ਮੁਫ਼ਤ ‘ਰਿਓੜੀਆਂ’ ਕਾਰਨ ਅਮਰੀਕਾ, ਚੀਨ ਤੇ ਜਾਪਾਨ ਵਿੱਤੀ ਸੰਕਟ ’ਚ ਘਿਰੇ: ਨੱਢਾ

ਮੁਫ਼ਤ ‘ਰਿਓੜੀਆਂ’ ਕਾਰਨ ਅਮਰੀਕਾ, ਚੀਨ ਤੇ ਜਾਪਾਨ ਵਿੱਤੀ ਸੰਕਟ ’ਚ ਘਿਰੇ: ਨੱਢਾ

ਭਾਜਪਾ ਪ੍ਰਧਾਨ ਨੇ ਮਹਾਰਾਸ਼ਟਰ ਦੀ ਪਿਛਲੀ ਐੱਮਵੀਏ ਸਰਕਾਰ ’ਤੇ ‘ਪੂਰੀ ਤਰ੍ਹਾਂ ਭ੍ਰਿਸ਼ਟ’ ਹੋਣ ਦਾ ਦੋਸ਼ ਲਾਇਆ
ਮੁੰਬਈ-
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਅੱਜ ਦਾਅਵਾ ਕੀਤਾ ਕਿ ਅਮਰੀਕਾ, ਚੀਨ ਤੇ ਜਾਪਾਨ ਹੁਣ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਇਨ੍ਹਾਂ ਦੇਸ਼ਾਂ ਨੇ ਕਰੋਨਾ ਮਹਾਮਾਰੀ ਦੌਰਾਨ ਮੁਫ਼ਤ ਦੀਆਂ ‘ਰਿਓੜੀਆਂ’ ਵੰਡਣ ਉੱਤੇ ਪੈਸਾ ਖ਼ਰਚ ਕੀਤਾ ਸੀ, ਜਦਕਿ ਭਾਰਤ ਸਰਕਾਰ ਉਸ ਸਮੇਂ ਬੁਨਿਆਦੀ ਢਾਂਚੇ, ਖੇਤੀ ਅਤੇ ਹੋਰ ਖੇਤਰਾਂ ਨੂੰ ਉਤਸ਼ਾਹਿਤ ਕਰਨ ਲਈ 20 ਲੱਖ ਕਰੋੜ ਰੁਪਏ ਦਾ ਪੈਕੇਜ ਲੈ ਕੇ ਆਈ। ਨੱਢਾ ਇੱਥੇ ਭਾਜਪਾ ਵੱਲੋਂ ਕਰਵਾਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਇਸ ਵਿੱਚ ਵੱਖ-ਵੱਖ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ, ‘‘ਅਮਰੀਕਾ, ਚੀਨ ਤੇ ਜਾਪਾਨ ਵਰਗੇ ਦੇਸ਼ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਇਨ੍ਹਾਂ ਦੇਸ਼ਾਂ ਨੇ ਕਰੋਨਾ ਮਹਾਮਾਰੀ ਦੌਰਾਨ ਮੁਫ਼ਤ ਦੀਆਂ ਰਿਓੜੀਆਂ ’ਤੇ ਖ਼ਰਚ ਕੀਤਾ। ਸਾਡਾ ਦੇਸ਼ ਖੇਤੀ, ਬੁਨਿਆਦੀ ਢਾਂਚੇ ਅਤੇ ਇਸੇ ਤਰ੍ਹਾਂ ਦੇ ਹੋਰ ਖੇਤਰਾਂ ’ਤੇ ਖਰਚ ਕਰਨ ਦੇ ਉਦੇਸ਼ ਨਾਲ 20 ਲੱਖ ਕਰੋੜ ਰੁਪਏ ਦਾ ਪੈਕੇਜ ਲੈ ਕੇ ਆਇਆ।’’

ਨੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਚੰਗਾ ਨੇਤਾ ਹੋਣ ਕਾਰਨ ਮਦਦ ਮਿਲਦੀ ਹੈ। ਮਹਾਰਾਸ਼ਟਰ ਦੀ ਪਿਛਲੀ ਮਹਾ ਵਿਕਾਸ ਅਗਾੜੀ (ਐੱਮਵੀਏ) ਸਰਕਾਰ ਨੂੰ ‘ਪੂਰੀ ਤਰ੍ਹਾਂ ਭ੍ਰਿਸ਼ਟ’ ਕਰਾਰ ਦਿੰਦਿਆਂ ਭਾਜਪਾ ਪ੍ਰਧਾਨ ਨੇ ਦੋਸ਼ ਲਾਇਆ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੇ ਚੰਗੇ ਕੰਮਾਂ ਵਿੱਚ ਰੋੜਾ ਅਟਕਾ ਕੇ ਰੱਖਿਆ ਸੀ।

ਭਾਜਪਾ ਇਸ ਸਮੇਂ ਮਹਾਰਾਸ਼ਟਰ ਵਿੱਚ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਵਿੱਚ ਭਾਈਵਾਲ ਹੈ। ਇਸ ਭਗਵਾ ਪਾਰਟੀ ਦੇ ਕੌਮੀ ਪ੍ਰਧਾਨ ਨੇ ਕਿਹਾ, ‘‘ਪਰ ਹੁਣ ਏਕਨਾਥ ਸ਼ਿੰਦੇ-ਦੇਵੇਂਦਰ ਫੜਨਵੀਸ ਸਰਕਾਰ ਲੋਕਾਂ ਦੇ ਮੁੱਦਿਆਂ ਦਾ ਹੱਲ ਕਰੇਗੀ।’’