ਜ਼ਿਮਨੀ ਚੋਣ ਨਤੀਜਿਆਂ ਤੋਂ ਸਬਕ ਸਿੱਖੇਗੀ ਕਾਂਗਰਸ: ਚੌਧਰੀ

ਜ਼ਿਮਨੀ ਚੋਣ ਨਤੀਜਿਆਂ ਤੋਂ ਸਬਕ ਸਿੱਖੇਗੀ ਕਾਂਗਰਸ: ਚੌਧਰੀ

‘ਆਪ’ ਉੱਤੇ ਚੋਣ ਪ੍ਰਚਾਰ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਦੋਸ਼ ਲਾਏ
ਜਲੰਧਰ- ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਤੋਂ ਵੱਡੇ ਫ਼ਰਕ ਨਾਲ ਹਾਰਨ ਤੋਂ ਬਾਅਦ ਕਾਂਗਰਸ ਦੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਨੇ ਕਿਹਾ ਕਿ ਕਾਂਗਰਸ ਜ਼ਿਮਨੀ ਚੋਣ ਨਤੀਜਿਆਂ ਤੋਂ ਸਬਕ ਸਿੱਖੇਗੀ। ਅਗਲੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵਾਪਸੀ ਕਰੇਗੀ। ਜਲੰਧਰ ਦੇ ਵਿਜੈ ਨਗਰ ਵਿਚਲੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਰਮਜੀਤ ਚੌਧਰੀ ਨੇ ਦੋਸ਼ ਲਾਇਆ ਕਿ ‘ਆਪ’ ਦੀ ਜਿੱਤ ਜਮਹੂਰੀਅਤ ਦਾ ਕਤਲ ਹੈ ਕਿਉਂਕਿ ਜ਼ਿਮਨੀ ਚੋਣ ਦੌਰਾਨ ‘ਆਪ’ ਨੇ ਪੈਸੇ ਤੇ ਸ਼ਰਾਬ ਦੀ ਵਰਤੋਂ ਕਰਕੇ ਅਤੇ ਡਰਾ ਧਮਕਾ ਕੇ ਵੋਟਾਂ ਖ਼ਰੀਦੀਆਂ ਸਨ। ਉਨ੍ਹਾਂ ਕਿਹਾ ਕਿ ‘ਆਪ’ ਆਗੂ ਅਕਸਰ ਦਾਅਵਾ ਕਰਦੇ ਹਨ ਕਿ ਇਹ ਇੱਕ ‘ਕੱਟੜ ਇਮਾਨਦਾਰ’ ਪਾਰਟੀ ਹੈ, ਪਰ ਇਹ ਚੋਣ ਜਿੱਤਣ ਲਈ ਉਨ੍ਹਾਂ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ। ਹਰ ਸਰਕਾਰੀ ਮਹਿਕਮੇ ਰਾਹੀਂ ਵੋਟਰਾਂ ’ਤੇ ਦਬਾਅ ਪਾਇਆ ਅਤੇ ‘ਆਪ’ ਨੂੰ ਸਮਰਥਨ ਨਾ ਦੇਣ ’ਤੇ ਕਾਂਗਰਸੀ ਕੌਂਸਲਰਾਂ, ਸਰਪੰਚਾਂ ਤੇ ਪੰਚਾਇਤਾਂ ਨੂੰ ਝੂਠੇ ਕੇਸ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ।

ਉਨ੍ਹਾਂ ਕਿਹਾ ਕਿ ਇਹ ਚੋਣ ਇਕੱਲੀ ‘ਆਪ’ ਨੇ ਨਹੀਂ ਲੜੀ ਸਗੋਂ ਪੂਰੀ ਸਰਕਾਰ ਨੇ ਲੜੀ ਹੈ। ‘ਆਪ’ ਦੇ ਹਰ ਮੰਤਰੀ ਅਤੇ ਵਿਧਾਇਕ ਨੇ ਹਲਕੇ ’ਚ ਚੋਣ ਪ੍ਰਚਾਰ ਕੀਤਾ। ਪੂਰੀ ਸਰਕਾਰੀ ਮਸ਼ੀਨਰੀ ਨੇ ਉਨ੍ਹਾਂ ਲਈ ਵੋਟਾਂ ਮੰਗੀਆਂ। ਚੋਣ ਦੌਰਾਨ ਲੋਕਾਂ ਵੱਲੋਂ ਦਿੱਤੇ ਸਮਰਥਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਪਾਰਟੀ ਚੋਣ ਪ੍ਰਚਾਰ ਦੌਰਾਨ ਰਹੀਆਂ ਕਮੀਆਂ ਪੇਸ਼ੀਆਂ ਨੂੰ ਸੁਧਾਰੇਗੀ ਅਤੇ ਅਗਲੇ ਸਾਲ ਜ਼ੋਰਦਾਰ ਢੰਗ ਨਾਲ ਵਾਪਸੀ ਕਰੇਗੀ। ਉਨ੍ਹਾਂ ਕਿਹਾ ਕਿ ਉਹ ਜਲੰਧਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਤੇ ਹਰ ਪੱਧਰ ਤੇ ਉਨ੍ਹਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਇਸ ਮੌਕੇ ਫਿਲੌਰ ਤੋਂ ਵਿਧਾਇਕ ਚੌਧਰੀ ਵਿਕਰਮਜੀਤ ਸਿੰਘ ਅਤੇ ਜ਼ਿਲ੍ਹਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਜਿੰਦਰ ਬੇਰੀ ਵੀ ਹਾਜ਼ਰ ਸਨ।