ਕਾਂਗਰਸ ਨੇ ਜਿੱਤਿਆ ਕਰਨਾਟਕ

ਕਾਂਗਰਸ ਨੇ ਜਿੱਤਿਆ ਕਰਨਾਟਕ

  • ਪਾਰਟੀ ਨੂੰ 135, ਭਾਜਪਾ ਨੂੰ 65 ਅਤੇ ਜਨਤਾ ਦਲ (ਐੱਸ) ਨੂੰ 19 ਸੀਟਾਂ ਮਿਲੀਆਂ * 10 ਸਾਲਾਂ ਮਗਰੋਂ ਮਿਲਿਆ ਪੂਰਨ ਬਹੁਮਤ * ਭਾਜਪਾ ਹੱਥੋਂ ਖੁੱਸਿਆ ਦੱਖਣ ਦਾ ਸੂਬਾ

ਬੰਗਲੂਰੂ/ਨਵੀਂ ਦਿੱਲੀ- ਕਰਨਾਟਕ ’ਚ ਕਾਂਗਰਸ ਆਪਣੇ ਪੱਧਰ ’ਤੇ ਬਹੁਮਤ ਹਾਸਲ ਕਰਕੇ 10 ਸਾਲਾਂ ਮਗਰੋਂ ਸੂਬੇ ਦੀ ਸੱਤਾ ਹਾਸਲ ਕਰਨ ’ਚ ਕਾਮਯਾਬ ਰਹੀ ਹੈ। ਕਾਂਗਰਸ ਨੇ ਦੱਖਣ ’ਚ ਭਾਜਪਾ ਦੇ ਇਕਲੌਤੇ ਕਿਲ੍ਹੇ ਨੂੰ ਢਾਹ ਲਗਾਉਂਦਿਆਂ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਿੜ ਮਘਾ ਦਿੱਤਾ ਹੈ। ਕਾਂਗਰਸ ਨੇ ਭਲਕੇ ਸ਼ਾਮ ਸਾਢੇ 5 ਵਜੇ ਬੰਗਲੂਰੂ ’ਚ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ ਜਿਸ ’ਚ ਆਗੂ ਦੀ ਚੋਣ ਕੀਤੀ ਜਾਵੇਗੀ। ਉਧਰ ਹਾਰ ਮਗਰੋਂ ਮੁੱਖ ਮੰਤਰੀ ਬਸਵਾਰਾਜ ਬੋਮਈ ਨੇ ਅਹੁਦੇ ਤੋਂ ਦੇ ਅਸਤੀਫ਼ਾ ਦਿੱਤਾ ਹੈ।

ਕਰਨਾਟਕ ਵਿਧਾਨ ਸਭਾ ਲਈ 10 ਮਈ ਨੂੰ ਪਈਆਂ ਵੋਟਾਂ ਦੀ ਅੱਜ ਜਦੋਂ ਗਿਣਤੀ ਸ਼ੁਰੂ ਹੋਈ ਤਾਂ ਮੁੱਢਲੇ ਰੁਝਾਨਾਂ ਨੇ ਕਈ ਚੋਣ ਸਰਵੇਖਣਾਂ ਵੱਲੋਂ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਦੇ ਦਾਅਵਿਆਂ ਨੂੰ ਝੁਠਲਾ ਦਿੱਤਾ। ਭਾਜਪਾ ਨੂੰ ਪਿਛਲੇ ਸਾਲ ਦਸੰਬਰ ’ਚ ਹਿਮਾਚਲ ਪ੍ਰਦੇਸ਼ ਮਗਰੋਂ ਇਹ ਦੂਜੀ ਵੱਡੀ ਹਾਰ ਮਿਲੀ ਹੈ। ਕਾਂਗਰਸ ਨੇ ਵਿਧਾਨ ਸਭਾ ਦੀਆਂ ਕੁੱਲ 224 ਸੀਟਾਂ ’ਚੋਂ 135 ’ਤੇ ਜਿੱਤ ਹਾਸਲ ਕੀਤੀ ਹੈ ਜਦੋਂਕਿ ਜਯਾਨਗਰ ਸੀਟ ਦਾ ਨਤੀਜਾ ਆਉਣਾ ਬਾਕੀ ਹੈ। ਭਾਜਪਾ ਨੂੰ 65 ਸੀਟਾਂ ਨਾਲ ਸਬਰ ਕਰਨਾ ਪਿਆ ਜੋ 2018 ’ਚ ਮਿਲੀਆਂ 104 ਸੀਟਾਂ ਤੋਂ ਬਹੁਤ ਘੱਟ ਹਨ। ਕਿੰਗਮੇਕਰ ਬਣਨ ਦੀ ਆਸ ਰੱਖੀ ਬੈਠੀ ਜਨਤਾ ਦਲ (ਐੱਸ) ਨੂੰ 19 ਸੀਟਾਂ ਹੀ ਨਸੀਬ ਹੋਈਆਂ। ਪਿਛਲੀਆਂ ਚੋਣਾਂ ’ਚ ਉਸ ਨੇ 37 ਸੀਟਾਂ ਹਾਸਲ ਕੀਤੀਆਂ ਸਨ। ਇਸ ਦੌਰਾਨ ਕਾਂਗਰਸ ਨੇ ਆਪਣੇ ਜੇਤੂ ਵਿਧਾਇਕਾਂ ਨੂੰ ਬੰਗਲੂਰੂ ਦੇ ਬਾਹਰਵਾਰ ਰਿਜ਼ੌਰਟ ’ਚ ਤਬਦੀਲ ਕਰਨ ਦੀ ਯੋਜਨਾ ਬਣਾਈ ਹੈ। ਸਾਰੇ ਵਿਧਾਇਕਾਂ ਨੂੰ ਬੰਗਲੂਰੂ ਪਹੁੰਚਣ ਲਈ ਕਿਹਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਜੇਕਰ ਪਾਰਟੀ ਨੂੰ ਬਹੁਮਤ ਨਾ ਮਿਲਦਾ ਤਾਂ ਵਿਧਾਇਕ ਨੂੰ ਜੈਪੁਰ ਰਿਜ਼ੌਰਟ ਭੇਜਿਆ ਜਾਣਾ ਸੀ।
ਅਹਿਮ ਦੱਖਣੀ ਸੂਬੇ ’ਚ ਜਿੱਤ ਮਗਰੋਂ ਕਾਂਗਰਸ ਦੇ ਦੇਸ਼ ਭਰ ’ਚ ਸਥਿਤ ਦਫ਼ਤਰਾਂ ਬੰਗਲੂਰੂ ਤੋਂ ਬੀਕਾਨੇਰ ਅਤੇ ਰਾਂਚੀ ਤੋਂ ਅਹਿਮਦਾਬਾਦ ਤੱਕ ਜਸ਼ਨ ਦਾ ਮਾਹੌਲ ਬਣ ਗਿਆ ਅਤੇ ਪਾਰਟੀ ਵਰਕਰ ਢੋਲ ਦੀ ਥਾਪ ’ਤੇ ਨੱਚਣ ਲੱਗ ਪਏ ਤੇ ਉਨ੍ਹਾਂ ਆਤਿਸ਼ਬਾਜ਼ੀ ਵੀ ਚਲਾਈ। ਕਾਂਗਰਸ ਲਈ ਕਰਨਾਟਕ ਚੋਣਾਂ ਵੱਡੀ ਚੁਣੌਤੀ ਸਨ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਮੁੱਖ ਵਿਰੋਧੀ ਧਿਰ ਵਜੋਂ ਆਪਣੇ ਆਪ ਨੂੰ ਉਭਾਰਨ ਲਈ ਉਸ ਦਾ ਸਾਰਾ ਕੁਝ ਦਾਅ ’ਤੇ ਲੱਗਾ ਹੋਇਆ ਸੀ। ਸੂਬੇ ਦੇ ਅਗਲੇ ਮੁੱਖ ਮੰਤਰੀ ਦੀ ਦੌੜ ’ਚ ਸਭ ਤੋਂ ਅੱਗੇ ਕਾਂਗਰਸ ਆਗੂ ਸਿੱਧਾਰਮੱਈਆ ਨੇ ਆਸ ਜਤਾਈ ਕਿ 2024 ’ਚ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨਗੇ। ਮੁੱਖ ਮੰਤਰੀ ਦੀ ਕੁਰਸੀ ਦੇ ਇਕ ਹੋਰ ਦਾਅਵੇਦਾਰ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਡੀ ਕੇ ਸ਼ਿਵਕੁਮਾਰ ਨੇ ਗਾਂਧੀ ਪਰਿਵਾਰ ਦੇ ਸੋਹਲੇ ਗਾਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਵੁਕ ਹੋਏ ਸ਼ਿਵਕੁਮਾਰ ਨੇ ਕਿਹਾ,‘‘ਭਾਜਪਾ ਨੇ ਜਦੋਂ ਮੈਨੂੰ ਜੇਲ੍ਹ ਭੇਜਿਆ ਸੀ ਤਾਂ ਸੋਨੀਆ ਗਾਂਧੀ ਮੈਨੂੰ ਮਿਲਣ ਲਈ ਆਏ ਸਨ ਅਤੇ ਮੈਂ ਇਹ ਮੁਲਾਕਾਤ ਨਹੀਂ ਭੁੱਲ ਸਕਦਾ ਹਾਂ। ਮੈਂ ਗਾਂਧੀ ਪਰਿਵਾਰ ਅਤੇ ਖੜਗੇ ਨੂੰ ਯਕੀਨ ਦਿਵਾਇਆ ਸੀ ਕਿ ਕਰਨਾਟਕ ਕਾਂਗਰਸ ਦੀ ਝੋਲੀ ’ਚ ਪਾ ਕੇ ਰਹਾਂਗਾ।’’ ਚੋਣਾਂ ਦੌਰਾਨ ਬਜਰੰਗ ਦਲ, ਬਜਰੰਗ ਬਲੀ, ਭ੍ਰਿਸ਼ਟਾਚਾਰ, ਓਬੀਸੀ ਮੁਸਲਮਾਨਾਂ ਲਈ ਚਾਰ ਫ਼ੀਸਦੀ ਰਾਖਵਾਂਕਰਨ ਖ਼ਤਮ ਕਰਨ ਅਤੇ ਹਿਜਾਬ ਜਿਹੇ ਮੁੱਦੇ ਹਾਵੀ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ‘ਬਜਰੰਗ ਬਲੀ ਦੀ ਜੈ’ ਦੇ ਨਾਅਰੇ ਗੁੰਜਾ ਕੇ ਅਤੇ ਰੋਡ ਸ਼ੋਅ ਕਰਕੇ ਚੋਣ ਪ੍ਰਚਾਰ ਭਖਾਇਆ ਸੀ ਪਰ ਕਾਂਗਰਸ ਨੇ ਸਥਾਨਕ ਮੁੱਦਿਆਂ ’ਤੇ ਧਿਆਨ ਕੇਂਦਰਿਤ ਕੀਤਾ ਜਿਸ ਦੇ ਨਤੀਜੇ ਵਜੋਂ ਲੋਕਾਂ ਨੇ ਉਨ੍ਹਾਂ ਦੇ ਪੱਖ ’ਚ ਫ਼ਤਵਾ ਦਿੱਤਾ। ਚੋਣਾਂ ਤੋਂ ਪਹਿਲਾਂ ਬਸਵਰਾਜ ਬੋਮਈ ਦੀ ਅਗਵਾਈ ਹੇਠਲੀ ਸਰਕਾਰ ’ਤੇ ਵਰ੍ਹਦਿਆਂ ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਸੂਬੇ ’ਚ ‘40 ਫ਼ੀਸਦੀ ਕਮਿਸ਼ਨ’ ਵਾਲੀ ਸਰਕਾਰ ਹੈ। ਪਾਰਟੀ ਨੇ ਪੰਜ ਗਾਰੰਟੀਆਂ ਵੀ ਦਿੱਤੀਆਂ ਸਨ ਜਿਨ੍ਹਾਂ ’ਚ 200 ਯੂਨਿਟ ਮੁਫ਼ਤ ਬਿਜਲੀ ਅਤੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਦੇ ਹਰੇਕ ਮੈਂਬਰ ਨੂੰ 10 ਕਿਲੋ ਮੁਫ਼ਤ ਚੌਲ ਦੇਣਾ ਸ਼ਾਮਲ ਸੀ। ਕਾਂਗਰਸ ਨੇ ਕਿਹਾ ਸੀ ਕਿ ਸੱਤਾ ’ਚ ਆਉਣ ’ਤੇ ਪਹਿਲੀ ਕੈਬਨਿਟ ਮੀਟਿੰਗ ’ਚ ਇਨ੍ਹਾਂ ਗਾਰੰਟੀਆਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।