ਵੱਡੀਆਂ ਜ਼ਮੀਨਾਂ, ਰੇਤੇ ਦੀਆਂ ਖੱਡਾਂ ਤੇ ਘੋੜਿਆਂ ਤੱਕ ਫੈਲੇ ਕਿੱਕੀ ਦੇ ਕਾਰੋਬਾਰ

ਵੱਡੀਆਂ ਜ਼ਮੀਨਾਂ, ਰੇਤੇ ਦੀਆਂ ਖੱਡਾਂ ਤੇ ਘੋੜਿਆਂ ਤੱਕ ਫੈਲੇ ਕਿੱਕੀ ਦੇ ਕਾਰੋਬਾਰ

ਫਰੀਦਕੋਟ ਸਥਿਤ ਰਿਹਾਇਸ਼ ’ਚ ਸੁੰਨ ਪੱਸਰੀ; ਮਰਸਿਡੀਜ਼ ਕਾਰਾਂ ਤੋਂ ਮਹਿੰਗੇ ਰੱਖੇ ਹਨ ਘੋੜੇ
ਫਰੀਦਕੋਟ- ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਫ਼ਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ੍ਰੀ ਢਿੱਲੋਂ ਦੇ ਘਰ ਸੰਨਾਟਾ ਪਸਰ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਇੱਥੇ ਨਹੀਂ ਹਨ। ਇਹ ਦੋਵੇਂ ਸਾਥੀ ਵਿਧਾਇਕ ਦੇ ਬੇਹੱਦ ਕਰੀਬੀ ਹਨ। ਕਾਂਗਰਸੀ ਆਗੂ ਨੇ ਇਨ੍ਹਾਂ ਦੋਹਾਂ ਦੇ ਨਾਂ ’ਤੇ ਕਾਰੋਬਾਰ ਚਲਾਏ ਹੋਏ ਸਨ।

ਵਿਜੀਲੈਂਸ ਪਿਛਲੇ ਪੰਜ ਮਹੀਨਿਆਂ ਤੋਂ ਸਾਬਕਾ ਵਿਧਾਇਕ ਖ਼ਿਲਾਫ਼ ਪਿਛਲੇ ਪੰਜਾਂ ਸਾਲਾਂ ਦੌਰਾਨ ਬਣਾਈ ਜਾਇਦਾਦ ਦੀ ਪੜਤਾਲ ਕਰ ਰਹੀ ਸੀ। ਵਿਜੀਲੈਂਸ ਨੇ ਆਪਣੀ ਪੜਤਾਲ ’ਚ ਖ਼ੁਲਾਸਾ ਕੀਤਾ ਹੈ ਕਿ ਸਾਬਕਾ ਵਿਧਾਇਕ ਨੇ ਪਿੰਡ ਮੁਮਾਰਾ ਵਿੱਚ 70 ਏਕੜ ਜ਼ਮੀਨ ਗੁਰਸੇਵਕ ਸਿੰਘ ਦੇ ਨਾਂ ’ਤੇ ਖ਼ਰੀਦੀ ਸੀ ਅਤੇ ਇਸ ਤੋਂ ਇਲਾਵਾ ਵਿਧਾਇਕ ਵੱਲੋਂ ਰੇਤੇ ਦੀਆਂ ਖੱਡਾਂ ਠੇਕੇ ’ਤੇ ਲੈ ਕੇ ਵੀ ਚਲਾਈਆਂ ਜਾ ਰਹੀਆਂ ਸਨ। ਕੁਸ਼ਲਦੀਪ ਸਿੰਘ ਢਿੱਲੋਂ ਰੀਅਲ ਅਸਟੇਟ ਦੇ ਨਾਲ-ਨਾਲ ਟਰਾਂਸਪੋਰਟ, ਪੈਟਰੋਲ ਪੰਪ ਅਤੇ ਹੋਰ ਵੀ ਕਾਰੋਬਾਰ ਚਲਾ ਰਹੇ ਸਨ। ਇਸ ਤੋਂ ਇਲਾਵਾ ਕੁਸ਼ਲਦੀਪ ਸਿੰਘ ਢਿੱਲੋਂ ਹੌਰਸ ਕਲੱਬ ਪੰਜਾਬ ਦੇ ਪ੍ਰਧਾਨ ਹਨ। ਉਨ੍ਹਾਂ ਕੋਲ ਸੁਰਖਾਬ ਵਰਗੇ ਮਹਿੰਗੀ ਨਸਲ ਦੇ ਘੋੜੇ ਵੀ ਹਨ, ਜਿਨ੍ਹਾਂ ਦਾ ਮੁੱਲ ਮਰਸਿਡੀਜ਼ ਕਾਰਾਂ ਦੇ ਬਰਾਬਰ ਹੈ। ਪਿਛਲੀ ਕਾਂਗਰਸ ਸਰਕਾਰ ਦੌਰਾਨ ਕੁਸ਼ਲਦੀਪ ਸਿੰਘ ਢਿੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਾਕਾਰ ਰਹਿ ਚੁੱਕੇ ਹਨ ਅਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਿੱਚ ਉਨ੍ਹਾਂ ਨੂੰ ਮਾਰਕਫੈੱਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਫ਼ਰੀਦਕੋਟ ਜ਼ਿਲ੍ਹੇ ’ਚ ਸੈਂਕੜੇ ਕਰੋੜ ਦੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਹੋਈ ਹੈ ਅਤੇ ਮਨਰੇਗਾ ਦੇ ਫੰਡਾਂ ’ਚ ਵੀ ਕਰੋੜਾਂ ਰੁਪਏ ਦਾ ਘਪਲਾ ਹੋਇਆ ਹੈ। ਕੇਂਦਰੀ ਟੀਮ ਇਸ ਮਾਮਲੇ ਵਿੱਚ ਪਹਿਲਾਂ ਹੀ ਬੇਨਿਯਮੀਆਂ ਨੂੰ ਉਜਾਗਰ ਕਰ ਚੁੱਕੀ ਹੈ ਅਤੇ 19 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਸੀ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਢਿੱਲੋਂ ਦੀ ਗ੍ਰਿਫ਼ਤਾਰੀ ਨਾਲ ਸਪੱਸ਼ਟ ਹੋ ਗਿਆ ਹੈ ਕਿ ਫ਼ਰੀਦਕੋਟ ਜ਼ਿਲ੍ਹੇ ’ਚ ਆਏ ਸਰਕਾਰੀ ਫੰਡਾਂ ’ਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਪਾਰਦਰਸ਼ੀ ਤਰੀਕੇ ਨਾਲ ਪੜਤਾਲ ਮੁਕੰਮਲ ਕਰਨ ਮਗਰੋਂ ਸਾਬਕਾ ਵਿਧਾਇਕ ਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕਾਨੂੰਨ ਅਨੁਸਾਰ ਹੀ ਕਾਰਵਾਈ ਹੋਵੇਗੀ।