ਰਿੰਕੂ ਦੀ ਜਿੱਤ: ਤਿੰਨ ਵਿਧਾਨ ਸਭਾ ਹਲਕਿਆਂ ਨੇ ‘ਆਪ’ ਦੀ ਜਿੱਤ ਦਾ ਪਿੜ ਬੰਨ੍ਹਿਆ

ਰਿੰਕੂ ਦੀ ਜਿੱਤ: ਤਿੰਨ ਵਿਧਾਨ ਸਭਾ ਹਲਕਿਆਂ ਨੇ ‘ਆਪ’ ਦੀ ਜਿੱਤ ਦਾ ਪਿੜ ਬੰਨ੍ਹਿਆ

ਫਿਲੌਰ, ਕਰਤਾਰਪੁਰ ਤੇ ਸ਼ਾਹਕੋਟ ’ਚ ਪਈਆਂ ਵੋਟਾਂ ਨੇ ਪਲਟੀ ਬਾਜ਼ੀ
ਜਲੰਧਰ- ਸਥਾਨਕ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੀ ਜਿੱਤ ਲਈ ਜਿਹੜੇ ਵਿਧਾਨ ਸਭਾ ਹਲਕਿਆਂ ਨੇ ਪਿੜ ਬੰਨ੍ਹਣ ਵਿੱਚ ਮੋਹਰੀ ਭੂਮਿਕਾ ਨਿਭਾਈ ਉਨ੍ਹਾਂ ਵਿੱਚ ਫਿਲੌਰ, ਕਰਤਾਰਪੁਰ ਅਤੇ ਸ਼ਾਹਕੋਟ ਸ਼ਾਮਲ ਹਨ। ਇਨ੍ਹਾਂ ਹਲਕਿਆਂ ਵਿੱਚੋਂ ‘ਆਪ’ ਦੇ ਉਮੀਦਵਾਰ ਨੂੰ ਕੁੱਲ 1 ਲੱਖ 12 ਹਾਜ਼ਾਰ 618 ਵੋਟਾਂ ਮਿਲੀਆਂ ਹਨ। ਉਂਜ ਤਾਂ 9 ਵਿਧਾਨ ਸਭਾ ਹਲਕਿਆਂ ਵਿੱਚੋਂ ਪੰਜ ਅਜਿਹੇ ਹਲਕੇ ਹਨ ਜਿੱਥੋਂ ਹਰ ਹਲਕੇ ਵਿੱਚੋਂ ਸੁਸ਼ੀਲ ਕੁਮਾਰ ਰਿੰਕੂ 30,000 ਤੋਂ ਵੱਧ ਵੋਟਾਂ ਲੈ ਕੇ ਗਏ।

ਫਿਲੌਰ ਵਿਧਾਨ ਸਭਾ ਹਲਕਾ ਅਜਿਹਾ ਹਲਕਾ ਹੈ ਜਿੱਥੇ ਚੌਧਰੀ ਪਰਿਵਾਰ ਦੀ 2007 ਤੋਂ ਲਗਾਤਾਰ ਹਾਰ ਹੋ ਰਹੀ ਸੀ। ਅਸਲ ਕਮਜ਼ੋਰ ਕੜੀ ਫਿਲੌਰ ਦਾ ਵਿਧਾਨ ਸਭਾ ਹਲਕਾ ਹੀ ਸਾਬਿਤ ਹੋਇਆ। ਸਾਲ 2007 ਅਤੇ 2012 ਦੀਆਂ ਚੋਣਾਂ ਚੌਧਰੀ ਸੰਤੋਖ ਸਿੰਘ ਫਿਲੌਰ ਤੋਂ ਲਗਾਤਾਰ ਹਾਰੇ ਸਨ। 2014 ਦੀਆਂ ਲੋਕ ਸਭਾ ਚੋਣਾਂ ਆਈਆਂ ਤਾਂ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਪਿਛਲੇ ਜੇਤੂ ਮਹਿੰਦਰ ਸਿੰਘ ਕੇਪੀ ਦੀ ਟਿਕਟ ਕੱਟ ਕੇ ਚੌਧਰੀ ਸੰਤੋਖ ਸਿੰਘ ਨੂੰ ਦਿੱਤੀ ਗਈ ਤਾਂ ਉਹ ‘ਆਪ’ ਦੇ ਉਭਾਰ ਦੇ ਬਾਵਜੂਦ 70 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤ ਗਏ ਸਨ।

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਫਿਲੌਰ ਤੋਂ ਆਪਣੇ ਪੁੱਤਰ ਚੌਧਰੀ ਬਿਕਰਮਜੀਤ ਸਿੰਘ ਨੂੰ ਕਾਂਗਰਸ ਦੀ ਟਿਕਟ ਲੈ ਕੇ ਦਿੱਤੀ, ਉਹ ਵੀ ਆਪਣੀ ਪਹਿਲੀ ਚੋਣ ਬੁਰੀ ਤਰ੍ਹਾਂ ਹਾਰ ਗਏ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਹਾਈ ਕਮਾਨ ਨੇ ਦਲਿਤ ਪੱਤਾ ਖੇਡਦਿਆਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਪਰ ਇਸ ਦਾ ਅਸਰ ਸਿਰਫ਼ ਦੋਆਬੇ ਤੱਕ ਹੀ ਸੀਮਤ ਰਿਹਾ। ਚੰਨੀ ਫੈਕਟਰ ਦੇ ਚੱਲਦਿਆਂ ਤੇ ਬਸਪਾ ਦੇ ਬਾਗ਼ੀ ਧੜੇ ਵੱਲੋਂ ਫਿਲੌਰ ਵਿੱਚ ਕਾਂਗਰਸ ਦੀ ਹਮਾਇਤ ਕਰਨ ਮਗਰੋਂ ਚੌਧਰੀ ਪਰਿਵਾਰ ਦੇ 15 ਸਾਲਾਂ ਬਾਅਦ ਫਿਲੌਰ ਵਿੱਚ ਪੈਰ ਲੱਗੇ ਸਨ ਤੇ ਚੌਧਰੀ ਬਿਕਰਮਜੀਤ ਸਿੰਘ ਵਿਧਾਇਕ ਬਣੇ ਹਨ।

ਜਿੱਤ ਦਾ ਇਹ ਵੱਡਾ ਫ਼ਰਕ ਇਸ ਹਲਕੇ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਚੁੱਕੇ ਵਾਤਾਵਰਨ ਦੇ ਮੁੱਦੇ ਕਾਰਨ ਵੀ ਪਿਆ ਦੱਸਿਆ ਜਾ ਰਿਹਾ ਹੈ। ਸੀਚੇਵਾਲ ਪਿੰਡ ਵਿੱਚੋਂ ਹੀ 435 ਵੋਟਾਂ ‘ਆਪ’ ਨੂੰ ਪਈਆਂ, ਕਾਂਗਰਸ ਨੂੰ 90 ਅਤੇ ਅਕਾਲੀ ਦਲ ਨੂੰ 70 ਵੋਟਾਂ ਹੀ ਮਿਲੀਆਂ। ਇਹੀ ਹਾਲ ਸੀਚੇਵਾਲ ਦੇ ਨਾਲ ਲੱਗਦੇ ਪਿੰਡਾਂ ਵਿੱਚ ਵੀ ਰਿਹਾ।