300 ਸਾਲਾ ਜਨਮ ਦਿਹਾੜੇ ’ਤੇ ਵਿਸ਼ੇਸ਼ – ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ

300 ਸਾਲਾ ਜਨਮ ਦਿਹਾੜੇ ’ਤੇ ਵਿਸ਼ੇਸ਼ – ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ

ਡਾ. ਰਣਜੀਤ ਸਿੰਘ

ਜਰਨੈਲ ਜੱਸਾ ਸਿੰਘ ਰਾਮਗੜ੍ਹੀਏ ਦੀ ਸਿਰਫ ਸਿੱਖ ਕੌਮ ਨੂੰ ਹੀ ਨਹੀਂ, ਸਗੋਂ ਸਾਰੇ ਦੇਸ਼ ਨੂੰ ਮਹਾਨ ਦੇਣ ਹੈ। ਜੱਸਾ ਸਿੰਘ ਅਜਿਹੇ ਪੂਰਨ ਗੁਰਸਿੱਖ ਸਨ ਜਿਨ੍ਹਾਂ ਨੇ ਹਮੇਸ਼ਾ ਨਿੱਜੀ ਹੱਤਾਂ ਦੀ ਥਾਂ ਕੌਮੀ ਹਿੱਤਾਂ ਨੂੰ ਪਹਿਲ ਦਿੱਤੀ। ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਵਿਚ ਲਿਖਦੇ ਹਨ, ‘‘ਗਿਆਨੀ ਭਗਵਾਨ ਸਿੰਘ ਦਾ ਸਪੁੱਤਰ ਸ਼ਸਤਰ ਵਿਦਿਆ ਦਾ ਧਨੀ ਅਤੇ ਵੱਡਾ ਹਿੰਮਤੀ ਸੀ, ਇਹ ਗੁਰਬਾਣੀ ਦਾ ਪ੍ਰੇਮੀ, ਵਰਤਾ ਕੇ ਛਕਣ ਵਾਲਾ ਅਤੇ ਨਿਡਰ ਯੋਧਾ ਸੀ।’’

ਉਨ੍ਹਾਂ ਦੇ ਦਾਦਾ ਜੀ ਭਾਈ ਹਰਦਾਸ ਸਿੰਘ ਦਸਮੇਸ਼ ਪਿਤਾ ਤੋਂ ਅੰਮ੍ਰਿਤ ਪਾਨ ਕਰਨ ਵਾਲੇ ਪਹਿਲੇ ਜਥੇ ਵਿਚ ਸ਼ਾਮਲ ਸਨ। ਉਹ ਬਹੁਤ ਹੀ ਨਿਪੁੰਨ ਯੋਧੇ ਤੇ ਕਾਰੀਗਰ ਸਨ। ਹਾਥੀ ਨੂੰ ਮਾਰਨ ਵਾਲੇ ਨਾਗਨੀ ਬਰਛੇ ਨੂੰ ਇਨ੍ਹਾਂ ਹੀ ਬਣਾਇਆ ਸੀ। ਦਸਮੇਸ਼ ਪਿਤਾ ਨੇ ਉਨ੍ਹਾਂ ਨੂੰ ਅਸਲ਼ੇਖ਼ਾਨੇ ਦਾ ਮੁਖੀ ਥਾਪਿਆ ਸੀ। ਉਹ ਆਪਣੇ ਸਪੁੱਤਰ ਗਿਆਨੀ ਭਗਵਾਨ ਸਿੰਘ ਸਮੇਤ ਗੁਰੂ ਜੀ ਨਾਲ ਨਾਂਦੇੜ (ਹਜ਼ੂਰ ਸਾਹਿਬ) ਤੱਕ ਜਾਣ ਵਾਲੇ ਸਿੰਘਾਂ ਵਿੱਚ ਸ਼ਾਮਲ ਸਨ। ਗੁਰੂ ਜੀ ਦੇ ਹੁਕਮਾਂ ਅਨੁਸਾਰ ਹੀ ਉਹ ਅਤੇ ਉਨ੍ਹਾਂ ਪੁੱਤਰ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਲੜਾਈਆਂ ਲੜਦੇ ਪੰਜਾਬ ਆਏ। ਉਹ ਸਿੱਖ ਫ਼ੌਜ ਦੇ ਪ੍ਰਮੁੱਖ ਜਰਨੈਲ ਸਨ। ਗਿਆਨੀ ਗਿਆਨ ਸਿੰਘ ਜੀ ਆਪਣੀ ਪ੍ਰਮੁੱਖ ਰਚਨਾ ‘ਪੰਥ ਪ੍ਰਕਾਸ਼’ ਵਿਚ ਸਰਦਾਰ ਹਰਦਾਸ ਸਿੰਘ ਬਾਰੇ ਇਸ ਤਰ੍ਹਾਂ ਲਿਖਦੇ ਹਨ:

ਇਨਕਾ ਬੜਾ ਸਿੰਘ ਹਰਿਦਾਸ।

ਰਹਯੋ ਗੁਰੂ ਗੋਬਿੰਦ ਸਿੰਘ ਪਾਸ।

ਮਨ ਤਨ ਧਨ ਕਰੇ ਸੇਵ ਕਮਾਈ।

ਗੁਰੂ ਵਰ ਦੀਨੋ ਰਾਜ ਲੁਭਾਈ।

ਸਿੰਘ ਭਗਵਾਨ ਤਾਹਿ ਸੁਤ ਭਯੋ।

ਅਬਚਲ ਨਗਰ ਗੁਰੂ ਸੰਗ ਗਯੋ।

ਗਿਆਨੀ ਭਗਵਾਨ ਸਿੰਘ ਜਿੱਥੇ ਇਕ ਮਹਾਨ ਯੋਧਾ ਸਨ, ਉਥੇ ਪੂਰਨ ਗੁਰਸਿੱਖ ਅਤੇ ਗੁਰਬਾਣੀ ਦੇ ਵਿਦਵਾਨ ਸਨ। ਇਸੇ ਕਰਕੇ ਉਨ੍ਹਾ ਨੂੰ ‘ਗਿਆਨੀ’ ਆਖਿਆ ਜਾਣ ਲੱਗਿਆ। ਭਾਵੇਂ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਪਰ ਉਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ। ਇਸੇ ਕਰਕੇ ਉਨ੍ਹਾਂ ਨੇ ਆਪਣੀ ਰਿਹਾਇਸ਼ ਲਾਹੌਰ ਜ਼ਿਲ੍ਹੇ ਦੇ ਪਿੰਡ ਈਛੋਗਿਲ ਵਿੱਚ ਰੱਖ ਲਈ। ਇਸੇ ਪਿੰਡ ਵਿਚ ਜੱਸਾ ਸਿੰਘ ਦਾ ਜਨਮ 5 ਮਈ 1723 ਨੂੰ ਮਾਤਾ ਗੰਗੋ ਜੀ ਦੇ ਗ੍ਰਹਿ ਵਿਖੇ ਹੋਇਆ। ਜੱਸਾ ਸਿੰਘ ਹੋਰੀਂ ਪੰਜ ਭਰਾ ਸਨ। ਪਿਤਾ ਜੀ ਨੇ ਧਾਰਮਿਕ ਵਿਦਿਆ ਦੇ ਨਾਲੋ-ਨਾਲ ਆਪਣੇ ਪੁੱਤਰਾਂ ਨੂੰ ਸ਼ਸਤਰ ਵਿਦਿਆ ਵਿਚ ਵੀ ਨਿਪੁੰਨ ਕੀਤਾ। ਸਰਦਾਰ ਜੱਸਾ ਸਿੰਘ ਹੋਰਾਂ ਦਾ ਲੰਬਾ ਕੱਦ, ਚੌੜਾ ਮੱਥਾ ਤੇ ਦਰਸ਼ਨੀ ਸੂਰਤ ਸੀ। ਉਹ ਵੱਡੇ ਤੋਂ ਵੱਡੇ ਸੰਕਟ ਸਮੇਂ ਵੀ ਬਾਣੀ ਦੇ ਓਟ ਆਸਰੇ ਸਥਿਰ ਰਹਿੰਦੇ ਸਨ। ਉਨ੍ਹਾਂ ਦੀ ਪਤਨੀ ਦਾ ਨਾਮ ਬੀਬੀ ਦਿਆਲ ਕੌਰ ਸੀ। ਜੱਸਾ ਸਿੰਘ ਨੇ ਆਪਣੀ ਪਹਿਲੀ ਲੜਾਈ 15 ਸਾਲ ਦੀ ਉਮਰ ਵਿਚ ਵਜ਼ੀਰਾਬਾਦ ਨੇੜੇ ਨਾਦਰ ਸ਼ਾਹ ਵਿਰੁੱਧ ਲੜੀ। ਇਸੇ ਲੜਾਈ ਵਿਚ ਪਿਤਾ ਗਿਆਨੀ ਭਗਵਾਨ ਸਿੰਘ ਸ਼ਹੀਦ ਹੋਏ। ਉਹ ਲੜਾਈ ਨਾਦਰਸ਼ਾਹ ਦੇ ਸਿੱਖ ਕੌਮ ’ਤੇ ਕੀਤੇ ਜਾ ਰਹੇ ਜ਼ੁਲਮਾਂ ਦਾ ਬਦਲਾ ਲੈਣ ਲਈ ਸੀ। ਜ਼ਕਰੀਆ ਖਾਨ ਨੇ ਸਰਦਾਰ ਜੱਸਾ ਸਿੰਘ ਦੀ ਬਹਾਦਰੀ ਤੋਂ ਕਾਇਲ ਹੋ ਕੇ ਪੰਜ ਪਿੰਡ ਇਨਾਮ ਵਿਚ ਦਿੱਤੇ। ਉਹ ਇਤਨੇ ਫ਼ਰਾਖ਼ਦਿਲ ਸਨ ਕਿ ਸਾਰੇ ਪਿੰਡ ਆਪਣੇ ਭਰਾਵਾਂ ਵਿਚ ਵੰਡ ਦਿੱਤੇ।

ਉਸ ਸਮੇਂ ਸਿੱਖ ਕੌਮ ਘੋਰ ਸੰਕਟ ਵਿਚੋਂ ਲੰਘ ਰਹੀ ਸੀ। ਵਿਦੇਸ਼ੀਆਂ ਦੇ ਹਮਲੇ ਹੋ ਰਹੇ ਸਨ। ਸਿੰਘਾਂ ਦੇ ਸਿਰ ਮੁੱਲ ਵਿਕਦੇ ਸਨ। ਇਸ ਘੋਰ ਸੰਕਟ ਸਮੇਂ ਕੌਮ ਦੀ ਰਾਖੀ ਲਈ ਫ਼ੌਜ਼ੀ ਤਾਕਤ ਜ਼ਰੂਰੀ ਸੀ। ਸਿੱਖੀ ਦਾ ਧੁਰਾ ਸ੍ਰੀ ਹਰਿਮੰਦਰ ਸਾਹਿਬ ਦੀ ਰਾਖੀ ਵੀ ਜ਼ਰੂਰੀ ਸੀ। ਇਸੇ ਕਰਕੇ ਉਨ੍ਹਾਂ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਇਕ ਕਿਲ੍ਹੇ ਦੀ ਉਸਾਰੀ ਕੀਤੀ ਗਈ ਜਿਸ ਦਾ ਨਾਮ ਗੁਰੂ ਰਾਮਦਾਸ ਜੀ ਦੇ ਨਾਮ ’ਤੇ ਰੱਖਿਆ ਗਿਆ। ਜੱਸਾ ਸਿੰਘ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਅਦੀਨਾ ਬੇਗ ਉਨ੍ਹਾਂ ਨੂੰ ਆਪਣੀ ਫ਼ੌਜ ਵਿਚ ਜਰਨੈਲ ਬਣਾਉਣਾ ਚਾਹੁੰਦਾ ਸੀ। ਉਨ੍ਹਾਂ ਨੇ ਪੰਥ ਤੋਂ ਪ੍ਰਵਾਨਗੀ ਲੈ ਕੇ ਇਹ ਨੌਕਰੀ ਪ੍ਰਵਾਨ ਕੀਤੀ। ਕੌਮ ਦਾ ਵਿਚਾਰ ਸੀ ਕਿ ਇੰਝ ਸ਼ਾਹੀ ਫ਼ੌਜ ਵਿਚ ਰਹਿ ਕੇ ਕੌਮ ਦੀ ਵਧੇਰੇ ਚੰਗੀ ਤਰ੍ਹਾਂ ਰਾਖੀ ਕੀਤੀ ਜਾ ਸਕਦੀ ਹੈ। ਮੀਰ ਮੰਨੂ ਨੇ ਜਦੋਂ ਰਾਮ ਰੌਣੀ ’ਤੇ ਹਮਲਾ ਕੀਤਾ ਤਾਂ ਜੱਸਾ ਸਿੰਘ ਨੇ ਉਸ ਨੂੰ ਹਰਾਇਆ। ਇਸ ਜਿੱਤ ਪਿੱਛੋਂ ਕਿਲ੍ਹੇ ਦਾ ਨਾਮ ਰੌਣੀ ਦੀ ਥਾਂ ‘ਰਾਮਗੜ੍ਹ’ ਰੱਖ ਦਿੱਤਾ ਗਿਆ। ਪੰਥ ਨੇ ਜੱਸਾ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਸਰਦਾਰ ਜੱਸਾ ਸਿੰਘ ਰਾਮਗੜ੍ਹ ਜਾਂ ਰਾਮਗੜ੍ਹੀਆ ਬਣਾ ਦਿੱਤਾ।

ਮੀਰ ਮੰਨੂੰ ਨੇ ਬਦਲਾ ਲੈਣ ਲਈ 1752 ਵਿਚ ਰਾਮਗੜ੍ਹ ’ਤੇ ਹਮਲਾ ਕੀਤਾ ਅਤੇ ਇਸ ਨੂੰ ਢਾਹ ਦਿੱਤਾ। ਜੱਸਾ ਸਿੰਘ ਨੇ ਇਸ ਦੀ ਮੁੜ ਉਸਾਰੀ ਕਰਵਾਈ। 1757 ਵਿਚ ਤੈਮੂਰਖਾਨ ਅਤੇ 1758 ਵਿਚ ਅਦੀਨਾ ਬੇਗ ਨੇ ਇਸ ਕਿਲ੍ਹੇ ਨੂੰ ਢਾਹਿਆ ਪਰ ਜੱਸਾ ਸਿੰਘ ਹੋਰੀਂ ਆਪਣੀ ਬਹਾਦਰੀ ਸਦਕਾ ਵੈਰੀਆਂ ਨੂੰ ਖਦੇੜ ਕੇ ਹਰ ਵਾਰ ਕਿਲ੍ਹੇ ਦੀ ਮੁੜ ਉਸਾਰੀ ਕਰਵਾਉਂਦੇ ਰਹੇ। ਜੱਸਾ ਸਿੰਘ ਹੋਰਾਂ ਬਟਾਲੇ ਦੇ ਸਾਰੇ ਇਲਾਕੇ ’ਤੇ ਕਬਜ਼ਾ ਕਰ ਕੇ ਆਪਣੀ ਮਿਸਲ ਦਾ ਰਾਜ ਸਥਾਪਤ ਕਰ ਲਿਆ ਅਤੇ ਸ੍ਰੀ ਹਰਗੋਬਿੰਦਪੁਰ ਨੂੰ ਆਪਣੀ ਰਾਜਧਾਨੀ ਬਣਾਇਆ। ਹੌਲੀ-ਹੌਲੀ ਕਾਂਗੜੇ ਤੀਕ ਸਾਰਾ ਪਹਾੜੀ ਇਲਾਕਾ ਵੀ ਉਨ੍ਹਆੰ ਦੇ ਰਾਜ ਦਾ ਹਿੱਸਾ ਬਣ ਗਿਆ। ਇੰਝ ਰਾਮਗੜ੍ਹੀਆ ਰਿਆਸਤ ਰਾਵੀ ਤੇ ਬਿਆਸ ਵਿਚਕਾਰਲੇ ਸਾਰੇ ਇਲਾਕੇ ਦੀ ਮਾਲਕ ਬਣ ਗਈ। ਇਕ ਬ੍ਰਾਹਮਣ ਦੀ ਪਤਨੀ ਨੂੰ ਕਸੂਰ ਦਾ ਨਵਾਬ ਖੋਹ ਕੇ ਲੈ ਗਿਆ। ਉਸ ਗਰੀਬ ਦੀ ਫ਼ਰਿਆਦ ਸੁਣ ਕੇ ਉਨ੍ਹਾਂ ਨੇ 1763 ਵਿਚ ਕਸੂਰ ’ਤੇ ਹਮਲਾ ਕੀਤਾ ਤੇ ਮਜ਼ਲੂਮ ਔਰਤ ਨੂੰ ਆਜ਼ਾਦ ਕਰਵਾਇਆ। ਇਸੇ ਤਰ੍ਹਾਂ ਉਨ੍ਹਂ ਨੇ ਹਿਸਾਰ ਦੇ ਹਾਕਮਾਂ ਪਾਸੋਂ ਬ੍ਰਾਹਮਣ ਲੜਕੀਆਂ ਨੂੰ ਛੁਡਾਇਆ। ਅਹਿਮਦ ਸ਼ਾਹ ਦੀ ਕੈਦ ’ਚੋਂ ਵੱਡੀ ਗਿਣਤੀ ਲੜਕੀਆਂ ਬਚਾਉਣ ਵਾਲਾ ਵੀ ਇਹ ਹੀ ਜਰਨੈਲ ਸੀ। ਬਦਕਿਸਮਤੀ ਨਾਲ ਕੌਮ ਵਿਚ ਪਈ ਆਪਸੀ ਫੁੱਟ ਕਾਰਨ ਉਹ 1776 ਵਿਚ ਰਾਜ ਛੱਡ ਕੇ ਸਤਲੁਜ ਤੋਂ ਪਾਰ ਚਲੇ ਗਏ। ਦਿੱਲੀ ਦੇ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਨੂੰ ਝੁਲਾਉਣ ਦਾ ਮਾਣ ਵੀ ਜੱਸਾ ਸਿੰਘ ਰਾਮਗੜ੍ਹੀਆ ਨੂੰ ਪ੍ਰਾਪਤ ਹੋਇਆ ਹੈ।

ਕੁਝ ਸਾਲਾਂ ਪਿੱਛੋਂ ਮੁੜ ਆ ਕੇ ਉਨ੍ਹਾਂ ਰਾਮਗੜ੍ਹੀਆ ਰਿਆਸਤ ਕਾਇਮ ਕੀਤੀ ਤੇ ਇਸ ਨੂੰ ਇਕ ਨਮੂਨੇ ਦਾ ਰਾਜ ਬਣਾਇਆ। ਉਨ੍ਹਾਂ ਦੇ ਰਾਜ ਵਿਚ ਪੂਰਨ ਅਮਨ-ਚੈਨ ਸੀ, ਵਸਤਾਂ ਸਸਤੀਆਂ ਸਨ ਅਤੇ ਪਰਜਾ ਹਰ ਪੱਖੋਂ ਸੁਖੀ ਸੀ। ਜਿੱਥੇ ਉਹ ਬੁੱਧੀ, ਬਾਹੂਬਲ ਅਤੇ ਬੀਰਤਾ ਵਿਚ ਸਭ ਤੋਂ ਅੱਗੇ ਸਨ, ਉਥੇ ਨਿਮਰਤਾ ਅਤੇ ਦਿਆਲੂਪਣਾ ਵੀ ਉਨ੍ਹਾਂ ਦੇ ਜੀਵਨ ਦਾ ਅੰਗ ਸਨ।

ਜੱਸਾ ਸਿੰਘ ਰਾਮਗੜ੍ਹੀਆ ਦੀ ਬਹਾਦਰੀ ਬਾਰੇ ਗਿਆਨੀ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਇਸ ਤਰ੍ਹਾਂ ਲਿਖਦੇ ਹਨ:

ਰਾਮਗੜ੍ਹੀਏ ਭਾਈ ਅਤਿ ਵੱਡ ਸੂਰੇ।

ਜਿਨ ਸੋਂਲਰ ਕੇ ਕੋਊ ਉਤ ਹਿਉ ਨਾ ਪੂਰੇ।

ਉਨ ਕੀ ਪਿਠ ਦੇਖੀ ਕਿਨ ਨਹਿ।

ਮਲੈਬੋ ਕਾਂਗੜਾ ਇਕ ਦਿਨ ਮਾਹਿ।

ਸਤਿ ਧਾਰਨ ਤੇ ਭਏ ਪਾਤਸ਼ਾਹ।

ਲਾਕਰ ਕਸੂਰ ਥੋਂ ਮੁਲਕ ਉਨ ਪਾਹਿ।

ਅੰਮ੍ਰਿਤਸਰ ਹੈ ਹਿੱਸੇ ਚੁਹਾਰਸ।

ਹਾਂਸੀ ਹਿਸਾਰ ਮਲ ਕਰੀ ਗੁਜਾਰਸ।

ਜੱਸਾ ਸਿੰਘ ਅਪਰੈਲ 1803 ਨੂੰ 80 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਚਿਤਵੇ ਖਾਲਸਾ ਦੇ ਪੂਰਨ ਰੂਪ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦੀ ਬਹਾਦਰੀ ਬਾਰੇ ਵਿਦੇਸ਼ੀ ਵਿਦਵਾਨ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਵੀ ਇਸ ਬਾਰੇ ਲਿਖਿਆ। ‘ਜੇ.ਡੀ. ਕੰਨਿਘਮ’ ਅਨੁਸਾਰ ਮਾਝੇ ਵਿਚ ਪਹਿਲੋਂ ਤਾਕਤ ਫੜਨ ਵਾਲੇ ਰਾਮਗੜ੍ਹੀਏ ਸਨ। ‘ਸਰ ਲੈਪਲ ਗਰਿਫ਼ਨ’ ਲਿਖਦਾ ਹੈ ਕਿ ਸਿੱਖ ਮਿਸਲਾਂ ’ਚੋਂ ਰਾਮਗੜ੍ਹੀਆ ਮਿਸਲ ਸਭ ਤੋਂ ਤਾਕਤ ਵਾਲੀ ਸੀ।