ਪੋਖਰਨ ’ਚ ਕੀਤਾ ਪ੍ਰਮਾਣੂ ਪ੍ਰੀਖਣ ਇਤਿਹਾਸਕ ਸੀ: ਮੋਦੀ

ਪੋਖਰਨ ’ਚ ਕੀਤਾ ਪ੍ਰਮਾਣੂ ਪ੍ਰੀਖਣ ਇਤਿਹਾਸਕ ਸੀ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1998 ਵਿੱਚ ਪੋਖਰਨ ’ਚ ਕੀਤੇ ਗੲੇ ਨਿਊਕਲੀਅਰ ਟੈਸਟਾਂ ਨੂੰ ਇਤਿਹਾਸਕ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਤਕਨਾਲੋਜੀ ਦੀ ਵਰਤੋਂ ਮੁਲਕ ਨੂੰ ਮਜ਼ਬੂਤ ਬਣਾਉਣ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਇੱਥੇ ਕੌਮੀ ਤਕਨਾਲੋਜੀ ਦਿਵਸ ਮੌਕੇ ਪੋਖਰਨ ਟੈਸਟਾਂ ਦੀ 25ਵੀਂ ਵਰ੍ਹੇਗੰਢ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ਕਤੀਕਰਨ ਦੇ ਸਰੋਤ ਵਜੋਂ ਅਤੇ ਸਮਾਜਿਕ ਨਿਆਂ ਯਕੀਨੀ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਕੀਤੇ ਗਏ ਪੋਖਰਨ ਪਰਮਾਣੂ ਪ੍ਰੀਖਣਾਂ ਨੇ ਨਾ ਸਿਰਫ਼ ਭਾਰਤ ਨੂੰ ਆਪਣੀ ਵਿਗਿਆਨਕ ਸਮਰੱਥਾ ਸਾਬਤ ਕਰਨ ਵਿੱਚ ਮਦਦ ਕੀਤੀ ਸਗੋਂ ਆਲਮੀ ਪੱਧਰ ’ਤੇ ਮੁਲਕ ਦੀ ਵੱਖਰੀ ਪਛਾਣ ਵੀ ਕਾਇਮ ਕੀਤੀ। ਨਰਿੰਦਰ ਮੋਦੀ ਨੇ ਦੇਸ਼ ਭਰ ਤੋਂ ਪਹੁੰਚੇ ਸਾਇੰਸਦਾਨਾਂ ਅਤੇ ਖੋਜਾਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਟਲ ਜੀ ਦੇ ਸ਼ਬਦਾਂ ਵਿੱਚ ਕਹੀਏ: ਅਸੀਂ ਕਦੇ ਆਪਣਾ ਸਫ਼ਰ ਬੰਦ ਨਹੀਂ ਕੀਤਾ ਅਤੇ ਨਾ ਹੀ ਸਾਡੇ ਰਾਹ ਵਿੱਚ ਆਈਆਂ ਰੁਕਾਵਟਾਂ ਅੱਗੇ ਗੋਡੇ ਟੇਕੇ।’’

ਭੁੱਜ (ਕੱਛ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਦਾ ਝਲਕਾਰਾ ਸਮਾਜ ’ਚ ਝਲਕਦਾ ਹੈ। ਉਨ੍ਹਾਂ ਵੀਡੀਓ ਸੰਦੇਸ਼ ਰਾਹੀਂ ਨਖ਼ਤਰਾਣਾ ਵਿੱਚ ਅਖਿਲ ਭਾਰਤ ਕੱਛ ਕੜਵਾ ਪਾਟੀਦਾਰ ਸਮਾਜ ਦੀ 100ਵੀਂ ਵਰ੍ਹੇਗੰਢ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੈਂਕੜੇ ਸਾਲਾਂ ਤੋਂ ਵਿਦੇਸ਼ੀ ਹਮਲਾਵਰਾਂ ਨੇ ਭਾਰਤੀ ਸਮਾਜ ’ਤੇ ਅੱਤਿਆਚਾਰ ਕੀਤੇ ਹਨ ਪਰ ਸਾਡੇ ਪੁਰਖਿਆਂ ਨੇ ਆਪਣੀ ਪਛਾਣ ਨੂੰ ਮਿਟਣ ਨਹੀਂ ਦਿੱਤਾ। ਨਰਿੰਦਰ ਮੋਦੀ ਨੇ ਕਿਹਾ, ‘‘ਅਸੀਂ ਇਸ ਸਫ਼ਲ ਸਮਾਜ ਦੀ ਅਜੋਕੀ ਪੀੜ੍ਹੀ ਵਿੱਚ ਸਦੀਆਂ ਦੀਆਂ ਕੁਰਬਾਨੀਆਂ ਦਾ ਅਸਰ ਦੇਖ ਰਹੇ ਹਾਂ। ਕਿਸੇ ਵੀ ਮੁਲਕ ਦੀ ਤਰੱਕੀ ਦਾ ਝਲਕਾਰਾ ਉਸ ਦੇ ਸਮਾਜ ਵਿੱਚੋਂ ਝਲਕਦਾ ਹੈ।’’ ਉਨ੍ਹਾਂ ਕਿਹਾ ਕਿ ‘ਸਨਾਤਨ’ ਸਿਰਫ਼ ਇੱਕ ਸ਼ਬਦ ਨਹੀਂ ਹੈ, ਸਗੋਂ ਹਮੇਸ਼ਾ ਨਵਾਂ ਅਤੇ ਬਦਲਦਾ ਰਹਿੰਦਾ ਹੈ। ਇਸ ਵਿੱਚ ਅਤੀਤ ਤੋਂ ਆਪਣੇ-ਆਪ ਨੂੰ ਬਿਹਤਰ ਬਣਾਉਣ ਦੀ ਅੰਦਰੂਨੀ ਇੱਛਾ ਹੈ ਅਤੇ ਇਸੇ ਲਈ ਇਹ ਸਦੀਵੀ ਅਤੇ ਅਮਰ ਹੈ।