ਭਾਰਤ ਆਪਣੀ ਖੁਦਮੁਖਤਿਆਰੀ ਅਤੇ ਮਾਣ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ: ਮੋਦੀ

ਭਾਰਤ ਆਪਣੀ ਖੁਦਮੁਖਤਿਆਰੀ ਅਤੇ ਮਾਣ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ: ਮੋਦੀ

ਨਵੀਂ ਦਿੱਲੀ: ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਵਿਚਕਾਰ ਤਣਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਆਪਣੀ ਖੁਦਮੁਖਤਿਆਰੀ ਅਤੇ ਮਾਣ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਅਤੇ ਵਚਨਬੱਧ ਹੈ। ਉਨ੍ਹਾਂ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਦੁਵੱਲੇ ਸਬੰਧਾਂ ਲਈ ਸਰਹੱਦ ’ਤੇ ਸ਼ਾਂਤੀ ਦੀ ਲੋੜ ’ਤੇ ਜ਼ੋਰ ਦਿੱਤਾ। ਜਪਾਨੀ ਪ੍ਰਕਾਸ਼ਨ ‘ਨਿਕੇਈ ਏਸ਼ੀਆ’ ਨੂੰ ਦਿੱਤੇ ਇੰਟਰਵਿਊ ’ਚ ਮੋਦੀ ਨੇ ਕਿਹਾ,‘‘ਭਾਰਤ-ਚੀਨ ਸਬੰਧਾਂ ਦਾ ਭਵਿੱਖ ਸਿਰਫ਼ ਦੁਵੱਲੇ ਸਨਮਾਨ, ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤਾਂ ’ਤੇ ਆਧਾਰਿਤ ਹੋ ਸਕਦਾ ਹੈ।’’ ਉਨ੍ਹਾਂ ਕਿਹਾ ਕਿ ਸਬੰਧਾਂ ਦੇ ਸੁਖਾਵੇਂ ਹੋਣ ਨਾਲ ਖ਼ਿੱਤੇ ਅਤੇ ਦੁਨੀਆ ਨੂੰ ਲਾਭ ਹੋਵੇਗਾ। ਉਨ੍ਹਾਂ ਖੁਦਮੁਖਤਿਆਰੀ, ਕਾਨੂੰਨ ਦੇ ਸ਼ਾਸਨ ਅਤੇ ਵਿਵਾਦਾਂ ਦੇ ਸ਼ਾਂਤਮਈ ਹੱਲ ਲਈ ਆਪਣੇ ਮੁਲਕ ਦੇ ਸਨਮਾਨ ’ਤੇ ਜ਼ੋਰ ਦਿੱਤਾ। ਸਾਲ 2020 ’ਚ ਗਲਵਾਨ ਘਾਟੀ ’ਚ ਹੋਈਆਂ ਝੜਪਾਂ ਮਗਰੋਂ ਭਾਰਤ ਅਤੇ ਚੀਨ ਵਿਚਕਾਰ ਸਬੰਧ ਤਣਾਅਪੂਰਨ ਰਹੇ ਹਨ। ਦੋਵੇਂ ਮੁਲਕ ਸਰਹੱਦੀ ਤਣਾਅ ਘਟਾਉਣ ਲਈ ਮੀਟਿੰਗਾਂ ਕਰਦੇ ਆ ਰਹੇ ਹਨ ਪਰ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਨਿਕਲਿਆ ਹੈ। ਪਾਕਿਸਤਾਨ ਬਾਰੇ ਅਖ਼ਬਾਰ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਭਾਰਤ ‘ਸੁਖਾਵੇਂ ਅਤੇ ਚੰਗੇ ਗੁਆਂਢ ਵਰਗੇ ਸਬੰਧ’ ਚਾਹੁੰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਪਾਕਿਸਤਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਅਤਿਵਾਦ ਅਤੇ ਦੁਸ਼ਮਣੀ ਰਹਿਤ ਸੁਖਾਵਾਂ ਮਾਹੌਲ ਬਣਾਏ ਅਤੇ ਇਸ ਬਾਰੇ ਲੋੜੀਂਦੇ ਕਦਮ ਚੁੱਕਣ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਬਣਦੀ ਹੈ। ਭਾਰਤੀ ਅਰਥਚਾਰੇ ਬਾਰੇ ਉਨ੍ਹਾਂ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਅਰਥਚਾਰਿਆਂ ’ਚੋਂ ਇਕ ਰਿਹਾ ਹੈ। ‘ਸਾਡੀ ਤਰੱਕੀ ਦਿਖ ਰਹੀ ਹੈ ਕਿਉਂਕਿ ਅਸੀਂ 2014 ’ਚ 10ਵਾਂ ਸਭ ਤੋਂ ਵੱਡਾ ਅਰਥਚਾਰਾ ਸੀ ਅਤੇ ਹੁਣ ਆਲਮੀ ਪੱਧਰ ’ਤੇ ਪੰਜਵਾਂ ਸਭ ਤੋਂ ਵੱਡਾ ਅਰਥਚਾਰਾ ਬਣ ਗਏ ਹਾਂ।’ ਰੂਸ-ਯੂਕਰੇਨ ਜੰਗ ਬਾਰੇ ਮੋਦੀ ਨੇ ਕਿਹਾ ਕਿ ਇਸ ਮਾਮਲੇ ’ਚ ਭਾਰਤ ਦਾ ਰੁਖ ਸਪੱਸ਼ਟ ਅਤੇ ਅਟੱਲ ਹੈ।