ਪਾਕਿਸਤਾਨੀ ਨਿਜ਼ਾਮ ਲਈ ਚੁਣੌਤੀ ਬਣੇ ਇਮਰਾਨ

ਪਾਕਿਸਤਾਨੀ ਨਿਜ਼ਾਮ ਲਈ ਚੁਣੌਤੀ ਬਣੇ ਇਮਰਾਨ

ਲਵ ਪੁਰੀ

ਨਵੰਬਰ 2019 ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫੇਰੀ ਮੌਕੇ ਪਾਕਿਸਤਾਨ ਦੇੇ ਨਾਰੋਵਾਲ ਜਿ਼ਲੇ ਦੇ ਇਕ ਨੌਜਵਾਨ ਨਾਲ ਜਦੋਂ ਮੈਂ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਸੀ, “ਕਪਤਾਨ ਪਾਕਿਸਤਾਨ ਲਈ ਸਭ ਤੋਂ ਵਧੀਆ ਹੈ ਅਤੇ ਉਹ ਦੇਸ਼ ਨੂੰ ਖੁਸ਼ਹਾਲੀ ਦੇ ਰਾਹ ’ਤੇ ਲੈ ਕੇ ਜਾਵੇਗਾ।” ਇਮਰਾਨ ਖ਼ਾਨ ਦੀ ਇਹ ਭਰਵੀਂ ਤਾਰੀਫ਼ ਤੋਂ ਪਾਕਿਸਤਾਨ ਅਵਾਮ ਖ਼ਾਸਕਰ ਨੌਜਵਾਨਾਂ ਅਤੇ ਪੜ੍ਹੇ ਲਿਖੇ ਮੱਧ ਵਰਗ ਅੰਦਰ ਉਨ੍ਹਾਂ ਦੀ ਲੋਕਪ੍ਰਿਅਤਾ ਦਾ ਪਤਾ ਲੱਗਦਾ ਸੀ।

ਲੰਘੇ ਮੰਗਲਵਾਰ ਨੂੰ ਪਾਕਿਸਤਾਨ ਰੇਂਜਰਜ਼ ਨੇ ਇਮਰਾਨ ਖ਼ਾਨ ਨੂੰ ਅਲ-ਕਾਦਿਰ ਟਰੱਸਟ ਕੇਸ ਦੇ ਸੰਬੰਧ ਵਿਚ ਗ੍ਰਿਫ਼ਤਾਰ ਕਰ ਲਿਆ ਜਿਸ ਤੋਂ ਬਾਅਦ ਦੇਸ਼ ਭਰ ਵਿਚ ਹਿੰਸਕ ਰੋਸ ਮੁਜ਼ਾਹਰੇ ਸ਼ੁਰੂ ਹੋ ਗਏ ਅਤੇ ਫ਼ੌਜੀ ਛਾਉਣੀਆਂ ਤੇ ਰਿਹਾਇਸ਼ੀ ਇਲਾਕਿਆਂ ਅੰਦਰ ਵੀ ਘਟਨਾਵਾਂ ਹੋਈਆਂ। ਇਸ ਕੇਸ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਸਰਕਾਰ ਦੌਰਾਨ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਦੋਸ਼ ਵੀ ਲਾਏ ਗਏ ਹਨ। ਇਮਰਾਨ ਖ਼ਾਨ ਆਪਣੇ ਖਿਲਾਫ਼ ਦਰਜ ਕਈ ਕੇਸਾਂ ਵਿਚ ਜ਼ਮਾਨਤ ਦੀ ਅਰਜ਼ੀ ਦਾਇਰ ਕਰਨ ਲਈ ਇਸਲਾਮਾਬਾਦ ਹਾਈ ਕੋਰਟ ਪਹੁੰਚਣ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਵਲੋਂ ਆਪਣੇ ਹਮਾਇਤੀਆਂ ਦੇ ਨਾਂ ਰਿਕਾਰਡ ਕਰ ਕੇ ਪਾਈ ਅਪੀਲ ਤੋਂ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਨੂੰ ਆਪਣੀ ਗ੍ਰਿਫ਼ਤਾਰੀ ਦਾ ਅੰਦੇਸ਼ਾ ਹੋ ਗਿਆ ਸੀ।

ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਉਤਰਨ ਮਗਰੋਂ ਇਮਰਾਨ ਖ਼ਾਨ ਸੋਸ਼ਲ ਮੀਡੀਆ ਅਤੇ ਜਨਤਕ ਰੈਲੀਆਂ ਰਾਹੀਂ ਆਪਣਾ ਸੰਦੇਸ਼ ਲੋਕਾਂ ਤੱਕ ਲਿਜਾ ਰਹੇ ਹਨ। ਪਿਛਲੇ ਇਕ ਸਾਲ ਦੌਰਾਨ ਉਨ੍ਹਾਂ ਆਪਣੀ ਹਮਾਇਤ ਦਾ ਆਧਾਰ ਫੈਲਾ ਕੇ ਅਤੇ ਇਕਜੁੱਟਤਾ ਕਾਇਮ ਕਰ ਕੇ ਆਪਣੇ ਆਲੋਚਕਾਂ ਨੂੰ ਗ਼ਲਤ ਸਿੱਧ ਕੀਤਾ ਹੈ। 3 ਨਵੰਬਰ 2022 ਨੂੰ ਉਨ੍ਹਾਂ ’ਤੇ ਹੋਏ ਹਮਲੇ ਨਾਲ ਉਨ੍ਹਾਂ ਦੇ ਹਮਾਇਤੀਆਂ ਅੰਦਰ ਇਸ ਬਿਰਤਾਂਤ ਨੂੰ ਹੋਰ ਬਲ ਮਿਲਿਆ ਕਿ ਪਾਕਿਸਤਾਨੀ ‘ਡੀਪ ਸਟੇਟ’ ਦਾ ਇਕ ਹਿੱਸਾ ਮੌਜੂਦਾ ਸਿਆਸੀ ਲੀਡਰਸ਼ਿਪ ਨਾਲ ਮਿਲ ਕੇ ਉਨ੍ਹਾਂ ਨੂੰ ਖਤਮ ਕਰਨਾ ਚਾਹੁੰਦਾ ਹੈ। ਜ਼ਾਹਿਰਾ ਤੌਰ ’ਤੇ ਇਹ ਜਾਪ ਰਿਹਾ ਹੈ ਕਿ ਇਮਰਾਨ ਖ਼ਾਨ ਵਲੋਂ ਪਾਕਿਸਤਾਨੀ ਫ਼ੌਜੀ ਲੀਡਰਸ਼ਿਪ ਦੇ ਇਕ ਹਿੱਸੇ ਖਿਲਾਫ਼ ਲਗਾਏ ਸੰਗੀਨ ਦੋਸ਼ਾਂ ਕਰ ਕੇ ਉਨ੍ਹਾਂ ਖਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉਹ ਫ਼ੌਜ ਦੇ ਸਾਬਕਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ’ਤੇ ਦੋਸ਼ ਲਾ ਚੁੱਕੇ ਸਨ ਕਿ ਉਨ੍ਹਾਂ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਗੱਠਜੋੜ ਨਾਲ ਰਲ਼ ਕੇ ਉਨ੍ਹਾਂ ਦੀ ਸਰਕਾਰ ਡੇਗੀ ਸੀ। ਇਸ ਤੋਂ ਇਲਾਵਾ ਉਨ੍ਹਾਂ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਉਪਰ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਵੀ ਦੋਸ਼ ਲਾਇਆ ਸੀ। ਇਸ ਵੇਲੇ ਇਮਰਾਨ ਖ਼ਾਨ ਖਿਲਾਫ਼ ਦੇਸ਼ ਭਰ ਵਿਚ 120 ਤੋਂ ਵੱਧ ਕੇਸ ਦਰਜ ਹਨ। ਢਾਈ ਕੁ ਸਾਲ ਪਹਿਲਾਂ ਹਾਲਾਤ ਬਿਲਕੁੱਲ ਵੱਖਰੇ ਸਨ ਜਦੋਂ ਅਕਤੂਬਰ 2020 ਵਿਚ ਉਨ੍ਹਾਂ ਦੇ ਮੁੱਖ ਵਿਰੋਧੀ, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਉਸ ਵੇਲੇ ਦੇ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ’ਤੇ ਉਨ੍ਹਾਂ ਖਿਲਾਫ਼ ਸਾਜਿ਼ਸ਼ ਰਚਣ ਦਾ ਦੋਸ਼ ਲਾਇਆ ਸੀ ਅਤੇ ਕਿਹਾ ਸੀ ਕਿ ਫ਼ੌਜ ਵਲੋਂ ਪੀਟੀਆਈ ਦੀ ਸਰਕਾਰ ਬਣਾਉਣ ਲਈ 2018 ਦੀਆਂ ਚੋਣਾਂ ਵਿਚ ਧਾਂਦਲੀ ਕੀਤੀ ਗਈ ਸੀ।

ਹਾਲਾਂਕਿ ਇਹ ਸੱਚ ਹੈ ਕਿ ਇਮਰਾਨ ਖ਼ਾਨ ਵਲੋਂ ਆਈਐਸਆਈ ਦੇ ਇਕ ਖ਼ਾਸ ਅਫ਼ਸਰ ਤੇ ਉਸ ਦੀ ਟੀਮ ਖਿਲਾਫ਼ ਹਾਲ ਹੀ ਵਿਚ ਬੋਲੇ ਤਿੱਖੇ ਹਮਲੇ ਕਰ ਕੇ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਹੈ ਪਰ ਇਹ ਵੀ ਸੱਚ ਹੈ ਕਿ ਜਦੋਂ ਤੋਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟੇ ਹਨ, ਉਦੋਂ ਤੋਂ ਉਹ ਪਾਕਿਸਤਾਨੀ ਸੱਤਾ ਦੇ ਢਾਂਚੇ ਖਿਲਾਫ਼ ਸਿੱਧੀ ਚੁਣੌਤੀ ਪੇਸ਼ ਕਰ ਰਹੇ ਹਨ। ਆਈਐਸਆਈ ਦੇ ਮੁਖੀ ਲੈਫਟੀਨੈਂਟ ਜਨਰਲ ਨਦੀਮ ਅੰਜੁਮ ਨੇ ਦਸੰਬਰ 2022 ਵਿਚ ਪ੍ਰੈੱਸ ਕਾਨਫਰੰਸ ਬੁਲਾ ਕੇ ਫ਼ੌਜ ਦੇ ਮੁਖੀ ਖਿਲਾਫ਼ ਲਗਾਏ ਦੋਸ਼ਾਂ ਦਾ ਖੰਡਨ ਕੀਤਾ ਸੀ ਅਤੇ ਫ਼ੌਜ ਦੀ ਖੁਫ਼ੀਆ ਏਜੰਸੀ ਦਾ ਇਹ ਇਕ ਗ਼ੈਰ-ਮਾਮੂਲੀ ਕਦਮ ਸੀ ਅਤੇ ਇਸ ਦੇ ਮੁਖੀ ਨੇ ਸਾਫ਼ ਸੰਕੇਤ ਦਿੱਤਾ ਸੀ ਕਿ ਇਮਰਾਨ ਖ਼ਾਨ ਨੇ ਸਾਰੀਆਂ ਲਾਲ ਰੇਖਾਵਾਂ ਉਲੰਘ ਦਿੱਤੀਆਂ ਹਨ। ਉਨ੍ਹਾਂ ਪੁੱਛਿਆ ਸੀ, “ਜੇ ਤੁਹਾਡੀਆਂ ਨਜ਼ਰਾਂ ਵਿਚ ਫ਼ੌਜ ਦਾ ਮੁਖੀ ਗੱਦਾਰ ਹੈ ਤਾਂ ਤੁਸੀਂ ਉਸ ਦੇ ਸੇਵਾਕਾਲ ਵਿਚ ਵਾਧਾ ਕਿਉਂ ਕੀਤਾ ਸੀ? ਹਾਲੇ ਵੀ ਤੁਸੀਂ ਉਨ੍ਹਾਂ ਨੂੰ ਅੰਦਰਖਾਤੇ ਕਿਉਂ ਮਿਲਦੇ ਰਹੇ ਹੋ?” ਲੈਫ. ਜਨਰਲ ਅੰਜੁਮ ਨੇ ਇਹ ਵੀ ਆਖਿਆ ਸੀ ਕਿ ਫ਼ੌਜ ਅੰਦਰ ਕੋਈ ਮੱਤਭੇਦ ਨਹੀਂ ਹਨ ਅਤੇ ਮਾਰਚ ਅਪਰੈਲ 2022 ਵਿਚ ਸੱਤਾ ਦੇ ਸੰਘਰਸ਼ ਵਿਚ ਇਮਰਾਨ ਖ਼ਾਨ ਦੀ ਮਦਦ ਨਾ ਕਰਨ ਦੇ ਫ਼ੈਸਲੇ ਦੇ ਫ਼ੌਜ ਦੀ ਲੀਡਰਸ਼ਿਪ ਦੇ ਫ਼ੈਸਲੇ ਵਿਚ ਉਹ ਲੋਕ ਵੀ ਸ਼ਾਮਲ ਸਨ ਜਿਨ੍ਹਾਂ ਨੇ ਅਗਲੇ 15 ਤੋਂ 20 ਸਾਲਾਂ ਤੱਕ ਫ਼ੌਜ ਦੀ ਅਗਵਾਈ ਕਰਨੀ ਹੈ।

ਪਾਕਿਸਤਾਨ ਵਿਚ ਫ਼ੌਜ ਦੀ ਲੀਡਰਸ਼ਿਪ ਜਿਸ ਲਈ ਆਮ ਬੋਲ ਚਾਲ ਵਿਚ ‘ਨਿਜ਼ਾਮ’ ਸ਼ਬਦ ਵਰਤ ਲਿਆ ਜਾਂਦਾ ਹੈ, ਨੂੰ ਇਮਰਾਨ ਖ਼ਾਨ ਵਲੋਂ ਦਿੱਤੀ ਚੁਣੌਤੀ ਦੀਆਂ ਕਈ ਪਰਤਾਂ ’ਤੇ ਗੌਰ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ, ਇਸ ਵਕਤ ਪਾਕਿਸਤਾਨੀ ਫ਼ੌਜੀ ਲੀਡਰਸ਼ਿਪ ਨੂੰ ਇਮਰਾਨ ਖ਼ਾਨ ਦੀ ਵਧ ਰਹੀ ਲੋਕਪ੍ਰਿਅਤਾ ਦੀ ਫਿ਼ਕਰ ਹੈ। ਉਹ ਆਮ ਲੋਕਾਂ ਦੇ ਇਸਲਾਮੀ ਬਿਰਤਾਂਤ ਦੀ ਸਵਾਰੀ ਕਰ ਰਹੇ ਹਨ ਜਿਸ ਦੇ ਨਾਲ ਉਨ੍ਹਾਂ ਦੀ ਕ੍ਰਿਕਟ ਦੀ ਲੋਕਪ੍ਰਿਅਤਾ ਵੀ ਜੁੜ ਜਾਂਦੀ ਹੈ। ਜੇ ਇਮਰਾਨ ਖ਼ਾਨ ਅਗਲੀਆਂ ਕੌਮੀ ਚੋਣਾਂ ਜਿੱਤ ਗਏ ਤਾਂ ਪਾਕਿਸਤਾਨ ਦੇ ਸ਼ਾਸਨ ਉਪਰ ਫ਼ੌਜ ਦੇ ਗਲਬੇ ਲਈ ਉਹ ਖ਼ਤਰੇ ਵਜੋਂ ਦੇਖੇ ਜਾਣਗੇ। ਕਿਸੇ ਵੇਲੇ ਉਨ੍ਹਾਂ ਨੂੰ ਵੀ ਫ਼ੌਜ ਦਾ ਲਾਹਾ ਮਿਲਿਆ ਸੀ ਪਰ ਜਿਸ ਤਰ੍ਹਾਂ ਹੁਣ ਉਨ੍ਹਾਂ ਫ਼ੌਜੀ ਲੀਡਰਸ਼ਿਪ ਖਿਲਾਫ਼ ਮੁਹਾਜ਼ ਖੋਲ੍ਹਿਆ ਹੈ, ਉਸ ਨਾਲ ਉਨ੍ਹਾਂ ਅਜਿਹੇ ਸਾਰੇ ਮਿਹਰਬਾਨਾਂ ਲਈ ਰਾਹ ਬੰਦ ਕਰ ਦਿੱਤੇ ਹਨ। ਉਨ੍ਹਾਂ ’ਤੇ ਦੋ ਵਾਰ ਹੋਏ ਹਮਲਿਆਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਵਿਚਕਾਰ ਕਿਸ ਹੱਦ ਤੱਕ ਬੇਭਰੋਸਗੀ ਹੈ ਅਤੇ ਇਸ ਕਰ ਕੇ ਉਨ੍ਹਾਂ ਫ਼ੌਜੀ ਲੀਡਰਸ਼ਿਪ ਖਿਲਾਫ਼ ਆਪਣੀ ਸੁਰ ਹੋਰ ਤਿੱਖੀ ਕਰ ਦਿੱਤੀ ਹੈ।

ਦੂਜਾ, ਕਈ ਦਹਾਕਿਆਂ ਤੋਂ ਪਾਕਿਸਤਾਨੀ ਫ਼ੌਜ ਅਤੇ ਇਸ ਦੇ ਅਦਾਰਿਆਂ ਨੇ ਲੋਕਪ੍ਰਿਆ ਬਿਰਤਾਂਤ ਸਿਰਜਣ ਦੀ ਕਲਾ ਵਿਚ ਨਿਪੁੰਨਤਾ ਹਾਸਲ ਕਰ ਲਈ ਹੈ। ਸੋਸ਼ਲ ਮੀਡੀਆ ਅਤੇ ਇਸਲਾਮਾਬਾਦ ਵਿਚਲੇ ਕਈ ਪੱਤਰਕਾਰਾਂ ਦੀ ਮਦਦ ਨਾਲ ਪਿਛਲੇ ਇਕ ਸਾਲ ਤੋਂ ਇਮਰਾਨ ਖ਼ਾਨ ਨੌਜਵਾਨਾਂ ਤੱਕ ਪਹੁੰਚ ਬਣਾ ਕੇ ਸਰਕਾਰੀ ਬਿਰਤਾਂਤ ’ਤੇ ਹਾਵੀ ਪੈਂਦੇ ਰਹੇ ਹਨ। ਇਸ ਵਕਤ ਪਾਕਿਸਤਾਨ ਦੀ 64 ਫ਼ੀਸਦ ਆਬਾਦੀ 30 ਸਾਲ ਤੋਂ ਘੱਟ ਉਮਰ ਦੀ ਹੈ।

ਤੀਜਾ, ਪਾਕਿਸਤਾਨ ਵਿਚ ਫ਼ੌਜ ਸਭ ਤੋਂ ਵੱਧ ਵਸੀਲਿਆਂ ਵਾਲੀ ਸੰਸਥਾ ਹੈ ਤਾਂ ਇਮਰਾਨ ਖ਼ਾਨ ਦੀ ਸ਼ਾਸਕੀ ਯੋਗਤਾ ਬਾਰੇ ਇਸ ਦੇ ਜਾਇਜ਼ਾ ਕਾਫ਼ੀ ਅਹਿਮ ਗਿਣਿਆ ਜਾਂਦਾ ਹੈ। ਜਾਪਦਾ ਹੈ, ਪਾਕਿਸਤਾਨੀ ਫ਼ੌਜੀ ਲੀਡਰਸ਼ਿਪ ਦਾ ਉਨ੍ਹਾਂ ਦੀ ਸਿਆਸੀ ਕਾਬਲੀਅਤ ’ਤੇ ਬਹੁਤਾ ਭਰੋਸਾ ਨਹੀਂ ਹੈ। ਪਿਛਲੇ ਸਾਲ ਇਮਰਾਨ ਖ਼ਾਨ ਦੇ ਸੱਤਾ ਤੋਂ ਹਟਣ ਤੋਂ ਫੌਰੀ ਬਾਅਦ ਫ਼ੌਜ ਦੇ ਸਾਬਕਾ ਮੁਖੀ ਜਨਰਲ ਬਾਜਵਾ ਦੀ ਸੇਵਾਮੁਕਤ ਫ਼ੌਜੀ ਅਫ਼ਸਰਾਂ ਨਾਲ ਲੀਕ ਹੋਈ ਪ੍ਰਾਈਵੇਟ ਗੱਲਬਾਤ ਤੋਂ ਪਤਾ ਲੱਗਿਆ ਸੀ ਕਿ ਉਨ੍ਹਾਂ ਦਾ ਖਿਆਲ ਸੀ- ਇਮਰਾਨ ਖ਼ਾਨ ਸ਼ਾਸਨ ਦੀਆਂ ਬਾਰੀਕੀਆਂ ਅਤੇ ਪਾਕਿਸਤਾਨ ਦੇ ਰਣਨੀਤਕ ਹਿੱਤਾਂ ਨੂੰ ਸਮਝਣ ਦੇ ਯੋਗ ਨਹੀਂ। ਇਸ ਅਨੁਮਾਨ ਮੁਤਾਬਕ ਆਪਣੇ ਚਾਰ ਸਾਲਾਂ ਦੇ ਸ਼ਾਸਨ ਦੌਰਾਨ ਇਮਰਾਨ ਖ਼ਾਨ ਨੇ ਪਾਕਿਸਤਾਨ ਨੂੰ ਦਰਪੇਸ਼ ਆਰਥਿਕ ਸੰਕਟ ਦਾ ਧਿਆਨ ਕੀਤੇ ਬਗ਼ੈਰ ਅਮਰੀਕਾ ਅਤੇ ਸਾਊਦੀ ਅਰਬ ਜਿਹੇ ਕੁਝ ਪ੍ਰਮੁੱਖ ਦੇਸ਼ਾਂ ਨਾਲ ਪਾਕਿਸਤਾਨ ਦੀ ਭਾਈਵਾਲੀ ਨੂੰ ਨੁਕਸਾਨ ਪਹੁੰਚਾਇਆ ਹੈ। ਆਈਐਮਐਫ ਤੋਂ ਰਾਹਤ ਪੈਕੇਜ ਲੈਣ ਅਤੇ ਪਾਕਿਸਤਾਨ ਦਾ ਨਾਂ ‘ਐਫਏਟੀਐਫ’ ਦੀ ਗ੍ਰੇਅ ਲਿਸਟ ਵਿਚੋਂ ਹਟਵਾਉਣ ਲਈ ਅਮਰੀਕੀ ਹਮਾਇਤ ਬਹੁਤ ਅਹਿਮ ਗਿਣੀ ਜਾਂਦੀ ਹੈ। ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਟੀਮ ਦੇ ਕੁਝ ਬਿਆਨਾਂ ਤੋਂ ਬਾਅਦ ਪਾਕਿਸਤਾਨ ਅਤੇ ਸਾਊਦੀ ਅਰਬ ਵਲੋਂ ਪੁਰਾਣਾ ਸਮਝੌਤਾ ਸਹੀਬੰਦ ਕੀਤਾ ਗਿਆ ਜਿਸ ਤਹਿਤ ਪਾਕਿਸਤਾਨ ਨੂੰ 3.2 ਅਰਬ ਡਾਲਰ ਦੇ ਮੁੱਲ ਦਾ ਤੇਲ ਸਪਲਾਈ ਕੀਤਾ ਜਾਵੇਗਾ ਜਿਸ ਦੀਆਂ ਸਾਲਾਨਾ ਕਿਸ਼ਤਾਂ ਟਾਲ ਦਿੱਤੀਆਂ ਗਈਆਂ। ਇਹ ਸਮਝੌਤਾ ਮਈ 2020 ਤੋਂ ਲਟਕ ਰਿਹਾ ਸੀ। ਹਾਲੀਆ ਖੁਲਾਸਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਬਕਾ ਮੁਖੀ ਜਨਰਲ ਬਾਜਵਾ ਭਾਰਤ ਪ੍ਰਤੀ ਨੀਤੀ ਨੂੰ ਲੈ ਕੇ ਵੀ ਇਮਰਾਨ ਖ਼ਾਨ ਤੋਂ ਖੁਸ਼ ਨਹੀਂ ਸੀ।

ਪਾਕਿਸਤਾਨ ਵਿਚ ਫ਼ੌਜੀ ਲੀਡਰਸ਼ਿਪ ਖਿਲਾਫ਼ ਹੋ ਰਹੇ ਰੋਸ ਮੁਜ਼ਾਹਰੇ ਬਹੁਤ ਗ਼ੈਰ-ਮਾਮੂਲੀ ਹਨ। ਉਂਝ, ਸੜਕਾਂ ’ਤੇ ਹੋ ਰਹੇ ਇਸ ਸ਼ਕਤੀ ਪ੍ਰਦਰਸ਼ਨ ਨੂੰ ਚੋਣਾਂ ਜਿੱਤਣ ਦੀ ਸਮੱਰਥਾ ਨਾਲ ਤੋਲ ਕੇ ਨਹੀਂ ਦੇਖਿਆ ਜਾ ਸਕਦਾ। ਫ਼ੌਜ ਦੇ ਹੱਥ ਬਹੁਤ ਲੰਮੇ ਹਨ ਜਿਸ ਨਾਲ ਉਹ ਚੁਣਾਵੀ ਫ਼ਤਵੇ ’ਤੇ ਪ੍ਰਭਾਵ ਪਾ ਸਕਦੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵਿਚ ਜਮਹੂਰੀਅਤ ਦੀਆਂ ਜੜ੍ਹਾਂ ਗਹਿਰੀਆਂ ਨਹੀਂ ਹਨ ਅਤੇ ਸਿਵਲੀਅਨ ਹਕੂਮਤ ਦੀ ਸਰਦਾਰੀ ਦੀ ਘਾਟ ਕਰ ਕੇ ਬੀਤੇ ਸਮਿਆਂ ਵਿਚ ਇਹ ਹੁੰਦਾ ਆਇਆ ਹੈ ਕਿ ਲੋਕਾਂ ਦੀ ਯਾਦ ਸ਼ਕਤੀ ਘੱਟ ਹੁੰਦੀ ਹੈ ਅਤੇ ਫ਼ੌਜੀ ਲੀਡਰਸ਼ਿਪ ਨਾਲ ਮੱਥਾ ਲਾਉਣ ਵਾਲੇ ਸਿਆਸਤਦਾਨਾਂ ਨੂੰ ਜਨਤਕ ਹਮਾਇਤ ਜਿ਼ਆਦਾ ਲੰਮਾ ਸਮਾਂ ਕਾਇਮ ਨਹੀ ਰਹਿੰਦੀ। ਇਸ ਕਰ ਕੇ ਬਿਹਤਰ ਹੈ, ਜਲਦਬਾਜ਼ੀ ਵਿਚ ਨਤੀਜੇ ਕੱਢਣ ਤੋਂ ਗੁਰੇਜ਼ ਹੀ ਕੀਤਾ ਜਾਵੇ।