ਡਾ. ਨਵਸ਼ਰਨ ਨੂੰ ਈਡੀ ਦਫ਼ਤਰ ਬੁਲਾ ਕੇ ਪ੍ਰੇਸ਼ਾਨ ਕਰਨ ਦਾ ਵਿਰੋਧ

ਡਾ. ਨਵਸ਼ਰਨ ਨੂੰ ਈਡੀ ਦਫ਼ਤਰ ਬੁਲਾ ਕੇ ਪ੍ਰੇਸ਼ਾਨ ਕਰਨ ਦਾ ਵਿਰੋਧ

ਚੰਡੀਗੜ੍ਹ- ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਨਾਮਵਰ ਲੇਖਕ ਅਤੇ ਸਮਾਜਿਕ ਨਿਆਂ ਲਈ ਆਵਾਜ਼ ਬੁਲੰਦ ਕਰਨ ਵਾਲੀ ਡਾ. ਨਵਸ਼ਰਨ ਨੂੰ ਈਡੀ ਵੱਲੋਂ ਪੁੱਛ-ਪੜਤਾਲ ਦੇ ਬਹਾਨੇ ਆਪਣੇ ਦਫ਼ਤਰ ਬੁਲਾ ਕੇ ਪ੍ਰੇਸ਼ਾਨ ਕਰਨ ਦੀ ਸਾਹਿਤਕ ਅਤੇ ਸੱਭਿਆਚਾਰਕ ਸੰਗਠਨਾਂ ਵੱਲੋਂ ਪੁਰਜ਼ੋਰ ਨਿੰਦਿਆ ਕੀਤੀ ਗਈ ਹੈ। ਡਾ. ਨਵਸ਼ਰਨ ਘੱਟ-ਗਿਣਤੀਆਂ, ਔਰਤਾਂ, ਦਲਿਤਾਂ, ਕਿਰਤੀਆਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਵਿੱਚ ਝੰਡਾ-ਬਰਦਾਰ ਵਾਲੀ ਭੂਮਿਕਾ ਅਦਾ ਕਰਦੇ ਆ ਰਹੇ ਹਨ। ਉਨ੍ਹਾਂ ਨੇ ਘੱਟ-ਗਿਣਤੀਆਂ ਉੱਤੇ ਸਰਕਾਰੀ ਅਤੇ ਸੰਪ੍ਰਦਾਇਕ ਤਾਕਤਾਂ ਵੱਲੋਂ ਹੁੰਦੇ ਜਬਰ ਵਿਰੁੱਧ ਆਪਣੀ ਕਲਮ ਅਤੇ ਸਮਾਜਕ ਸਰਗਰਮੀ ਨਾਲ ਨਿਰੰਤਰ ਆਵਾਜ਼ ਉਠਾਈ ਹੈ। ਕਸ਼ਮੀਰ, ਦਿੱਲੀ, ਹੈਦਰਾਬਾਦ ਅਤੇ ਯੂਪੀ ਵਿੱਚ ਹੋਏ ਔਰਤਾਂ ਦੇ ਜਬਰ-ਜਨਾਹ ਅਤੇ ਕਤਲਾਂ ਵਿਰੁੱਧ ਉਨ੍ਹਾਂ ਦਾ ਸੰਘਰਸ਼ ਜੱਗ-ਜ਼ਾਹਰ ਹੈ। ਕੌਮੀ ਨਾਗਰਿਕ ਰਜਿਸਟਰ (ਐਨਆਰਸੀ) ਅਤੇ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਸ਼ਹੀਨ ਬਾਗ਼ ਅੰਦੋਲਨ, ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਹੋਏ ਕਿਸਾਨ ਅੰਦੋਲਨ ਅਤੇ ਵੱਖ ਵੱਖ ਕਾਲੇ ਕਾਨੂੰਨਾਂ ਦੀ ਓਟ ਹੇਠ ਜੇਲ੍ਹਾਂ ਵਿੱਚ ਬੰਦ ਲੇਖਕਾਂ ਅਤੇ ਬੁੱਧੀਜੀਵੀਆਂ ਦੇ ਮਾਨਵੀ ਅਧਿਕਾਰਾਂ ਦੀ ਰਾਖੀ ਲਈ ਡਾ. ਨਵਸ਼ਰਨ ਨੇ ਬੁਲੰਦ ਆਵਾਜ ਵਿੱਚ ਵਕਾਲਤ ਕੀਤੀ ਹੈ। ਸ੍ਰੀ ਸਿਰਸਾ ਨੇ ਕਿਹਾ ਕਿ ਈਡੀ ਵੱਲੋਂ ਡਾ. ਨਵਸ਼ਰਨ ਨੂੰ ਪ੍ਰੇਸ਼ਾਨ ਕਰਨ ਦੀ ਸਾਜ਼ਿਸ਼ ਸਰਕਾਰੀ ਦਮਨ ਰਾਹੀਂ ਲੇਖਕਾਂ ਅਤੇ ਬੁੱਧੀਜੀਵੀਆਂ ਦੀ ਜੁਬਾਨਬੰਦੀ ਦੀ ਹੀ ਅਗਲੀ ਕੜੀ ਹੈ। ਪੰਜਾਬ ਦੀਆਂ ਸਾਹਿਤਕ ਤੇ ਸੱਭਿਆਚਾਰਕ ਜਥੇਬੰਦੀਆਂ ਅਤੇ ਸਮਾਜਕ ਨਿਆਂ ਲਈ ਸੰਘਰਸ਼ਸ਼ੀਲ ਸੰਗਠਨਾਂ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਿਚਾਰਾਂ ਅਤੇ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਪਾਬੰਦੀਆਂ ਲਾਉਣ ਤੋਂ ਬਾਜ਼ ਆਵੇ।

ਇਸ ਸਬੰਧੀ ਸ੍ਰੀ ਸਿਰਸਾ ਨੇ ਦੱਸਿਆ ਕਿ ਪ੍ਰਗਤੀਸ਼ੀਲ ਲੇਖਕ ਸੰਘ, ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ), ਕੇਂਦਰੀ ਪੰਜਾਬੀ ਲੇਖਕ ਸਭਾ, ਇਪਟਾ, ਜਮਹੂਰੀ ਅਧਿਕਾਰ ਸਭਾ ਪੰਜਾਬ, ਗੁਰਸ਼ਰਨ ਲੋਕ ਕਲਾ ਸਲਾਮ ਕਾਫ਼ਲਾ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਅਰਜਣ ਸਿੰਘ ਗੜਗੱਜ ਫਾਊਂਡੇਸ਼ਨ ਜਲੰਧਰ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਜਾਗਰਤੀ ਮੰਚ ਪੰਜਾਬ, ਲੋਕ ਕਲਾ ਮੰਚ ਮਾਨਸਾ, ਮੰਚ ਰੰਗਮੰਚ ਅੰਮ੍ਰਿਤਸਰ, ਅਦਾਕਾਰ ਮੰਚ ਮੁਹਾਲੀ, ਸੁਚੇਤਕ ਰੰਗਮੰਚ ਮੁਹਾਲੀ, ਸਰਘੀ ਕਲਾ ਕੇਂਦਰ ਮੁਹਾਲੀ, ਲੋਕ ਕਲਾ ਮੰਚ ਮੁਲਾਂਪੁਰ, ਨਵਚਿੰਤਨ ਕਲਾ ਮੰਚ ਬਿਆਸ, ਦਿਸ਼ਾ (ਚੰਡੀਗੜ੍ਹ), ਚੰਡੀਗੜ੍ਹ ਸਕੂਲ ਆਫ ਡਰਾਮਾ, ਨਾਟਯਮ ਅਭਿਨੇਤ ਦਾ ਬਠਿੰਡਾ, ਚੇਤਨਾ ਕਲਾਮੰਚ ਬਰਨਾਲਾ, ਪੀਪਲਜ਼ ਥੀਏਟਰ ਪਟਿਆਲਾ, ਤਰਕਸ਼ੀਲ ਸੁਸਾਇਟੀ ਪੰਜਾਬ ਤੇ ਭਾਰਤ ਅਤੇ ਇਪਟਾ ਮੋਗਾ ਨੇ ਡਾ. ਨਵਸ਼ਰਨ ਨਾਲ ਇਕਜੁੱਟਤਾ ਜ਼ਾਹਰ ਕੀਤੀ ਹੈ।