ਚਾਰਲਸ ਦੀ ਬਰਤਾਨੀਆ ਦੇ ਮਹਾਰਾਜਾ ਵਜੋਂ ਤਾਜਪੋਸ਼ੀ

ਚਾਰਲਸ ਦੀ ਬਰਤਾਨੀਆ ਦੇ ਮਹਾਰਾਜਾ ਵਜੋਂ ਤਾਜਪੋਸ਼ੀ

J ਉਪ ਰਾਸ਼ਟਰਪਤੀ ਧਨਖੜ ਨੇ ਭਾਰਤ ਦੇ ਪ੍ਰਤੀਨਿਧੀ ਵਜੋਂ ਵੈਸਟਮਿੰਸਟਰ ਐਬੇ ਦੇ ਸਮਾਰੋਹ ’ਚ ਕੀਤੀ ਸ਼ਿਰਕਤ
J ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਤਾਜਪੋਸ਼ੀ ਦੀਆਂ ਰਸਮਾਂ ਵਿਚ ਲਿਆ ਹਿੱਸਾ
ਲੰਡਨ : ‘ਕਿੰਗ’ ਚਾਰਲਸ (ਤੀਜੇ) ਦੀ ਅੱਜ ਅਧਿਕਾਰਤ ਤੌਰ ’ਤੇ ਬਰਤਾਨੀਆ (ਯੂਕੇ) ਦੇ ਮਹਾਰਾਜਾ ਵਜੋਂ ਤਾਜਪੋਸ਼ੀ ਕਰ ਦਿੱਤੀ ਗਈ। ਇੱਥੇ ਵੈਸਟਮਿੰਸਟਰ ਐਬੇ ਵਿਚ ਹੋਏ ਇਕ ਸ਼ਾਨਦਾਰ ਸਮਾਗਮ ਦੌਰਾਨ ਸ਼ਾਹੀ ਤਾਜ ਮਹਾਰਾਜਾ ਚਾਰਲਸ ਦੇ ਸਿਰ ’ਤੇ ਸਜਾਇਆ ਗਿਆ। ਇਸ ਮੌਕੇ 70 ਸਾਲ ਪਹਿਲਾਂ ਉਨ੍ਹਾਂ ਦੀ ਮਾਂ ਮਹਾਰਾਣੀ ਐਲਿਜ਼ਾਬੈੱਥ ਦੀ ਹੋਈ ਤਾਜਪੋਸ਼ੀ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਕਰੀਬ ਹਜ਼ਾਰ ਸਾਲ ਪੁਰਾਣੀ ਧਾਰਮਿਕ ਰਸਮ ਮੌਕੇ ‘ਆਰਚਬਿਸ਼ਪ ਆਫ਼ ਕੈਂਟਰਬਰੀ’ ਨੇ ਚਾਰਲਸ ਨੂੰ ਸਹੁੰ ਚੁਕਾਈ। ਇਸ ਮੌਕੇ ਬਰਤਾਨੀਆ ਦੇ ਪਹਿਲੇ ਹਿੰਦੂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਵੱਲੋਂ ਵੀ ਇਕ ‘ਰੀਡਿੰਗ’ ਕੀਤੀ ਗਈ। ਭਾਰਤ ਵੱਲੋਂ ਇਸ ਮੌਕੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਉਨ੍ਹਾਂ ਦੀ ਪਤਨੀ ਡਾ. ਸੁਦੇਸ਼ ਧਨਖੜ ਹਾਜ਼ਰ ਸਨ। ਉਹ ਰਾਸ਼ਟਰਮੰਡਲ ਦੇਸ਼ਾਂ ਦੇ ਕਈ ਹੋਰ ਪ੍ਰਤੀਨਿਧੀਆਂ ਦੇ ਨਾਲ ਬੈਠੇ। ਰਾਣੀ ਕੈਮਿਲਾ ਨੇ ਇਸ ਮੌਕੇ ਰਾਣੀ ਮੈਰੀ ਦਾ 1911 ਵਿਚ ਡਿਜ਼ਾਈਨ ਕੀਤਾ ਹੀਰਿਆਂ ਜੜਿਆਂ ਤਾਜ ਪਹਿਨਿਆ। ਇਸ ਮੌਕੇ ਭਾਰਤੀ ਮੂਲ ਦੇ ਹਾਜ਼ਰ ਲੋਕਾਂ ਵਿਚ ‘ਬੀਈਐਮ’ ਨਾਲ ਸਨਮਾਨਿਤ ਬੰਸਰੀ ਰੂਪਾਰੇਲੀਆ, ਮੰਜੂ ਮੱਲ੍ਹੀ, ਜੈ ਪਟੇਲ ਤੇ ਹੋਰ ਹਾਜ਼ਰ ਸਨ। ਤਾਜਪੋਸ਼ੀ ਦੀ ਇਸ ਪਵਿੱਤਰ ਰਸਮ ਮੌਕੇ ਚਾਰਲਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਦਾ ਪ੍ਰਤੀਕਾਤਮਕ ਤੌਰ ’ਤੇ ਮੁੜ ਵਿਆਹ ਕੀਤਾ ਗਿਆ, ਤੇ ਦੋਵਾਂ ਨੂੰ ਇਕੱਠਿਆਂ ਪ੍ਰਮਾਤਮਾ ਅੱਗੇ ਸੇਵਾ ਵਿਚ ਰਹਿਣ ਦੀ ਸਹੁੰ ਚੁਕਾਈ ਗਈ। ਜ਼ਿਕਰਯੋਗ ਹੈ ਕਿ ਵਿਲੀਅਮ ‘ਦਿ ਕੌਨਕੁਐਰਰ’ ਦੀ ਸੰਨ 1066 ਵਿਚ ਤਾਜਪੋਸ਼ੀ ਤੋਂ ਲੈ ਕੇ ਹੁਣ ਤੱਕ ਵੈਸਟਮਿੰਸਟਰ ਐਬੇ ਵਿਚ ਹੀ ਹਰ ਅਗਲੇ ਮਹਾਰਾਜਾ-ਮਹਾਰਾਣੀ ਦੀ ਤਾਪਜੋਸ਼ੀ ਹੁੰਦੀ ਰਹੀ ਹੈ।
ਇਸ ਮੌਕੇ ਵੱਖ-ਵੱਖ ਧਰਮਾਂ ਦੇ ਆਗੂ ਤੇ ਹਿੰਦੂ, ਸਿੱਖ, ਮੁਸਲਿਮ, ਬੋਧੀ ਤੇ ਯਹੂਦੀ ਧਰਮਾਂ ਦੇ ਪ੍ਰਤੀਨਿਧੀ ਹਾਜ਼ਰ ਸਨ। ਭਾਰਤੀ ਮੂਲ ਦੇ ‘ਹਾਊਸ ਆਫ ਲਾਰਡਜ਼’ ਮੈਂਬਰਾਂ ਨੇ ਵੀ ਤਾਜਪੋਸ਼ੀ ਦੀ ਰਸਮ ਵਿਚ ਹਿੱਸਾ ਲਿਆ। ਇਸ ਤੋਂ ਪਹਿਲਾਂ ਮਹਾਰਾਜਾ ਚਾਰਲਸ ਆਪਣੀ ਪਤਨੀ ਕੈਮਿਲਾ ਦੇ ਨਾਲ ਬਕਿੰਘਮ ਪੈਲੇਸ ਤੋਂ ‘ਡਾਇਮੰਡ ਜੁਬਲੀ ਸਟੇਟ ਕੋਚ’ (ਘੋੜਾ ਗੱਡੀ) ਵਿਚ ਐਬੇ ਲਈ ਨਿਕਲੇ। ਉਨ੍ਹਾਂ ਦੇ ਨਾਲ-ਨਾਲ ਘੋੜਿਆਂ ਉਤੇ ਤੇ ਪੈਦਲ ਫ਼ੌਜੀ ਵੀ ਚੱਲੇ। ਇਸ ਮੌਕੇ ਕੇਂਦਰੀ ਲੰਡਨ ਦੀਆਂ ਗਲੀਆਂ ਵਿਚ ਹਜ਼ਾਰਾਂ ਲੋਕ ਜੁੜੇ। ਇਸ ਮੌਕੇ ਰਾਜਤੰਤਰ (ਬ੍ਰਿਟਿਸ਼ ਸਾਮਰਾਜ) ਦਾ ਵਿਰੋਧ ਕਰਨ ਵਾਲੇ ਲੋਕ ਵੀ ਹਾਜ਼ਰ ਸਨ। ਉਨ੍ਹਾਂ ਟਰੈਫਾਲਗਰ ਸਕੁਏਅਰ ’ਤੇ ਰੋਸ ਪ੍ਰਦਰਸ਼ਨ ਕੀਤਾ। ਕੁਝ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿਚ ਲੈਣ ਦੀ ਸੂਚਨਾ ਵੀ ਹੈ। ਐਬੇ ਵਿਚ ਦੋ ਹਜ਼ਾਰ ਤੋਂ ਵੱਧ ਲੋਕਾਂ ਨੇ ਮਹਾਰਾਜੇ ਦਾ ਸਵਾਗਤ ਕੀਤਾ। ਮਹਾਰਾਜਾ ਚਾਰਲਸ ਤੇ ਰਾਣੀ ਕੈਮਿਲਾ ਵੈਸਟਮਿੰਸਟਰ ਐਬੇ ਵਿਚ ਤਾਜਪੋਸ਼ੀ ਮਗਰੋਂ ਬਕਿੰਘਮ ਪੈਲੇਸ ਗਏ ਤੇ ਮਹਿਲ ਦੀ ਬਾਲਕੋਨੀ ਵਿਚੋਂ ਲੋਕਾਂ ਦੀਆਂ ਵਧਾਈਆਂ ਕਬੂਲੀਆਂ।