ਉੱਤਰ ਪ੍ਰਦੇਸ਼: ਭਾਜਪਾ ਨੇ ਸਾਰੀਆਂ 17 ਨਿਗਮ ਸੀਟਾਂ ਜਿੱਤੀਆਂ

ਉੱਤਰ ਪ੍ਰਦੇਸ਼: ਭਾਜਪਾ ਨੇ ਸਾਰੀਆਂ 17 ਨਿਗਮ ਸੀਟਾਂ ਜਿੱਤੀਆਂ

ਲਖਨਊ – ਹਾਕਮ ਧਿਰ ਭਾਜਪਾ ਨੇ ਅੱਜ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 17 ਨਗਰ ਨਿਗਮ ਦੇ ਮੇਅਰ ਦੀਆਂ ਚੋਣਾਂ ’ਚ ਜਿੱਤ ਦਰਜ ਕੀਤੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਜਿੱਤ ਲਈ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਵਧਾਈ ਦਿੱਤੀ ਹੈ।

ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਨੇ ਅਯੁੱਧਿਆ, ਝਾਂਸੀ, ਬਰੇਲੀ, ਮਥੁਰਾ-ਵ੍ਰਿੰਦਾਵਨ, ਮੁਰਾਦਾਬਾਦ, ਸਹਾਰਨਪੁਰ, ਪ੍ਰਯਾਗਰਾਜ, ਅਲੀਗੜ੍ਹ, ਸ਼ਾਹਜਹਾਨਪੁਰ, ਗਾਜ਼ੀਆਬਾਦ, ਆਗਰਾ, ਲਖਨਊ, ਕਾਨਪੁਰ, ਮੇਰਠ, ਫਿਰੋਜ਼ਾਬਾਦ, ਵਾਰਾਣਸੀ ਤੇ ਗੋਰਖਪੁਰ ਤੋਂ ਜਿੱਤ ਦਰਜ ਕੀਤੀ ਹੈ। ਸਥਾਨਕ ਸੰਸਥਾਵਾਂ ਦੀਆਂ ਚੋਣਾਂ 4 ਤੇ 11 ਮਈ ਨੂੰ ਦੋ ਗੇੜਾਂ ’ਚ ਹੋਈਆਂ ਸਨ ਅਤੇ ਇਨ੍ਹਾਂ ਚੋਣਾਂ ਰਾਹੀਂ 17 ਮੇਅਰਾਂ ਤੇ 1401 ਕੌਂਸਲਰਾਂ ਦੀ ਚੋਣ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਦੱਸਿਆ ਕਿ 19 ਕੌਂਸਲਰ ਸਰਬ ਸਹਿਮਤੀ ਨਾਲ ਚੁਣੇ ਗਏ ਸਨ। ਭਾਜਪਾ ਨੇ ਨਿਗਮ ਚੋਣਾਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ ਹੈ ਅਤੇ 17 ਨਗਰ ਨਿਗਮਾਂ ’ਚ ਪਹਿਲੀ ਵਾਰ ਭਾਜਪਾ ਪੂਰਨ ਬਹੁਮਤ ਹਾਸਲ ਕਰਨ ’ਚ ਕਾਮਯਾਬ ਰਹੀ ਹੈ।