ਗੁਰਦੁਆਰਾ ਬੁੰਗਾ ਨਾਨਕਸਰ ਵਿਵਾਦ – ਸ਼੍ਰੋਮਣੀ ਕਮੇਟੀ ਤੇ ਬੁੰਗਾ ਕਮੇਟੀ ਦੀ ਡੀਸੀ ਨਾਲ ਮੀਟਿੰਗ ਬੇਸਿੱਟਾ

ਗੁਰਦੁਆਰਾ ਬੁੰਗਾ ਨਾਨਕਸਰ ਵਿਵਾਦ – ਸ਼੍ਰੋਮਣੀ ਕਮੇਟੀ ਤੇ ਬੁੰਗਾ ਕਮੇਟੀ ਦੀ ਡੀਸੀ ਨਾਲ ਮੀਟਿੰਗ ਬੇਸਿੱਟਾ

ਤਲਵੰਡੀ ਸਾਬੋ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਬੁੰਗਾ ਨਾਨਕਸਰ (ਰਵਿਦਾਸੀਆ ਸਿੰਘਾਂ) ਵਿਚਕਾਰ ਲੰਮੀ ਅਦਾਲਤੀ ਲੜਾਈ ਮਗਰੋਂ ਫ਼ੈਸਲਾ ਆਪਣੇ ਹੱਕ ਵਿੱਚ ਆਉਣ ਦਾ ਦਾਅਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਪਿਛਲੇ ਦਿਨੀਂ ਬੁੰਗਾ ਨਾਨਕਸਰ ਦੀ ਜ਼ਮੀਨ ’ਤੇ ਕੀਤੇ ਕਥਿਤ ਕਬਜ਼ੇ ਮਗਰੋਂ ਪੈਦਾ ਹੋਏ ਵਿਵਾਦ ਨੂੰ ਹੱਲ ਕਰਨ ਲਈ ਅੱਜ ਡੀਸੀ ਬਠਿੰਡਾ ਨਾਲ ਸ਼੍ਰੋਮਣੀ ਕਮੇਟੀ ਅਤੇ ਬੁੰਗਾ ਕਮੇਟੀ ਦੀ ਹੋਈ ਮੀਟਿੰਗ ਬੇਸਿੱਟਾ ਰਹੀ।

ਇਸ ਦੌਰਾਨ ਗੁਰਦੁਆਰੇ ਵਿੱਚ ਬਹੁਜਨ ਸਮਾਜ ਦੀ ਵਿਸ਼ਾਲ ਇਕੱਤਰਤਾ ਵੀ ਕੀਤੀ ਗਈ, ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸੂਬੇ ਭਰ ’ਚੋਂ ਦਲਿਤ ਭਾਈਚਾਰੇ ਨਾਲ ਸਬੰਧਤ ਧਾਰਮਿਕ ਅਤੇ ਸਿਆਸੀ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੁੰਗਾ ਨਾਨਕਸਰ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਸਿਆਸੀ ਆਗੂਆਂ ਨੇ ਸ਼੍ਰੋਮਣੀ ਕਮੇਟੀ ’ਤੇ ਦਲਿਤ ਭਾਈਚਾਰੇ ਨੂੰ ਜਾਣ-ਬੁੱਝ ਕੇ ਗੁਰੂਘਰਾਂ ਤੋਂ ਦੂਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇੱਕ ਸਾਜ਼ਿਸ਼ ਤਹਿਤ ਦਲਿਤ ਭਾਈਚਾਰੇ ਤੋਂ ਉਨ੍ਹਾਂ ਦੇ ਧਾਰਮਿਕ ਸਥਾਨ ਖੋਹ ਕੇ ਡੇਰਿਆਂ ਵੱਲ ਧੱਕਿਆ ਜਾ ਰਿਹਾ ਹੈ। ਆਗੂਆਂ ਨੇ ਇੱਕਜੁਟ ਹੁੰਦਿਆਂ ਅਹਿਦ ਕੀਤਾ ਕਿ ਜਦੋਂ ਤੱਕ ਸਮੁੱਚੇ ਭਾਈਚਾਰੇ ਦੀ ਮੰਗ ਮੁਤਾਬਕ ਫ਼ੈਸਲਾ ਨਹੀਂ ਹੁੰਦਾ ਉਦੋਂ ਤੱਕ ਸ਼੍ਰੋਮਣੀ ਕਮੇਟੀ ਨੂੰ ਬੁੰਗਾ ਨਾਨਕਸਰ ’ਤੇ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ। ਇਕੱਤਰਤਾ ਵਿੱਚ ਸ਼ਾਮਲ ਹੋਣ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਇਹ ਮਸਲਾ ਸਿੱਖ ਧਰਮ ਦਾ ਅੰਦਰੂਨੀ ਹੈ। ਇਸ ਲਈ ਉਹ ਖੁਦ ਦਖ਼ਲ ਦੇ ਕੇ ਮਸਲੇ ਦਾ ਹੱਲ ਕਰਵਾਉਣ। ਉਨ੍ਹਾਂ ਹਰਜਿੰਦਰ ਸਿੰਘ ਧਾਮੀ ਨੂੰ ਵੀ ਅਪੀਲ ਕੀਤੀ ਕਿ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀ ਸਹਿਮਤੀ ਮੁਤਾਬਕ ਫ਼ੈਸਲਾ ਲਿਆ ਜਾਵੇ। ਇਸ ਮੌਕੇ ਰਵਿਦਾਸ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਜੱਸੀ ਤੱਲ੍ਹਣ, ਬਸਪਾ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਤੇ ਦਲਿਤ ਮਹਾਂ ਪੰਚਾਇਤ ਦੇ ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਭਲਕੇ 17 ਮਈ ਨੂੰ ਡੀਸੀ ਬਠਿੰਡਾ ਮੌਕਾ ਦੇਖਣ ਲਈ ਤਲਵੰਡੀ ਸਾਬੋ ਪੁੱਜ ਰਹੇ ਹਨ। ਜੇਕਰ ਭਾਈਚਾਰੇ ਦੀ ਮੰਗ ਮੁਤਾਬਕ ਫ਼ੈਸਲਾ ਨਾ ਲਿਆ ਗਿਆ ਤਾਂ 22 ਮਈ ਨੂੰ ‘ਪੰਜਾਬ ਬੰਦ’ ਦਾ ਸੱਦਾ ਦਿੱਤਾ ਜਾਵੇਗਾ।

ਇਕੱਤਰਤਾ ਮਗਰੋਂ ਦਲਿਤ ਭਾਈਚਾਰੇ ਵੱਲੋਂ ਵਿਵਾਦਤ ਜਗ੍ਹਾ ’ਚ ਦਾਖ਼ਲ ਹੋਣ ਕੋਸ਼ਿਸ਼

ਸਥਾਨਕ ਗੁਰਦੁਆਰਾ ਬੁੰਗਾ ਨਾਨਕਸਰ (ਰਵਿਦਾਸੀਆ ਸਿੰਘਾਂ) ਦੀ ਜ਼ਮੀਨ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਕਬਜ਼ੇ ਬਾਰੇ ਅੱਜ ਗੁਰਦੁਆਰੇ ਵਿੱਚ ਦਲਿਤ ਭਾਈਚਾਰੇ ਦੀ ਹੋਈ ਇਕੱਤਰਤਾ ਸਮਾਪਤ ਹੋਣ ਮਗਰੋਂ ਦਲਿਤ ਭਾਈਚਾਰੇ ਦੇ ਲੋਕਾਂ ਨੇ ਵਿਵਾਦ ਵਾਲੀ ਜਗ੍ਹਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਮੌਕੇ ’ਤੇ ਮੌਜੂਦ ਪੁਲੀਸ ਅਧਿਕਾਰੀਆਂ ਤੇ ਆਗੂਆਂ ਨੇ ਜੋਸ਼ ਵਿੱਚ ਆਏ ਹਜੂਮ ਨੂੰ ਸਮਝਾ ਕੇ ਸ਼ਾਂਤ ਕੀਤਾ। ਇਸ ਨਾਲ ਕੋਈ ਵੱਡੀ ਘਟਨਾ ਵਾਪਰਨ ਤੋਂ ਰੋਕ ਲਈ ਗਈ।