ਤੇਰਾ 20 ਰੁਪਈਆਂ ਦਾ ਲੰਗਰ ਬਾਬਾ ਚਲਦਾ ਦੁਨੀਆ ’ਚ

ਤੇਰਾ 20 ਰੁਪਈਆਂ ਦਾ ਲੰਗਰ ਬਾਬਾ ਚਲਦਾ ਦੁਨੀਆ ’ਚ

ਗੁਰੂਘਰ ਦੇ ਅਨਿਨ ਸੇਵਕਾਂ ਸੇਵਾਦਾਰਾਂ ਨੇ ਸ਼ਰਧਾ ਨਾਲ ਸੰਗਤਾਂ ਦੀ ਸੇਵਾ ਲਈ ਦਿਨ ਰਾਤ ਇੱਕ ਕਰ ਦਿੱਤਾ

ਸੈਨੇਹੋਜ਼ੇ, (ਸਾਡੇ ਲੋਕ) : ਸੈਨਹੋਜ਼ੇ ਗੁਰਦੁਆਰਾ ਸਾਹਿਬ ’ਚ ਐਤਵਾਰ 30 ਅਪ੍ਰੈਲ 2023 ਨੂੰ ਹੋਲਾ ਮਹੱਲਾ ਮਨਾਇਆ ਗਿਆ। ਹੋਲੇ- ਮਹੱਲੇ ਮੌਕੇ ਗੁਰਦੁਆਰਾ ਸਾਹਿਬ ’ਚ ਹਜ਼ਾਰਾਂ ਹੀ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਈਆਂ। ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਰਦਾਸ ਕਰਨ ਤੋਂ ਬਾਅਦ ਸੰਗਤਾਂ ਨੇ ਮੁੱਖ ਦੀਵਾਨ ਹਾਲ ’ਚ ਕੀਰਤਨ ਸਰਵਣ ਕੀਤਾ।
ਉਪ੍ਰੰਤ ਗੁਰੂਘਰ ਦੀ ਗਰਾਉਂਡ ’ਚ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥਿਆਂ ਅਤੇ ਸਥਾਨਕ ਸੈਨਹੋਜ਼ੇ ਗੁਰੂਘਰ ਦੇ ਜਥਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ’ਚ ਦਰਬਾਰ ਸਾਹਿਬ ਦੇ ਹਾਲ ’ਚ ਪੂਰਾ ਦਿਨ ਕਥਾ ਕੀਰਤਨ ਦਾ ਪਰਵਾਹ ਚਲਦਾ ਰਿਹਾ। ਉਥੇ ਸੰਗਤ ਨੇ ਢਾਡੀ ਵਾਰਾਂ, ਗਤਕਾ, ਬਾਲੀਵਾਲ, ਬਾਲੀਬਾਲ ਰੱਸਾਕਸ਼ੀ, ਘੋੜ ਸਵਾਰੀ, ਦੌੜਾ ਅਤੇ ਹੋਰ ਕਈ ਖੇਡਾਂ ਦਾ ਵੀ ਖੂਬ ਆਨੰਦ ਲਿਆ। ਕਈ ਅਲੱਗ-ਅਲੱਗ ਪਰਿਵਾਰਾਂ ਅਤੇ ਸੰਗਠਨਾਂ ਵੱਲੋਂ ਲਗਾਏ ਗਏ ਸਵਾਦਿਸ਼ਟ ਲੰਗਰਾਂ ਦਾ ਆਨੰਦ ਲਿਆ। ਇਸ ਦੌਰਾਨ ਛੋਲੇ-ਭਟੂਰੇ, ਗਾਰਲਿਕ ਨਾਹਨ, ਵੈਜ ਬਰਗਰ, ਗਰਮ ਜਲੇਬੀ, ਗਰਮ ਚਾਹ, ਪਕੌੜੇ, ਦੁੱਧ, ਬਦਾਮ, ਆਈ ਕਰੀਮ, ਤਾਜ਼ੇ ਗੰਨੇ ਦੇ ਰਸ ਸਮੇਤ ਕਈ ਤਰ੍ਹਾਂ ਦੇ ਲੰਗਰ ਪਰੋਸੇ ਗਏ। ਲੰਗਰ ਦੀ ਸੇਵਾ ਕਰਨ ਵਾਲੇ ਸਾਰੇ ਪਰਿਵਾਰਾਂ ਦਾ ਬਹੁਤ ਧੰਨਵਾਦ ਕੀਤਾ ਗਿਆ। ‘ਸਾਡੇ ਲੋਕ’ ਅਖਬਾਰ ਨਾਲ ਗੱਲਬਾਤ ਕਰਦਿਆਂ ਲੱਸੀ ਸੀ ਸੇਵਾ ਕਰ ਰਹੇ ਸੇਵਾਦਾਰਾਂ ਨੇ ਕਿਹਾ ਕੀ ਭਾਵੇਂ ਅੱਜ ਬਾਰਸ਼ ਹੱਟ ਹੱਟਕੇ ਪੈ ਰਹੀ ਹੈ ਪਰ ਪੰਜਾਬੀਆਂ ਦੀ ਪਹਿਲੀ ਖੁਰਾਕ ਲੱਸੀ ਹੀ ਹੈ। ਸੰਗਤਾਂ ਦੀ ਲੱਸੀ ਨਾਲ ਸੇਵਾ ਕਰਕੇ ਅਸੀਂ ਆਪਣੇ ਆਪ ਨੂੰ ਸੁਭਾਗੇ ਮਹਿਸੂਸ ਕਰ ਰਹੇ ਹਾਂ। ਉਨ੍ਹਾਂ ਨੇ ਅੱਜ ਦੇ ਪਵਿੱਤਰ ਦਿਨ ਉਪਰ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੱਤੀ ਅਤੇ ਸੈਨਹੋਜ਼ੇ ਕੈਲੀਫੋਰਨੀਆ ਹੋਲੇ ਮਹੱਲੇ ਦੇ ਅਨੰਦਪੁਰੀ ਜਾਹੋ-ਜਲਾਲ ਉਪਰ ਹਰ ਸਾਲ ਦੀ ਤਰ੍ਹਾਂ ਪਹੁੰਚੇ ਰੀਨੋ ਨਵਾਡਾ ਤੋਂ ਗੁਰੂ ਕੇ ਨਿਸ਼ਕਾਮ ਸੇਵਦਾਰਾਂ ਨੇ ਕਿਹਾ ਕਿ ਸਾਨੂੰ ਇਥੇ ਸੇਵਾ ਕਰਨ ਲਈ ਗੁਰੂ ਸਾਹਿਬ ਆਪ ਸਿਰ ਉਪਰ ਹੱਥ ਰੱਖਕੇ ਲੈ ਆਉਂਦੇ ਹਨ ਅਸੀਂ ਹਰ ਸਾਲ ਇਥੇ ਆਕੇ ਆਪਣੇ ਆਪ ਨੂੰ ਵੱਡਭਾਗੇ ਮਹਿਸੂਸ ਕਰਦੇ ਹਾਂ। ਇਥੇ ਦਾ ਇਹ ਇਲਾਹੀ ਪਵਿੱਤਰ ਤਿਉਹਾਰ ਵਾਕਿਆ ਹੀ ਅਨੰਦਪੁਰ ਸਾਹਿਬ ਦਾ ਭੁਲੇਖਾ ਪਾਉਂਦਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੱਤੀ। ਇਥੇ ਇਹ ਵੀ ਵਰਨਣਯੋਗ ਹੈ ਕੀ ਅੱਜ ਇਥੇ ਸੰਗਤਾਂ ਦੇ ਲਈ ਕਈ ਸਟਾਲ ਵੀ ਖਿੱਚ ਦਾ ਕੇਂਦਰ ਰਹੇ, ਅਣਗਿਣਤ ਸਟਾਲ ਲਗਾਏ ਗਏ ਜੋ ਧਰਮ ਸਾਹਿਤ, ਵਪਾਰ ਅਤੇ ਸਮਾਜਿਕ ਉਦੇਸ਼ਾਂ ਦੀ ਜਾਣਕਾਰੀ ਦੇ ਰਹੇ ਸਨ। ਸੈਨਹੋਜ਼ੇ ਗੁਰਦੁਆਰਾ ਸਾਹਿਬ ਦੀ ਵਲੰਟੀਅਰ ਟੀਮ, ਨਿੱਜੀ ਸੁਰੱਖਿਆ ਅਤੇ ਸੈਨਹੋਜ਼ੇ ਪੁਲਿਸ ਵੱਲੋਂ ਸੁਰੱਖਿਆ ਮੁਹੱਈਆ ਕਰਵਾਈ ਗਈ ਤਾਂ ਜੋ ਹੋਲੇ ਮਹੱਲੇ ਨੂੰ ਸੁਰੱਖਿਅਤ ਢੰਗ ਨਾਲ ਮਨਾਇਆ ਜਾ ਸਕੇ। ਸਥਾਨਕ ਅਤੇ ਰਾਜ ਦੇ ਅਧਿਕਾਰੀਆਂ ਨੇ ਸਿੱਖ ਭਾਈਚਾਰੇ ਨੂੰ ਹੋਲੇ-ਮਹੱਲੇ ਦੀਆਂ ਵਧਾਈਆਂ ਦਿੱਤੀਆਂ।