ਨਿਸ਼ਾਨੇਬਾਜ਼ੀ: ਰਿਦਮ ਨੇ 29 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ ਪਰ ਤਗ਼ਮੇ ਤੋਂ ਖੁੰਝੀ

ਨਿਸ਼ਾਨੇਬਾਜ਼ੀ: ਰਿਦਮ ਨੇ 29 ਸਾਲ ਪੁਰਾਣਾ ਵਿਸ਼ਵ ਰਿਕਾਰਡ ਤੋੜਿਆ ਪਰ ਤਗ਼ਮੇ ਤੋਂ ਖੁੰਝੀ

ਬਾਕੂ – ਭਾਰਤੀ ਨਿਸ਼ਾਨੇਬਾਜ਼ ਰਿਦਮ ਸਾਂਗਵਾਨ ਨੇ ਇੱਥੇ ਆਈਐੱਸਐੱਸਐੱਫ ਵਿਸ਼ਵ ਕੱਪ ਰਾਈਫ਼ਲ/ਪਿਸਟਲ ਮੁਕਾਬਲੇ ਵਿੱਚ ਮਹਿਲਾਵਾਂ ਦੇ 25 ਮੀਟਰ ਪਿਸਟਲ ਈਵੈਂਟ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 29 ਸਾਲ ਪੁਰਾਣਾ ਰਿਕਾਰਡ ਤੋੜਿਆ ਪਰ ਉਹ ਫਾਈਨਲ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਅੱਠਵੇਂ ਸਥਾਨ ’ਤੇ ਰਹੀ। ਰਿਦਮ ਨੇ 25 ਮੀਟਰ ਪਿਸਟਲ ਕੁਆਲੀਫਿਕੇਸ਼ਨ ’ਚ 595 ਅੰਕ ਬਣਾ ਕੇ ਸਿਖਰਲਾ ਸਥਾਨ ਹਾਸਲ ਕੀਤਾ ਅਤੇ ਬੁਲਗਾਰੀਆ ਦੀ ਡਾਇਨਾ ਇਓਰਗੋਵਾ ਦੇ 1994 ਵਿੱਚ ਮਿਲਾਨ ’ਚ ਬਣਾਏ ਗਏ ਰਿਕਾਰਡ ਨੂੰ ਤੋੜਿਆ। ਇਸ ਦੌਰਾਨ ਦੋ ਵਾਰ ਇਓਰਗੋਵਾ ਦੇ ਰਿਕਾਰਡ ਦੀ ਬਰਾਬਰੀ ਕੀਤੀ ਗਈ। ਭੋਪਾਲ ਵਿੱਚ ਇਸ ਸਾਲ ਮਾਰਚ ’ਚ ਖੇਡੇ ਗਏ ਵਿਸ਼ਵ ਕੱਪ ’ਚ ਜਰਮਨੀ ਦੀ ਡੋਰੇਨ ਵੇਨੇਕੈਂਪ ਨੇ ਵੀ ਇਸ ਰਿਕਾਰਡ ਦੀ ਬਰਾਬਰੀ ਕੀਤੀ ਸੀ। ਡੋਰੇਨ ਨੇ ਇੱਥੇ ਬਾਕੂ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ, ਜਦਕਿ ਚੀਨ ਦੀ ਫੇਂਗ ਸਿਕਸੁਆਨ ਨੇ ਫਾਈਨਲ ਵਿੱਚ ਇਰਾਨ ਦੀ ਹਨਿਯਾਹ ਰੋਸਤਮਿਆਨ ਨੂੰ ਹਰਾ ਕੇ ਵਿਸ਼ਵ ਕੱਪ ਦੇ ਇਸ ਮੁਕਾਬਲੇ ਵਿੱਚ ਲਗਾਤਾਰ ਦੂਜਾ ਸੋਨ ਤਗ਼ਮਾ ਜਿੱਤਿਆ। ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਰਿਦਮ ਫਾਈਨਲ ’ਚ ਬਾਹਰ ਹੋਣ ਵਾਲੀ ਪਹਿਲੀ ਨਿਸ਼ਾਨੇਬਾਜ਼ ਸੀ। ਉਸ ਨੇ ਮਹਿਲਾਵਾਂ ਦੇ 25 ਮੀਟਰ ਪਿਸਟਲ ਈਵੈਂਟ ਵਿੱਚ ਜੂਨੀਅਰ ਵਰਗ ਦਾ 34 ਸਾਲ ਪੁਰਾਣਾ ਰਿਕਾਰਡ ਵੀ ਤੋੜਿਆ।