ਪੰਜਾਬ ਕੈਬਨਿਟ ਦੀ ਮੀਟਿੰਗ ਹੁਣ ਵੱਖ-ਵੱਖ ਸ਼ਹਿਰਾਂ ਵਿੱਚ ਹੋਵੇਗੀ: ਭਗਵੰਤ ਮਾਨ

ਪੰਜਾਬ ਕੈਬਨਿਟ ਦੀ ਮੀਟਿੰਗ ਹੁਣ ਵੱਖ-ਵੱਖ ਸ਼ਹਿਰਾਂ ਵਿੱਚ ਹੋਵੇਗੀ: ਭਗਵੰਤ ਮਾਨ

ਧੂਰੀ – ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਧੂਰੀ ਨਾਲ ਲੱਗਦੇ ਇੱਕ ਫਾਰਮ ਹਾਊਸ ਵਿੱਚ ਕੀਤੀ ਲੋਕ ਮਿਲਣੀ ਦੌਰਾਨ ਕਿਹਾ ਕਿ ਕੈਬਨਿਟ ਮੰਤਰੀਆਂ ਦੀ ਮੀਟਿੰਗ ਹੁਣ ਚੰਡੀਗੜ੍ਹ ਦੀ ਥਾਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੋਇਆ ਕਰੇਗੀ, ਜਿਸ ਨਾਲ ਹਲਕੇ ਨਾਲ ਸਬੰਧਤ ਮੰਗਾਂ ਦਾ ਨਿਬੇੜਾ ਮੌਕੇ ’ਤੇ ਹੀ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਪਾਰਟੀ ਵਾਲੰਟੀਅਰਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਵਾਸੀਆਂ ਵੱਲੋਂ ਦਿਖਾਏ ਗਏ ਭਰੋਸੇ ਨੂੰ ਠੇੇਸ ਨਹੀਂ ਪਹੁੰਚਣ ਦੇਣਗੇ ਅਤੇ ਪੂਰੇ ਸੂਬੇ ਵਿੱਚ ਬਿਨਾਂ ਪੱਖਪਾਤ ਤੋਂ ਹਰ ਗਲੀ ਤੱਕ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਉਨ੍ਹਾਂ ਧੂਰੀ ਹਲਕੇ ਦੇ ਵਸਨੀਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਧੂਰੀ ਸ਼ਹਿਰ ਵਿੱਚੋਂ ਲੰਘਦੇ ਰਜਵਾਹੇ ਦੀ ਸਫਾਈ ਤੋਂ ਇਲਾਵਾ ਸ਼ਹਿਰ ਦੇ ਮੁੱਖ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ ਤੇ ਧੂਰੀ ਨੂੰ ਪੰਜਾਬ ਦਾ ਸੁਹਣਾ ਸ਼ਹਿਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਧੂਰੀ ਹਲਕੇ ਦੇ ਪਿੰਡਾਂ ਨੂੰ ਨਹਿਰੀ ਪਾਣੀ ਦੇਣ ਲਈ ਤੀਹ ਕਿਲੋਮੀਟਰ ਦੀ ਪਾਈਪ ਲਾਈਨ ਪਾ ਦਿੱਤੀ ਗਈ ਹੈ ਤੇ ਹਲਕੇ ਵਿੱਚ 41 ਵੱਖ-ਵੱਖ ਵਿਕਾਸ ਕਾਰਜ ਜਾਰੀ ਹਨ। ਇਸ ਮੌਕੇ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਸੰਗਰੂਰ ਦੇ ਐੱਸਐੱਸਪੀ ਸੁਰਿੰਦਰ ਲਾਂਬਾ, ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਅਸ਼ੋਕ ਕੁਮਾਰ ਲੱਖਾ ਹਾਜ਼ਰ ਸਨ।