ਭਗਵੰਤ ਮਾਨ ਵੱਲੋਂ ਹਰਦੇਵ ਅਰਸ਼ੀ ਦੇ ਜੀਵਨ ਬਾਰੇ ਪੁਸਤਕ ਲੋਕ ਅਰਪਣ

ਭਗਵੰਤ ਮਾਨ ਵੱਲੋਂ ਹਰਦੇਵ ਅਰਸ਼ੀ ਦੇ ਜੀਵਨ ਬਾਰੇ ਪੁਸਤਕ ਲੋਕ ਅਰਪਣ

ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਸਿੰਘ ਨੇ ਅੱਜ ਪੰਜਾਬ ਭਵਨ ਵਿੱਚ ਸਾਬਕਾ ਵਿਧਾਇਕ ਤੇ ਸੀਪੀਆਈ ਦੇ ਸੀਨੀਅਰ ਆਗੂ ਹਰਦੇਵ ਅਰਸ਼ੀ ਦੀ ਜੀਵਨੀ ’ਤੇ ਆਧਾਰਿਤ ਪੁਸਤਕ ‘ਰੋਹੀ ਦਾ ਲਾਲ: ਹਰਦੇਵ ਅਰਸ਼ੀ’ ਲੋਕ ਅਰਪਣ ਕੀਤੀ ਹੈ। ਇਸ ਪੁਸਤਕ ਦੇ ਲੇਖਕ ਜਸਪਾਲ ਮਾਨਖੇੜਾ ਹਨ। ਮੁੱਖ ਮੰਤਰੀ ਨੇ ਕਾਮਰੇਡ ਹਰਦੇਵ ਅਰਸ਼ੀ ਦੀ ਸ਼ਖ਼ਸੀਅਤ ਦੇ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਇਕ ਪਾਕ-ਦਾਮਨ ਸਿਆਸਤਦਾਨ ਦੱਸਿਆ। ਉਨ੍ਹਾਂ ਕਿਹਾ ਕਿ ਹਰਦੇਵ ਅਰਸ਼ੀ ਦੀ ਵਿਧਾਨਕ ਕੰਮਕਾਜ ਬਾਰੇ ਗਹਿਰੀ ਪਕੜ ਹੈ ਤੇ ਉਹ ਖੁਦ ਵੀ ਸੰਸਦ ਮੈਂਬਰ ਹੁੰਦਿਆਂ ਕਈ ਮੁੱਦਿਆਂ ’ਤੇ ਉਨ੍ਹਾਂ ਦੀ ਸਲਾਹ ਲੈਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਧਰਤੀ ਨਾਲ ਜੁੜੇ ਲੋਕ ਹੀ ਸੱਭਿਆਚਾਰ ਦੇ ਅਸਲ ਨੁਮਾਇੰਦੇ ਹੁੰਦੇ ਹਨ। ਇਸ ਮੌਕੇ ਮੁੱਖ ਬੁਲਾਰੇ ਵਜੋਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕਾਮਰੇਡ ਹਰਦੇਵ ਅਰਸ਼ੀ ਦੀ ਸ਼ਖ਼ਸੀਅਤ ਪ੍ਰੇਰਿਤ ਕਰਨ ਵਾਲੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਸੂਬੇ ’ਚ ਪੰਜਾਬੀ ਭਾਸ਼ਾ ਦੇ ਪਸਾਰ ਲਈ ਸਾਹਿਤਕ ਜਥੇਬੰਦੀਆਂ ਕੋਲੋਂ ਸਹਿਯੋਗ ਲਿਆ ਜਾਵੇ। ਹਰਦੇਵ ਅਰਸ਼ੀ ਨੇ ਕਿਹਾ ਕਿ ਉਨ੍ਹਾਂ ਦੀ ਕੋਈ ਵੀ ਪ੍ਰਾਪਤੀ ਪਰਿਵਾਰ ਅਤੇ ਉਨ੍ਹਾਂ ਦੀ ਪਤਨੀ ਦਲਜੀਤ ਕੌਰ ਅਰਸ਼ੀ ਦੇ ਸਹਿਯੋਗ ਬਗ਼ੈਰ ਅਧੂਰੀ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜਤਿੰਦਰ ਪੰਨੂ ਨੇ ਕਾਮਰੇਡ ਅਰਸ਼ੀ ਨਾਲ ਆਪਣੀ ਲੰਮੀ ਸਾਂਝ ਦਾ ਜ਼ਿਕਰ ਕੀਤਾ। ਇਸ ਮੌਕੇ ਮਹਿਮਾਨਾਂ ਦਾ ਸਵਾਗਤ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਕੀਤਾ। ਮੰਚ ਸੰਚਾਲਨ ਗੁਰਨਾਮ ਕੰਵਰ ਅਤੇ ਮਹਿਮਾਨਾਂ ਦੀ ਧੰਨਵਾਦ ਭੁਪਿੰਦਰ ਸਿੰਘ ਮਲਿਕ ਨੇ ਕੀਤਾ ਹੈ।