ਵਿਰੋਧੀ ਆਗੂਆਂ ਦਾ ਮਾਨਸਿਕ ਤਵਾਜ਼ਨ ਵਿਗੜਿਆ: ਭਗਵੰਤ ਮਾਨ

ਵਿਰੋਧੀ ਆਗੂਆਂ ਦਾ ਮਾਨਸਿਕ ਤਵਾਜ਼ਨ ਵਿਗੜਿਆ: ਭਗਵੰਤ ਮਾਨ

ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਆਧੁਨਿਕ ਬੱਸ ਅੱਡੇ ਦਾ ਉਦਘਾਟਨ
ਪਟਿਆਲਾ, ਦੇਵੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਟਿਆਲਾ ਵਿੱਚ 61 ਕਰੋੜ ਦੀ ਲਾਗਤ ਨਾਲ ਬਣੇ ਅਤਿ ਆਧੁਨਿਕ ਬੱਸ ਅੱਡੇ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਦੀ ਤਰਜ਼ ’ਤੇ ਸੂਬੇ ’ਚ ਹੋਰ ਬੱਸ ਅੱਡੇ ਵੀ ਉਸਾਰੇ ਜਾਣਗੇ।

ਜਲੰਧਰ ਜ਼ਿਮਨੀ ਚੋਣ ਵਿੱਚ ਮਿਲੀ ਜਿੱਤ ਬਾਰੇ ਗੱਲਬਾਤ ਕਰਦਿਆਂ ਸ੍ਰੀ ਨੇ ਕਿਹਾ ਕਿ ਜਲੰਧਰ ਵਾਸੀਆਂ ਨੇ ‘ਆਪ’ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੇ ਆਧਾਰ ’ਤੇ ਅਕਾਲੀ ਦਲ, ਭਾਜਪਾ ਤੇ ਕਾਂਗਰਸੀ ਆਗੂਆਂ ਦੇ ਹੰਕਾਰ ਨੂੰ ਕਰਾਰਾ ਜਵਾਬ ਦਿੱਤਾ ਹੈ। ਵਿਰੋਧੀ ਧਿਰਾਂ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੇ ਆਗੂ ਤਹਿਜ਼ੀਬ ਭੁੱਲ ਗਏ ਹਨ ਅਤੇ ਆਪਣਾ ਮਾਨਸਿਕ ਤਵਾਜ਼ਨ ਗੁਆ ਬੈਠੇ ਹਨ। ਉਨ੍ਹਾਂ ਆਖਿਆ ਕਿ ਉਕਤ ਆਗੂ ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਭੁੱਲ ਕੇ ਮੈਨੂੰ ਮੰਦਾ-ਚੰਗਾ ਬੋਲਦੇ ਰਹੇੇ ਪਰ ਪਹਾੜੀ ਸਕੂਲਾਂ ਵਿੱਚ ਪੜ੍ਹੇ ਇਹ ਆਗੂ, ਪੇਂਡੂ ਸਕੂਲਾਂ ਵਿੱਚ ਪੜ੍ਹੇ ਲੋਕਾਂ ਦੀ ਸਮਝਦਾਰੀ ਅੱਗੇ ਹਾਰ ਗਏ। ਭਗਵੰਤ ਮਾਨ ਨੇ ਐਲਾਨ ਕੀਤਾ ਕਿ ਇਸ ਵਾਰ ਝੋਨੇ ਦੇ ਸੀਜ਼ਨ ਦੌਰਾਨ ਨਹਿਰਾਂ ਵਿੱਚ ਵਧੇਰੇ ਪਾਣੀ ਛੱਡਿਆ ਜਾਵੇਗਾ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ।

ਸੁਖਬੀਰ ਸਿੰਘ ਬਾਦਲ ਬਾਰੇ ਪੁੱਛੇ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟਦਿਆਂ ਸ੍ਰੀ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬ ਦੇ ਮਸਲਿਆਂ ਅਤੇ ਸੂਬੇ ਦੀ ਰੂਹਾਨੀਅਤ ਦਾ ਪਤਾ ਹੀ ਨਹੀਂ ਹੈ। ਬਿਕਰਮ ਸਿੰਘ ਮਜੀਠੀਆ ਬਾਰੇ ਉਨ੍ਹਾਂ ਕਿਹਾ ਕਿ ਉਹ ਹੁਣ ਉਨ੍ਹਾਂ ਦੀਆਂ ਗੱਲਾਂ ਦਾ ਕੀ ਜਵਾਬ ਦਈਏ, ਜਿਨ੍ਹਾਂ ਦੇ ਪੁਰਖਿਆਂ ਨੇ ਜਨਰਲ ਓ’ਡਵਾਇਰ ਨੂੰ ਉਸੇ ਸ਼ਾਮ ਆਪਣੇ ਘਰ ਰਾਤ ਦੇ ਭੋਜ ’ਤੇ ਸੱਦਿਆ ਸੀ, ਜਿਸ ਦਿਨ ਉਸ ਨੇ ਜੱਲ੍ਹਿਆਂਵਾਲਾ ਬਾਗ਼ ਵਿੱਚ ਬੇਗੁਨਾਹ ਭਾਰਤੀਆਂ ਨੂੰ ਕਤਲ ਕੀਤਾ ਸੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ’ਚ ਲੰਬੀ ਕੋਲ ਮਹੂਆਣਾ ਵਿੱਚ ਇੱਕ ਹੀ ਡਰਾਈਵਿੰਗ ਸਕੂਲ ਬਣਾਇਆ ਗਿਆ ਹੈ, ਪਰ ਹੁਣ ਸਰਕਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਇਕ ਡਰਾਈਵਿੰਗ ਸਕੂਲ ਅਮਰਗੜ੍ਹ ਕੋਲ ਪਿੰਡ ਤੋਲੇਵਾਲ ਵਿੱਚ ਬਣਾਇਆ ਜਾਵੇਗਾ। ਇਸੇ ਤਰ੍ਹਾਂ ਮਾਝੇ ਤੇ ਦੁਆਬੇ ਵਿੱਚ ਵੀ ਡਰਾਈਵਿੰਗ ਸਕੂਲ ਬਣਾਏ ਜਾਣਗੇ।