ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਖੁੱਲ੍ਹਣਗੇ

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਖੁੱਲ੍ਹਣਗੇ

ਦੋ ਹਜ਼ਾਰ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਗੋਬਿੰਦ ਧਾਮ ਪੁੱਜਾ
ਅੰਮ੍ਰਿਤਸਰ- ਉੱਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਵਾਸਤੇ ਅੱਜ 20 ਮਈ ਨੂੰ ਖੋਲ੍ਹੇ ਜਾਣਗੇ। ਇਸ ਸਬੰਧ ’ਚ ਲਗਪਗ ਦੋ ਹਜ਼ਾਰ ਸਿੱਖ ਸ਼ਰਧਾਲੂਆਂ ਦਾ ਪਹਿਲਾ ਜਥਾ ਅੱਜ ਗੁਰਦੁਆਰਾ ਗੋਬਿੰਦ ਧਾਮ ਪੁੱਜ ਗਿਆ ਹੈ। ਇਸ ਤੋਂ ਪਹਿਲਾਂ ਅੱਜ ਸਵੇਰੇ ਯਾਤਰਾ ਦੀ ਆਰੰਭਤਾ ਦੇ ਸਬੰਧ ਵਿੱਚ ਗੁਰਦੁਆਰਾ ਗੋਬਿੰਦ ਘਾਟ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਗੁਰਬਾਣੀ ਦੇ ਕੀਰਤਨ ਅਤੇ ਅਰਦਾਸ ਤੋਂ ਬਾਅਦ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਗੋਬਿੰਦ ਧਾਮ ਲਈ ਰਵਾਨਾ ਕੀਤਾ ਗਿਆ। ਇਸ ਸਮਾਗਮ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਅਤੇ ਹੋਰ ਪਤਵੰਤਿਆਂ ਨੇ ਸੰਬੋਧਨ ਕੀਤਾ। ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਭਾਈ ਸੇਵਾ ਸਿੰਘ ਨੇ ਦੱਸਿਆ ਕਿ ਅੱਜ ਇੱਥੋਂ ਗੁਰਦੁਆਰੇ ਤੋਂ ਪੈਦਲ ਯਾਤਰਾ ਆਰੰਭ ਹੋਈ ਹੈ। ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਈ ਪੈਦਲ ਯਾਤਰਾ ਸਮੇਂ ਪੰਜਾਬ ਤੋਂ ਆਏ ਫੌਜੀ ਬੈਂਡ ਅਤੇ ਗੜਵਾਲ ਸਕਾਊਟਸ ਦੇ ਬੈਂਡ ਨੇ ਗੁਰਬਾਣੀ ਦੀਆਂ ਧੁਨਾਂ ਵਜਾਈਆਂ। ਉਨ੍ਹਾਂ ਦੱਸਿਆ ਕਿ ਭਲਕੇ 20 ਮਈ ਨੂੰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਸੰਗਤ ਲਈ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਕਈ ਥਾਵਾਂ ਤੋਂ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਲਈ ਪੁੱਜੇ ਹਨ। ਉਨ੍ਹਾਂ ਪਾਰਕਿੰਗ ਲਈ ਥਾਂ ਦੀ ਘਾਟ ਕਾਰਨ ਸ਼ਰਧਾਲੂਆਂ ਨੂੰ ਦੋਪਹੀਆ ਵਾਹਨਾਂ ਦੀ ਥਾਂ ਇਕੱਠ ਦੇ ਰੂਪ ਵਿਚ ਚਾਰ ਪਹੀਆ ਵਾਹਨਾਂ ਰਾਹੀਂ ਆਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਤਰਾਖੰਡ ਦੇ ਸਿਹਤ ਵਿਭਾਗ ਨੇ ਬਿਮਾਰ ਤੇ ਸਾਹ ਦੀ ਬਿਮਾਰੀ ਤੋਂ ਪੀੜਤਾਂ, ਬਜ਼ੁਰਗਾਂ ਤੇ ਬੱਚਿਆਂ ਨੂੰ ਫਿਲਹਾਲ ਯਾਤਰਾ ’ਤੇ ਨਾ ਆਉਣ ਲਈ ਸਲਾਹ ਦਿੱਤੀ ਹੈ। ਮਿਲੇ ਵੇਰਵਿਆਂ ਮੁਤਾਬਕ ਸਿੱਖ ਸ਼ਰਧਾਲੂਆਂ ਦਾ ਜਥਾ ਲਗਭਗ 13 ਕਿਲੋਮੀਟਰ ਦੂਰ ਪੈਦਲ ਯਾਤਰਾ ਕਰਦਾ ਹੋਇਆ ਬਾਅਦ ਦੁਪਹਿਰ ਨੂੰ ਗੁਰਦੁਆਰਾ ਗੋਬਿੰਦ ਧਾਮ ਪਹੁੰਚਿਆ।