ਭਾਜਪਾ ਚੌਥੇ ਨੰਬਰ ’ਤੇ ਖੁਸ਼ ਤੇ ਅਕਾਲੀ ਦਲ ਤੀਜੇ ’ਤੇ ਵੀ ਨਿਰਾਸ਼

ਭਾਜਪਾ ਚੌਥੇ ਨੰਬਰ ’ਤੇ ਖੁਸ਼ ਤੇ ਅਕਾਲੀ ਦਲ ਤੀਜੇ ’ਤੇ ਵੀ ਨਿਰਾਸ਼

ਜਲੰਧਰ- ਆਪਣੇ ਦਮਖਮ ’ਤੇ ਪਹਿਲੀ ਵਾਰ ਜਲੰਧਰ ਜ਼ਿਮਨੀ ਚੋਣ ਲੜਨ ਵਾਲੀ ਭਾਜਪਾ ਦੇ ਚੌਥੇ ਸਥਾਨ ’ਤੇ ਰਹਿਣ ਦੇ ਬਾਵਜੂਦ ਪਾਰਟੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ। ਭਾਜਪਾ ਆਗੂ ਇਸ ਉਪ ਚੋਣ ਨੂੰ 2024 ਦੀਆਂ ਆਮ ਚੋਣਾਂ ਲਈ ਇੱਕ ‘ਜੰਗੀ ਮਸ਼ਕ’ ਵਜੋਂ ਦੇਖ ਰਹੇ ਹਨ। ਭਾਜਪਾ ਆਗੂਆਂ ਅਨੁਸਾਰ ਉਨ੍ਹਾਂ ਇੱਕ ਰਣਨੀਤੀ ਤਹਿਤ ਇਹ ਚੋਣ ਲੜੀ। ਉਨ੍ਹਾਂ ਦਾ ਨਿਸ਼ਾਨਾ ਤੀਜੇ ਨੰਬਰ ’ਤੇ ਆਉਣਾ ਸੀ। ਭਾਵੇਂ ਉਹ ਇਸ ’ਚੋਂ ਥੋੜ੍ਹੇ ਫਰਕ ਨਾਲ ਪਿੱਛੇ ਰਹੇ ਪਰ ਉਹ ਆਪਣੀ ਕਾਰਗੁਜ਼ਾਰੀ ਤੋਂ ਖ਼ੁਸ਼ ਨਜ਼ਰ ਆ ਰਹੇ ਹਨ। ਭਾਜਪਾ ਨੂੰ 1 ਲੱਖ 34 ਹਾਜ਼ਰ 706 ਵੋਟਾਂ ਮਿਲੀਆਂ ਜਦ ਕਿ ਅਕਾਲੀ ਦਲ-ਬਸਪਾ ਗੱਠਜੋੜ 1 ਲੱਖ 58 ਹਾਜ਼ਰ 354 ਵੋਟਾਂ ਨਾਲ ਤੀਜੇ ਸਥਾਨ ’ਤੇ ਰਹੀ।

ਅਕਾਲੀ ਦਲ-ਬਸਪਾ ਗੱਠਜੋੜ ਨੂੰ ਉਪ ਚੋਣ ਵਿੱਚ 17.85 ਫੀਸਦੀ ਵੋਟਾਂ ਪਈਆ ਜਦ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੱਠਜੋੜ ਨੂੰ ਜਲੰਧਰ ਦੀਆਂ 9 ਵਿਧਾਨ ਸਭਾ ਸੀਟਾਂ ਤੋਂ 20.4 ਫੀਸਦੀ ਵੋਟਾਂ ਪਈਆਂ ਸਨ। ਇਸ ਤਰ੍ਹਾਂ ਅਕਾਲੀ ਦਲ ਦੀਆਂ 2.5 ਫੀਸਦੀ ਵੋਟਾਂ ਘੱਟ ਗਈਆਂ ਹਨ। ਭਾਜਪਾ ਭਾਵੇ ਚੌਥੇ ਨੰਬਰ ’ਤੇ ਰਹੀ ਪਰ ਉਸ ਦੀ ਵੋਟ ਫੀਸਦੀ ਤੇ ਹਲਕਿਆਂ ਅਨੁਸਾਰ ਚੰਗੀ ਕਾਰਗੁਜ਼ਾਰੀ ਰਹੀ ਹੈ। ਜਲੰਧਰ ਛਾਉਣੀ ਹਲਕੇ ਵਿੱਚ ਭਾਜਪਾ ਨੇ 17,781 ਵੋਟਾਂ ਹਾਸਲ ਕੀਤੀਆਂ ਜਦ ਕਿ ਅਕਾਲੀ ਦਲ ਨੂੰ 14,052 ਵੋਟਾਂ ਪਈਆਂ। ਸਾਲ 2022 ਦੀਆਂ ਚੋਣਾਂ ਦੌਰਾਨ ਭਾਜਪਾ ਨੂੰ ਇੱਥੋਂ 10 ਹਜ਼ਾਰ ਵੋਟਾਂ ਮਿਲੀਆਂ ਸਨ। ਭਾਜਪਾ ਜਲੰਧਰ ਉਤਰੀ ਤੇ ਜਲੰਧਰ ਕੇਂਦਰੀ ਤੋਂ ਜੇਤੂ ਰਹੀ, ਜਿਸ ਵਿੱਚ ਭਾਜਪਾ ਨੇ ਕ੍ਰਮਵਾਰ 31,549 ਅਤੇ 25,259 ਵੋਟਾਂ ਹਾਸਲ ਕੀਤੀਆਂ।

ਇਸੇ ਦੌਰਾਨ ਜਲੰਧਰ ਲੋਕ ਸਭਾ ਹਲਕਾ 1999 ਤੋਂ ਕਾਂਗਰਸ ਦੇ ਕਬਜ਼ੇ ਵਿੱਚ ਹੀ ਚੱਲਿਆ ਆ ਰਿਹਾ ਸੀ। ਉਪ ਚੋਣ ਦੇ ਨਤੀਜਿਆਂ ਨੇ ਕਾਂਗਰਸ ਲੀਡਰਸ਼ਿਪ ਨੂੰ ਸੋਚਾਂ ਵਿਚ ਪਾ ਦਿੱੱਤਾ ਹੈ। ਜਲੰਧਰ ਲੋਕ ਸਭਾ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਆਉਂਦੇ ਹਨ। ਇਨ੍ਹਾਂ ਨੌਂ ਵਿਧਾਨ ਸਭਾ ਹਲਕਿਆਂ ਵਿੱਚ 19 ਵੋਟਾਂ ਦੇ ਗੇੜ ਹੋਏ ਪਰ ਕਾਂਗਰਸ ਨੂੰ ਕਿਸੇ ਇੱਕ ਗੇੜ ਵਿਚ ਵੀ ਜਿੱਤ ਨਸੀਬ ਨਹੀਂ ਹੋਈ ਤੇ ਨਾ ਹੀ ਕਾਂਗਰਸ ਕਿਸੇ ਗੇੜ ਵਿੱਚ ਅੱਗੇ ਨਿਕਲ ਸਕੀ। ਹਾਲਾਂ ਕਿ ਚੌਧਰੀ ਸੰਤੋਖ ਸਿੰਘ 2014 ਤੋਂ ਆਪਣੇ ਆਖਰੀ ਸਾਹਾਂ ਤੱਕ ਇਸ ਹਲਕੇ ਦੀ ਲੋਕ ਸਭਾ ਵਿੱਚ ਨੁਮਾਇੰਦਗੀ ਕਰਦੇ ਆ ਰਹੇ ਸਨ। ਇਨ੍ਹਾਂ ਹਲਕਿਆਂ ਵਿੱਚ ਫਿਲੌਰ ਤੇ ਕਰਤਾਰਪੁਰ ਦੋ ਅਜਿਹੇ ਹਲਕੇ ਹਨ ਜਿਹੜੇ ਚੌਧਰੀਆਂ ਦੇ ਪਰਿਵਾਰਕ ਹਲਕੇ ਮੰਨੇ ਜਾਂਦੇ ਸਨ। ਇਨ੍ਹਾਂ ਹਲਕਿਆਂ ਵਿੱਚ ਵੀ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਫਿਲੌਰ ਹਲਕੇ ਤੋਂ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਚੌਧਰੀ ਬਿਕਰਮਜੀਤ ਸਿੰਘ ਵਿਧਾਇਕ ਹਨ ਤੇ ਉਹ 2022 ਦੀਆਂ ਚੋਣਾਂ ਦੌਰਾਨ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਸਨ ਪਰ ਜ਼ਿਮਨੀ ਚੋਣ ਉਹ ਬੁਰੀ ਤਰ੍ਹਾਂ ਨਾਲ ਹਾਰ ਗਏ। ਇਸ ਹਲਕੇ ਤੋਂ ਕਾਂਗਰਸ ਦੀ ਉਮੀਦਵਾਰ 6,999 ਵੋਟਾਂ ਦੇ ਫਰਕ ਨਾਲ ਹਾਰ ਗਈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੌਧਰੀ ਬਿਕਰਮਜੀਤ ਸਿੰਘ 12,303 ਵੋਟਾਂ ਦੇ ਫਰਕ ਨਾਲ ਜਿੱਤੇ ਸਨ। ਇਸ ਤਰ੍ਹਾਂ ਕਰਤਾਰਪੁਰ ਹਲਕੇ ਤੋਂ ਮਰਹੂਮ ਚੌਧਰੀ ਜਗਜੀਤ ਸਿੰਘ ਜਿੱਤਦੇ ਰਹੇ ਸਨ ਤੇ ਉਨ੍ਹਾਂ ਦਾ ਪੁੱਤਰ ਚੌਧਰੀ ਸੁਰਿੰਦਰ ਸਿੰਘ 2017 ਵਿੱਚ ਪਹਿਲੀ ਵਾਰ ਵਿਧਾਇਕ ਬਣਿਆ ਸੀ। ਜਲੰਧਰ ਦੇ ਦੋ ਵਿਧਾਨ ਸਭਾ ਹਲਕਿਆਂ ਵਿੱਚ ਤਾਂ ਕਾਂਗਰਸ ਨੂੰ ਤੀਜੇ ਸਥਾਨ ’ਤੇ ਸਬਰ ਕਰਨਾ ਪਿਆ।