ਮਹਿਬੂਬਾ

ਕਰਨਾਟਕ ਨੇ ਦੇਸ਼ ਨੂੰ ਉਮੀਦ ਦੀ ਕਿਰਨ ਦਿਖਾਈ: ਮਹਿਬੂਬਾ

ਬੰਗਲੂਰੂ- ਕਰਨਾਟਕ ਦੇ ਦੌਰੇ ’ਤੇ ਆਈ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਜ ਸੂਬੇ ਵਿੱਚ ‘ਫਾਸ਼ੀਵਾਦੀ’ ਭਾਜਪਾ ਨੂੰ ਹਰਾਉਣ ’ਤੇ ਸੂਬੇ ਦੇ ਲੋਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਰਨਾਟਕ ਦੇ ਲੋਕਾਂ ਨੇ ਪੂਰੇ ਦੇਸ਼ ਨੂੰ ਉਮੀਦ ਦੀ ਕਿਰਨ ਦਿਖਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦਿੱਲੀ ਵਿੱਚ ਹਾਲ ਹੀ ਦੇ ਘਟਨਾਕ੍ਰਮ ਬਾਰੇ ਵੀ ਸੁਚੇਤ ਕੀਤਾ। ਪੀਡੀਪੀ ਮੁਖੀ ਨੇ ਕਿਹਾ ਕਿ ਦਿੱਲੀ ਵਿੱਚ ਜੋ ਵਾਪਰਿਆ, ਉਹ ਸਾਰਿਆਂ ਲਈ ਖ਼ਤਰੇ ਦੀ ਘੰਟੀ ਹੈ ਕਿਉਂਕਿ ਅਜਿਹਾ ਦੇਸ਼ ਵਿੱਚ ਕਿਤੇ ਵੀ ਹੋ ਸਕਦਾ ਹੈ। ਮਹਿਬੂਬਾ 20 ਮਈ ਨੂੰ ਰਾਸ਼ਟਰਪਤੀ ਵੱਲੋਂ ਪਾਸ ਕੀਤੇ ਗਏ ਆਰਡੀਨੈਂਸ ਦਾ ਹਵਾਲਾ ਦੇ ਰਹੇ ਸਨ, ਜਿਸ ਤਹਿਤ ਦਿੱਲੀ ਦੇ ਉਪ ਰਾਜਪਾਲ ਨੂੰ ਪ੍ਰਸ਼ਾਸਨਿਕ ਸੇਵਾਵਾਂ ’ਤੇ ਕੰਟਰੋਲ ਦਾ ਮੁੜ ਅਧਿਕਾਰ ਦਿੱਤਾ ਗਿਆ ਹੈ। ਪੀਡੀਪੀ ਮੁਖੀ ਮਹਿਬੂਬਾ ਨੇ ਕਿਹਾ, ‘‘ਦਿੱਲੀ ਵਿੱਚ ਜੋ ਕੁੱਝ ਵੀ ਵਾਪਰਿਆ, ਉਹ ਸਾਰਿਆਂ ਲਈ ਖ਼ਤਰੇ ਦੀ ਘੰਟੀ ਹੈ। ਜੋ ਕੁੱਝ ਜੰਮੂ ਕਸ਼ਮੀਰ ’ਚ ਵਾਪਰਿਆ ਹੈ, ਉਹ ਹੁਣ ਪੂਰੇ ਦੇਸ਼ ਨਾਲ ਹੋਣ ਵਾਲਾ ਹੈ। ਭਾਜਪਾ ਕੋਈ ਵੀ ਵਿਰੋਧੀ ਧਿਰ ਨਹੀਂ ਚਾਹੁੰਦੀ। ਦਿੱਲੀ ਸਰਕਾਰ ਦੀਆਂ ਤਾਕਤਾਂ ਖੋਹ ਲਈਆਂ ਗਈਆਂ ਹਨ ਅਤੇ ਅਜਿਹਾ ਹਰ ਥਾਂ ’ਤੇ ਹੋਣ ਵਾਲਾ ਹੈ।’’

ਉਨ੍ਹਾਂ ਕਿਹਾ ਕਿ ਕਰਨਾਟਕ ਦੇ ਲੋਕਾਂ ਨੇ ਵਿਧਾਨ ਸਭਾ ਚੋਣਾਂ ਵਿੱਚ ‘ਫਾਸ਼ੀਵਾਦੀ ਅਤੇ ਫਿਰਕੂ’ ਭਾਜਪਾ ਨੂੰ ਹਰਾ ਕੇ ਪੂਰੇ ਦੇਸ਼ ਨੂੰ ਉਮੀਦ ਦੀ ਕਿਰਨ ਦਿਖਾਈ ਹੈ। ਕਰਨਾਟਕ ਨੇ ਸਾਨੂੰ ਲੋਕਤੰਤਰ ’ਚ ਵੋਟ ਦੇ ਅਧਿਕਾਰ ਨਾਲ ਏਜੰਸੀਆਂ ਦੀ ਤਾਕਤ ਨੂੰ ਹਰਾਉਣ ਦਾ ਰਾਹ ਦਿਖਾਇਆ ਹੈ।’’

ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਹਰ ਆਗੂ ਨੇ ਕਰਨਾਟਕ ਚੋਣਾਂ ਵਿੱਚ ਧਰਮ ਦਾ ਸਹਾਰਾ ਲਿਆ ਪਰ ਫਿਰ ਵੀ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਉਨ੍ਹਾਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦੀ ਨੀਂਹ ਰੱਖੀ। ਜੰਮੂ ਕਸ਼ਮੀਰ ਨੂੰ ਖੁੱਲ੍ਹੀ ਜੇਲ੍ਹ ਦੱਸਦਿਆਂ ਮਹਿਬੂਬਾ ਮੁਫ਼ਤੀ ਨੇ ਦੋਸ਼ ਲਾਇਆ ਕਿ ਪਹਿਲਾਂ ਸਿਰਫ ਪਾਕਿਸਤਾਨ ਹੀ ਇਸ ਦੇ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਦਾ ਸੀ ਪਰ ਹੁਣ ਚੀਨ ਵੀ ਅਜਿਹਾ ਕਰ ਰਿਹਾ ਹੈ। ਉਨ੍ਹਾਂ ਕਿਹਾ, ‘‘ਇਹ ਭਾਜਪਾ ਵੱਲੋਂ ਧਾਰਾ 370 ਖਤਮ ਕਰਨ ਦਾ ਨਤੀਜਾ ਹੈ।” ਮਹਿਬੂਬਾ ਨੇ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਧਾਰਾ 370 ਬਹਾਲ ਹੋਣ ਤੱਕ ਉਹ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ। ਹਾਲਾਂਕਿ ਉਨ੍ਹਾਂ ਦੀ ਪਾਰਟੀ ਪੀਡੀਪੀ ਚੋਣ ਜ਼ਰੂਰ ਲੜੇਗੀ।