ਰਾਜਪੁਰਾ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਬੇਅਦਬੀ ਦੀ ਕੋਸ਼ਿਸ਼

ਰਾਜਪੁਰਾ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਬੇਅਦਬੀ ਦੀ ਕੋਸ਼ਿਸ਼

ਰਾਜਪੁਰਾ- ਰਾਜਪੁਰਾ ਟਾਊਨ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਅੱਜ ਸਵੇਰੇ ਇਕ ਨੌਜਵਾਨ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ ’ਤੇ ਮੌਜੂਦ ਸੇਵਾਦਾਰਾਂ ਨੇ ਫੜ ਕੇ ਪੁਲੀਸ ਹਵਾਲੇ ਕੀਤਾ। ਨੌਜਵਾਨ ਦੀ ਪਛਾਣ ਸਾਹਿਲ ਅਰੋੜਾ ਵਾਸੀ ਆਨੰਦ ਕਲੋਨੀ ਰਾਜਪੁਰਾ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਮਗਰੋਂ ਐੱਸਡੀਐੱਮ ਰਾਜਪੁਰਾ ਡਾ. ਸੰਜੀਵ ਕੁਮਾਰ ਤੇ ਡੀਐੱਸਪੀ ਰਾਜਪੁਰਾ ਸੁਰਿੰਦਰ ਮੋਹਨ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਮੌਕੇ ਦਾ ਜਾਇਜ਼ਾ ਲਿਆ। ਗੁਰਦੁਆਰੇ ਦੇ ਮੁੱਖ ਸੇਵਾਦਾਰ ਭਾਈ ਅਬਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਉਕਤ ਨੌਜਵਾਨ ਨੰਗੇ ਸਿਰ ਤੇ ਪੈਰਾਂ ’ਚ ਜੁੱਤੀ ਪਾ ਕੇ ਗੁਰਦੁਆਰਾ ਸਾਹਿਬ ਦੀ ਡਿਓਢੀ ਤੋਂ ਸਿੱਧਾ ਦਰਬਾਰ ਸਾਹਿਬ ਵਿੱਚ ਦਾਖ਼ਲ ਹੋ ਗਿਆ। ਨੌਜਵਾਨ ਗੁਰੂ ਗ੍ਰੰਥ ਸਾਹਿਬ ਵੱਲ ਵੱਧ ਰਿਹਾ ਸੀ, ਜਦੋਂ ਉਥੇ ਮੌਜੂਦ ਸੇਵਾਦਾਰਾਂ ਤੇ ਸੰਗਤ ਨੇ ਉਸ ਨੂੰ ਫੜ ਲਿਆ। ਉਨ੍ਹਾਂ ਦੱਸਿਆ ਕਿ ਨੌਜਵਾਨ ਗੁਰਦੁਆਰੇ ਨੇੜੇ ਹੀ ਰਹਿੰਦਾ ਹੈ। ਤਲਾਸ਼ੀ ਦੌਰਾਨ ਨੌਜਵਾਨ ਦੀ ਜੇਬ ਵਿੱਚੋਂ ਇੱਕ ਗੱਡੀ ਦੀ ਚਾਬੀ ਨਿਕਲੀ ਹੈ। ਡੀਐੱਸਪੀ ਸੁਰਿੰਦਰ ਮੋਹਨ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਕਤ ਨੌਜਵਾਨ ਵਿਆਹਿਆ ਹੋਇਆ ਹੈ ਤੇ ਕਿਸੇ ਦੁਕਾਨ ’ਤੇ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਖ਼ਿਲਾਫ਼ 295-ਏ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਤੇ ਪੁਲੀਸ ਵੱਲੋਂ ਉਸ ਦੇ ਮੋਬਾਈਲ ਫੋਨ ਦੀ ਪੜਤਾਲ ਕੀਤੀ ਜਾ ਰਹੀ ਹੈ।

ਸਰਕਾਰ ਦੀ ਢਿੱਲ ਕਾਰਨ ਮੁਲਜ਼ਮਾਂ ਦੇ ਹੌਸਲੇ ਵਧੇ: ਧਾਮੀ

ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਪੁਰਾ ਵਿੱਚ ਇਕ ਵਿਅਕਤੀ ਵੱਲੋਂ ਨੰਗੇ ਸਿਰ ਅਤੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸਿੱਖ ਵਿਰੋਧੀ ਕਾਰਵਾਈਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਪੰਜਾਬ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਗੁਰਦੁਆਰੇ ਸਿੱਖਾਂ ਲਈ ਵੱਡੀ ਆਸਥਾ ਦਾ ਕੇਂਦਰ ਹਨ, ਜਿਥੇ ਕੋਈ ਵੀ ਮਰਿਆਦਾ ਵਿਰੁੱਧ ਹਰਕਤ ਨਾਲ ਕੌਮ ਅੰਦਰ ਰੋਸ ਪੈਦਾ ਹੋਣਾ ਸੁਭਾਵਿਕ ਹੈ। ਉਨ੍ਹਾਂ ਰੋਸ ਜ਼ਾਹਿਰ ਕੀਤਾ ਕਿ ਸਰਕਾਰ ਦੀ ਨਾਕਾਮੀ ਕਰਕੇ ਬੇਅਦਬੀ ਕਰਨ ਵਾਲੇ ਲੋਕਾਂ ਦੇ ਹੌਸਲੇ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਕੋਈ ਆਮ ਘਟਨਾਵਾਂ ਨਹੀਂ ਹਨ, ਇਨ੍ਹਾਂ ਪਿੱਛੇ ਸਾਜ਼ਿਸ਼ੀ ਲੋਕ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਸਾਹਮਣੇ ਲਿਆਂਦਾ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਗੁਰਦੁਆਰਿਆਂ ਅੰਦਰ ਸੇਵਾ-ਸੰਭਾਲ ਲਈ ਸੰਜੀਦਾ ਪਹੁੰਚ ਅਪਣਾਈ ਜਾਵੇ, ਤਾਂ ਜੋ ਸ਼ਰਾਰਤੀ ਲੋਕ ਆਪਣੇ ਮਨਸੂਬਿਆਂ ’ਚ ਕਾਮਯਾਬ ਨਾ ਹੋ ਸਕਣ।