ਬਾਇਡਨ ਦਾ ਦੌਰਾ ਮੁਲਤਵੀ ਹੋਣ ’ਤੇ ਕੁਆਡ ਸਿਖਰ ਸੰਮੇਲਨ ਰੱਦ

ਬਾਇਡਨ ਦਾ ਦੌਰਾ ਮੁਲਤਵੀ ਹੋਣ ’ਤੇ ਕੁਆਡ ਸਿਖਰ ਸੰਮੇਲਨ ਰੱਦ

ਜੀ-7 ਦੀ ਮੀਟਿੰਗ ਲਈ ਜਪਾਨ ਰਵਾਨਾ ਹੋਏ ਅਮਰੀਕੀ ਰਾਸ਼ਟਰਪਤੀ
ਵਾਸ਼ਿੰਗਟਨ/ਕੈਨਬਰਾ-ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੇਸ਼ ਨੂੰ ਗੰਭੀਰ ਆਰਥਿਕ ਸੰਕਟ ਤੋਂ ਬਚਾਉਣ ’ਤੇ ਧਿਆਨ ਕੇਂਦਰਿਤ ਕਰਨ ਦੇ ਮਕਸਦ ਨਾਲ ਆਪਣਾ ਆਸਟਰੇਲੀਆ ਦੌਰਾ ਮੁਲਤਵੀ ਕਰ ਦਿੱਤਾ ਹੈ ਅਤੇ ਇਸ ਵਾਸਤੇ ਸਿਡਨੀ ਵਿੱਚ 24 ਮਈ ਨੂੰ ਹੋਣ ਵਾਲਾ ਕੁਆਡ ਦੇਸ਼ਾਂ ਦੇ ਆਗੂਆਂ ਦਾ ਸਿਖਰ ਸੰਮੇਲਨ ਰੱਦ ਕਰ ਦਿੱਤਾ ਗਿਆ ਹੈ। ਬਾਇਡਨ ਪਾਪੂਆ ਨਿਊ ਗਿਨੀ ਦੇ ਨਾਲ ਹੀ ਆਸਟਰੇਲੀਆ ਦੌਰੇ ’ਤੇ ਜਾਣ ਵਾਲੇ ਸਨ। ਬਾਇਡਨ ਨੂੰ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਮਰੀਕਾ ਨੂੰ ਕਰਜ਼ੇ ਦੀ ਅਦਾਇਗੀ ਕਰਨ ਤੋਂ ਖੁੰਝਣ ਤੋਂ ਬਚਾਉਣ ਲਈ ਵਿਰੋਧੀ ਰਿਪਬਲੀਕਨ ਪਾਰਟੀ ਨਾਲ ਡੂੰਘਾਈ ’ਚ ਚਰਚਾ ਕਰਨ ਦੀ ਲੋੜ ਹੈ ਅਤੇ ਇਸ ਵਾਸਤੇ ਉਨ੍ਹਾਂ ਨੇ ਆਪਣਾ ਆਸਟਰੇਲੀਆ ਦੌਰਾ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ।

ਬਾਇਡਨ ਨੇ ਆਸਟਰੇਲੀਆ ਵਿੱਚ ਕੁਆਡ ਦੇਸ਼ਾਂ ਦੇ ਆਗੂਆਂ ਦੀ ਹੋਣ ਵਾਲੀ ਤੀਜੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਅਤੇ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਹਿੱਸਾ ਲੈਣਾ ਸੀ। ਹਾਲਾਂਕਿ, ਬਾਇਡਨ ਜੀ-7 ਦੇਸ਼ਾਂ ਦੇ ਆਗੂਆਂ ਦੀ ਮੀਟਿੰਗ ਵਿੱਚ ਹਿੱਸਾ ਲੈਣ ਵਾਸਤੇ ਬੁੱਧਵਾਰ ਨੂੰ ਜਪਾਨ ਦੇ ਹੀਰੋਸ਼ੀਮਾ ਲਈ ਰਵਾਨਾ ਹੋਣਗੇ। ਆਪਣੇ ਫੈਸਲੇ ਬਾਰੇ ਜਾਣਕਾਰੀ ਦੇਣ ਲਈ ਐਲਬਨੀਜ਼ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਬਾਇਡਨ ਨੇ ਸੁਵਿਧਾਜਨਕ ਸਮੇਂ ਮੁਤਾਬਕ ਆਸਟਰੇਲਿਆਈ ਪ੍ਰਧਾਨ ਮੰਤਰੀ ਨੂੰ ਦੇਸ਼ ਦੇ ਸਰਕਾਰੀ ਦੌਰੇ ਲਈ ਸੱਦਾ ਦਿੱਤਾ ਹੈ। ਬਾਇਡਨ 22 ਜੂਨ ਨੂੰ ਵ੍ਹਾਈਟ ਹਾਊਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਧਿਕਾਰਤ ਦੌਰੇ ਦੀ ਮੇਜ਼ਬਾਨੀ ਕਰਨਗੇ। ਬਾਇਡਨ ਤੇ ਮੋਦੀ ਕੁਆਡ ਸਿਖਰ ਸੰਮੇਲਨ ਤੋਂ ਇਕ ਪਾਸੇ ਆਸਟਰੇਲੀਆ ਵਿੱਚ ਮਿਲਣ ਵਾਲੇ ਸਨ। ਵ੍ਹਾਈਟ ਹਾਊਸ ਨੇ ਕਿਹਾ, ਹਾਲਾਂਕਿ ਜੀ-7 ਮੀਟਿੰਗ ਤੋਂ ਇਕ ਪਾਸੇ ਇਸ ਹਫ਼ਤੇ ਜਪਾਨ ਵਿੱਚ ਉਨ੍ਹਾਂ ਦੀ ਪਹਿਲਾਂ ਤੋਂ ਤੈਅ ਮੀਟਿੰਗ ਤੈਅ ਸਮੇਂ ’ਤੇ ਹੋਵੇਗੀ। ਵ੍ਹਾਈਟ ਹਾਊਸ ਵਿੱਚ ‘ਯਹੂਦੀ ਅਮਰੀਕੀ ਵਿਰਾਸਤ ਮਹੀਨੇ’ ਸਬੰਧੀ ਸਮਾਰੋਹ ਦੌਰਾਨ ਬਾਇਡਨ ਨੇ ਆਸਟਰੇਲੀਆ ਦੌਰਾ ਰੱਦ ਕਰਨ ਦਾ ਐਲਾਨ ਕੀਤਾ। ਇਸ ਐਲਾਨ ਤੋਂ ਪਹਿਲਾਂ ਉਨ੍ਹਾਂ ਪ੍ਰਤੀਨਿਧ ਸਭਾ ਦੇ ਸਭਾਪਤੀ ਅਤੇ ਰਿਪਬਲਿਕਨ ਪਾਰਟੀ ਦੇ ਆਗੂ ਕੇਵਿਨ ਮੈਕਾਰਥੀ ਸਣੇ ਸੰਸਦ ਦੇ ਆਗੂਆਂ ਨਾਲ ਮੀਟਿੰਗ ਕੀਤੀ ਸੀ। ਵ੍ਹਾਈਟ ਹਾਊਸ ਵਿੱਚ ਹੋਏ ਇਸ ਸਮਾਰੋਹ ’ਚ ਸ਼ਾਮਲ ਮਹਿਮਾਨਾਂ ਨੂੰ ਬਾਇਡਨ ਨੇ ਕਿਹਾ, ‘‘ਮੈਂ ਆਪਣੀ ਯਾਤਰਾ ਦੇ ਸਮੇਂ ’ਚ ਕਟੌਤੀ ਕਰ ਰਿਹਾ ਹਾਂ। ਮੈਂ ਕਾਂਗਰਸ ਦੇ ਆਗੂਆਂ ਨਾਲ ਫੈਸਲਾਕੁਨ ਗੱਲਬਾਤ ਲਈ ਇਸ ਯਾਤਰਾ ਦੌਰਾਨ ਆਸਟਰੇਲੀਆ ਤੇ ਪਾਪੂਆ ਨਿਊ ਗਿਨੀ ਦੇ ਆਪਣੇ ਦੌਰੇ ਨੂੰ ਰੱਦ ਕਰ ਰਿਹਾ ਹਾਂ।’’ ਉਨ੍ਹਾਂ ਕਿਹਾ, ‘‘ਮੈਂ ਅੱਜ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਮੌਜੂਦਾ ਹਾਲਾਤ ਬਾਰੇ ਦੱਸਿਆ।’’ ਉਨ੍ਹਾਂ ਕਿਹਾ ਕਿ ਇਹ ਅਫਸੋਸਨਾਕ ਹੈ ਕਿ ਕਾਂਗਰਸ ਦੇ ਰਿਪਬਲਿਕਨ ਮੈਂਬਰਾਂ ਨਾਲ ਸਾਡੀ ਗੱਲਬਾਤ ਵਿੱਚ ਰਿਪਬਲਿਕਨ ਆਗੂ ਮਾਲੀਆ ਵਧਾਉਣ ’ਤੇ ਚਰਚਾ ਕਰਨ ਨੂੰ ਤਿਆਰ ਨਹੀਂ ਹਨ।’’ ਬਾਇਡਨ ਨੇ ਕਿਹਾ ਕਿ ਭਾਵੇਂ ਕਿ ਦੋਹਾਂ ਪਾਰਟੀਆਂ ’ਚ ਨੀਤੀਗਤ ਮਤਭੇਦ ਹੋਣ ਪਰ ਇਹ ਕਾਂਗਰਸ ਨੂੰ ਕਰਜ਼ਾ ਅਦਾਇਗੀ ਤੋਂ ਬਚਣ ਦੇ ਤਰੀਕਿਆਂ ’ਤੇ ਵਿਚਾਰ ਕਰਨ ਤੋਂ ਨਹੀਂ ਰੋਕ ਸਕਦਾ ਹੈ। ਉਨ੍ਹਾਂ ਕਿਹਾ, ‘‘ਮੈਂ ਅੱਜ ਦੀ ਮੀਟਿੰਗ ’ਚ ਫਿਰ ਸਪੱਸ਼ਟ ਕੀਤਾ ਕਿ ਕਰਜ਼ਾ ਅਦਾਇਗੀ ਤੋਂ ਖੁੰਝਣਾ ਬਦਲ ਨਹੀਂ ਹੈ। ਅਮਰੀਕਾ ਕਰਜ਼ੇ, ਬਿੱਲ ਦਾ ਭੁਗਤਾਨ ਕਰਦਾ ਹੈ ਤਾਂ ਸਾਡੇ ਕੋਲ ਨੀਤੀਗਤ ਮਤਭੇਦਾਂ ’ਤੇ ਬਹਿਸ ਲਈ ਲੋੜੀਂਦਾ ਸਮਾਂ ਹੋਵੇਗਾ ਪਰ ਦੇਸ਼ ਸਾਡੇ ਕਰਜ਼ਿਆਂ ਕਾਰਨ ਨਹੀਂ ਝੁਕੇਗਾ।’’