ਪੰਜਾਬ ’ਵਰਸਿਟੀ ਸਟਾਫ ਐਸੋਸੀਏਸ਼ਨ ਚੋਣ ’ਚ ਹਨੀ ਠਾਕੁਰ ਧੜਾ ਜੇਤੂ

ਪੰਜਾਬ ’ਵਰਸਿਟੀ ਸਟਾਫ ਐਸੋਸੀਏਸ਼ਨ ਚੋਣ ’ਚ ਹਨੀ ਠਾਕੁਰ ਧੜਾ ਜੇਤੂ

ਡੋਗਰਾ ਧੜੇ ਦੀ ਨਮੋਸ਼ੀਜਨਕ ਹਾਰ; ਆਜ਼ਾਦ ਉਮੀਦਵਾਰ ਨੈਨੀ ਗੁਪਤਾ ਨੇ ਵੀ ਜਿੱਤੀ ਚੋਣ
ਚੰਡੀਗੜ੍ਹ- ਪੰਜਾਬ ਯੂਨੀਵਰਸਿਟੀ (ਨਾਨ-ਟੀਚਿੰਗ) ਸਟਾਫ਼ ਐਸੋਸੀਏਸ਼ਨ (ਪੂਸਾ) ਦੀ ਨਵੀਂ ਕਾਰਜਕਾਰਨੀ ਦੀ ਹੋਈ ਚੋਣ ਵਿੱਚ ਇਸ ਵਾਰ ਵੀ ‘ਹਨੀ ਠਾਕੁਰ’ ਗਰੁੱਪ ਨੇ ਬਾਜ਼ੀ ਮਾਰ ਲਈ ਹੈ ਜਦਕਿ ਡੋਗਰਾ ਗਰੁੱਪ ਇਸ ਚੋਣ ਵਿੱਚ ਬੁਰੀ ਤਰ੍ਹਾਂ ਹਾਰ ਗਿਆ ਹੈ ਜਿਸ ਦਾ ਇੱਕ ਵੀ ਉਮੀਦਵਾਰ ਚੋਣ ਜਿੱਤ ਨਹੀਂ ਸਕਿਆ। ਇਸ ਚੋਣ ਵਿੱਚ ਦਿਲਚਸਪ ਗੱਲ ਇਹ ਰਹੀ ਕਿ ਹਨੀ ਠਾਕੁਰ ਗਰੁੱਪ ਦੀ ਰੀੜ੍ਹ ਦੀ ਹੱਡੀ ਸਮਝਿਆ ਜਾਂਦਾ ਉਮੀਦਵਾਰ ਬਲਜਿੰਦਰ ਸਿੰਘ ਜਨਰਲ ਸਕੱਤਰ ਦੀ ਚੋਣ ਹਾਰ ਗਿਆ ਹੈ ਜਿਸ ਦੀ ਥਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਮਹਿਲਾ ਨੈਨੀ ਗੁਪਤਾ ਚੋਣ ਜਿੱਤ ਗਈ ਹੈ। ਵੇਰਵਿਆਂ ਮੁਤਾਬਕ ਪੂਸਾ ਦੀ ਪ੍ਰਧਾਨਗੀ ਦੇ ਅਹੁਦੇ ਦੀ ਚੋਣ ਹਨੀ ਠਾਕੁਰ ਨੇ ਕੁੱਲ 566 ਵੋਟਾਂ ਹਾਸਲ ਕਰਕੇ ਜਿੱਤੀ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਹਰੀ ਕ੍ਰਿਸ਼ਨ ਨੂੰ ਸਿਰਫ਼ 210 ਵੋਟਾਂ ਹੀ ਪਈਆਂ। ਇਸ ਤੋਂ ਇਲਾਵਾ ਹੋਰਨਾਂ ਅਹੁਦਿਆਂ ਵਿੱਚੋਂ ਸੀਨੀਅਰ ਮੀਤ ਪ੍ਰਧਾਨ ਦੀਪਕ ਸ਼ਰਮਾ, ਮੀਤ ਪ੍ਰਧਾਨ ਰਾਜੀਵ ਕੁਮਾਰ ਪ੍ਰਿੰਸ, ਜਨਰਲ ਸਕੱਤਰ ਸ੍ਰੀਮਤੀ ਨੈਨੀ ਗੁਪਤਾ, ਸਕੱਤਰ ਮਨਜੀਤ ਸਿੰਘ, ਪ੍ਰਚਾਰ ਸਕੱਤਰ ਵਰਿੰਦਰ ਸਿੰਘ ਅਤੇ ਵਿੱਤ ਸਕੱਤਰ ਰਾਜ ਕੁਮਾਰ ਰਾਜੂ ਨੇ ਚੋਣ ਜਿੱਤੀ। ਅਸਿਸਟੈਂਟ ਕਾਂਸਟੀਚੁਐਂਸੀ ਵਿੱਚੋਂ ਵਿਪੁਲ ਬੱਤਰਾ, ਮਨਿਕ ਕਪੂਰ, ਗੁਰਜੰਟ ਸਿੰਘ, ਅਕਾਸ਼ ਖੋਸਲਾ, ਸੁਰਿੰਦਰਪਾਲ ਸਿੰਘ, ਅਨੀਤਾ ਸ਼ਰਮਾ ਅਤੇ ਅਜੇ ਪਾਲ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਕਲਰਕ ਕਾਂਸਟੀਚੁਐਂਸੀ ਵਿੱਚ ਅਮਿਤ ਗੁਲਾਟੀ, ਬਲਵਿੰਦਰ ਸਿੰਘ, ਹਰਪਾਲ ਸਿੰਘ, ਸੁਰਿੰਦਰ ਸਿੰਘ ਜੇਤੂ ਰਹੇ।

ਇਸ ਤੋਂ ਇਲਾਵਾ ਅਫ਼ਸਰ ਕਾਂਸਟੀਚੁਐਂਸੀ ਵਿੱਚੋਂ ਡਾ. ਸਤੀਸ਼ ਪਾਟਿਲ, ਸੁਪਰਡੈਂਟ ਕਾਂਸਟੀਚੁਐਂਸੀ ਵਿੱਚੋਂ ਬਲਜੀਤ ਸਿੰਘ ਅਤੇ ਸੁਦਰਸ਼ਨ ਸਿੰਘ ਖਿਲਾਫ਼ ਕੋਈ ਵੀ ਵਿਰੋਧੀ ਉਮੀਦਵਾਰ ਖੜ੍ਹਾ ਨਾ ਹੋਣ ਕਰਕੇ ਨਿਰਵਿਰੋਧ ਜੇਤੂ ਕਰਾਰ ਦਿੱਤੇ ਗਏ।