ਬੀਮਾ ‘ਘੁਟਾਲਾ’ ਕੇਸ – ਸੱਤਿਆਪਾਲ ਮਲਿਕ ਦੇ ਨੇੜਲੇ ਲੋਕਾਂ ਦੇ ਟਿਕਾਣਿਆਂ ’ਤੇ ਛਾਪੇ

ਬੀਮਾ ‘ਘੁਟਾਲਾ’ ਕੇਸ – ਸੱਤਿਆਪਾਲ ਮਲਿਕ ਦੇ ਨੇੜਲੇ ਲੋਕਾਂ ਦੇ ਟਿਕਾਣਿਆਂ ’ਤੇ ਛਾਪੇ

ਨਵੀਂ ਦਿੱਲੀ- ਸੀਬੀਆਈ ਨੇ ਕਥਿਤ ਬੀਮਾ ਘੁਟਾਲਾ ਕੇਸ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਤਤਕਾਲੀ ਨੇੜਲੇ ਸਾਥੀਆਂ ਦੇ ਟਿਕਾਣਿਆਂ ਅਤੇ ਦਿੱਲੀ ਤੇ ਰਾਜਸਥਾਨ ਵਿੱਚ 11 ਹੋਰਨਾਂ ਥਾਵਾਂ ’ਤੇ ਛਾਪੇ ਮਾਰੇ। ਸੀਬੀਆਈ ਟੀਮਾਂ ਨੇ ਅੱਜ ਸਵੇਰੇ ਮਲਿਕ ਦੇ ਤਤਕਾਲੀ ਸਾਥੀਆਂ ਸੌਨਕ ਬਾਲੀ, ਚਾਰਟਰਡ ਅਕਾਊਂਟੈਂਟ ਸੰਜੈ ਨਾਰੰਗ, ਵੀਰੇਂਦਰ ਸਿੰਘ ਰਾਣਾ ਤੇ ਕੰਵਰ ਸਿੰਘ ਰਾਣਾ, ਪ੍ਰਿਯੰਕਾ ਚੌਧਰੀ ਤੇ ਅਨੀਤਾ ਦੀ ਦਿੱਲੀ ਤੇ ਰਾਜਸਥਾਨ ਵਿਚਲੀਆਂ ਰਿਹਾਇਸ਼ਾਂ ’ਤੇ ਦਸਤਕ ਦੇ ਕੇ ਤਲਾਸ਼ੀ ਮੁਹਿੰਮ ਦੀ ਸ਼ੁਰੂਆਤ ਕੀਤੀ। ਏਜੰਸੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਟੀਮਾਂ ਨੇ ਦਿੱਲੀ ਵਿੱਚ ਦਸ ਥਾਵਾਂ ਉੱਤੇ ਅਤੇ ਰਾਜਸਥਾਨ ਵਿੱਚ ਦੋ ਜ਼ਿਲ੍ਹਿਆਂ ਵਿੱਚ ਛਾਪੇ ਮਾਰੇ। ਸੀਬੀਆਈ ਨੇ ਮਲਿਕ ਤੋਂ ਇਸ ਮਾਮਲੇ ਵਿੱਚ 28 ਅਪਰੈਲ ਨੂੰ ਪੁੱਛ-ਪੜਤਾਲ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਤੇ ਕੇਸ ਨਾਲ ਸਬੰਧਤ ਹੋਰਨਾਂ ਵਿਅਕਤੀਆਂ ਦੇ ਬਿਆਨਾਂ, ਵਿੱਤੀ ਦਸਤਾਵੇਜ਼ਾਂ ਤੇ ਡਿਜੀਟਲ ਸਬੂਤਾਂ ਦੀ ਸਮੀਖਿਆ ਮਗਰੋਂ ਹੀ ਛਾਪਿਆਂ ਦੀ ਲੋੜ ਮਹਿਸੂਸ ਕੀਤੀ ਗਈ। ਸੀਬੀਆਈ ਵੱਲੋਂ ਬੀਤੇ ਦਿਨੀਂ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਸਨ। ਮਲਿਕ ਨੇ ਸਰਕਾਰੀ ਮੁਲਾਜ਼ਮਾਂ ਦੀ ਗਰੁੱਪ ਮੈਡੀਕਲ ਇੰਸ਼ੋਰੈਂਸ ਸਕੀਮ ਦਾ ਠੇਕਾ ਦੇਣ ਤੇ ਜੰਮੂ ਕਸ਼ਮੀਰ ਵਿਚ ਕੀਰੂ ਪਣਬਿਜਲੀ ਪਾਵਰ ਪ੍ਰਾਜੈਕਟ ਨਾਲ ਸਬੰਧਤ 2200 ਕਰੋੜ ਰੁਪਏ ਦੇ ਸਿਵਲ ਕੰਮਾਂ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ, ਜਿਸ ਮਗਰੋਂ ਸੀਬੀਆਈ ਨੇ ਦੋ ਵੱਖੋ ਵੱਖਰੀਆਂ ਐੱਫਆਈਆਰ ਦਰਜ ਕੀਤੀਆਂ ਸਨ। ਮਲਿਕ ਨੇ ਦਾਅਵਾ ਕੀਤਾ ਸੀ ਕਿ ਜੰਮੂ ਕਸ਼ਮੀਰ ਦੇ ਰਾਜਪਾਲ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ 300 ਕਰੋੜ ਰੁਪੲੇ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਹੋਈ ਸੀ।