ਹੱਤਿਆ ਵਾਲੇ ਦਿਨ ਹੀ ਕਰ ਦਿੱਤਾ ਗਿਆ ਸੀ ਪੰਜਵੜ ਦਾ ਸਸਕਾਰ

ਹੱਤਿਆ ਵਾਲੇ ਦਿਨ ਹੀ ਕਰ ਦਿੱਤਾ ਗਿਆ ਸੀ ਪੰਜਵੜ ਦਾ ਸਸਕਾਰ

ਪਰਿਵਾਰ ਨੇ ਲਾਸ਼ ਨਾ ਮਿਲਣ ’ਤੇ ਦੁੱਖ ਪ੍ਰਗਟਾਇਆ; ਪੰਜਵੜ ਦੀਆਂ ਅਸਥੀਆਂ ਭਾਰਤ ਲਿਆਉਣ ਦੀ ਮੰਗ

ਅੰਮ੍ਰਿਤਸਰ- ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦੀ ਮ੍ਰਿਤਕ ਦੇਹ ਦਾ ਸਸਕਾਰ 6 ਮਈ ਨੂੰ ਕਤਲ ਵਾਲੇ ਦਿਨ ਹੀ ਦੇਰ ਸ਼ਾਮ ਨੂੰ ਲਾਹੌਰ ਦੇ ਬਾਹਰੀ ਇਲਾਕੇ ਵਿਚ ਕਰ ਦਿੱਤਾ ਗਿਆ ਸੀ। ਇਸ ਦਾ ਪ੍ਰਗਟਾਵਾ ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਪੁਸ਼ਟੀ ਕਰਦਿਆਂ ਦੱਸਿਆ ਕਿ ਧਾਰਮਿਕ ਰਸਮਾਂ ਨਿਭਾਉਣ ਵਾਸਤੇ ਸਥਾਨਕ ਗੁਰਦੁਆਰੇ ਦੇ ਗ੍ਰੰਥੀ ਨੂੰ ਉੱਥੇ ਲਿਜਾਇਆ ਗਿਆ ਸੀ। ਮਿਲੇ ਵੇਰਵਿਆਂ ਮੁਤਾਬਕ ਉਸ ਦੇ ਸਸਕਾਰ ਸਮੇਂ ਕੁਝ ਚੋਣਵੇ ਸਿੱਖਾਂ ਨੂੰ ਵੀ ਸ਼ਾਮਲ ਹੋਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਜਰਮਨੀ ਰਹਿੰਦੇ ਉਸ ਦੇ ਪੁੱਤਰਾਂ ਵੱਲੋਂ ਸਸਕਾਰ ਵਿੱਚ ਸ਼ਾਮਲ ਹੋਣ ਦੀ ਮੰਗੀ ਪ੍ਰਵਾਨਗੀ ਨੂੰ ਰੱਦ ਕਰ ਦਿੱਤਾ ਗਿਆ ਸੀ। ਉਹ 1990 ਵਿਚ ਪਾਕਿਸਤਾਨ ਚਲਾ ਗਿਆ ਸੀ ਅਤੇ ਉਥੇ ਫਰਜ਼ੀ ਨਾਂ ਸਰਦਾਰ ਸਿੰਘ ਮਲਿਕ ਵਜੋਂ ਰਹਿ ਰਿਹਾ ਸੀ। ਦਲ ਖਾਲਸਾ ਵੱਲੋਂ ਪਰਮਜੀਤ ਸਿੰਘ ਪੰਜਵੜ ਨਮਿਤ ਅਖੰਡ ਪਾਠ ਇੱਥੇ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਵੀ ਰੱਖਣ ਦੀ ਯੋਜਨਾ ਹੈ। ਜ਼ਿਕਰਯੋਗ ਹੈ ਕਿ ਦਲ ਖ਼ਾਲਸਾ ਦੇ ਬਾਨੀ ਗਜਿੰਦਰ ਸਿੰਘ ਨੇ ਆਪਣੇ ਫੇਸਬੁੱਕ ਖਾਤੇ ’ਤੇ ਇਸ ਕਤਲ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਇਸ ਕਤਲ ਲਈ ਭਾਰਤੀ ਏਜੰਸੀਆਂ ਨੂੰ ਦੋਸ਼ੀ ਠਹਿਰਾਇਆ ਹੈ।

ਤਰਨ ਤਾਰਨ:  ਪਾਕਿਸਤਾਨ ਵਿੱਚ ਮਾਰੇ ਗਏ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਨੇ ਉਸ ਦੀ ਲਾਸ਼ ਨਾ ਮਿਲਣ ’ਤੇ ਦੁੱਖ ਜ਼ਾਹਿਰ ਕਰਦਿਆਂ ਹੁਣ ਉਸ ਦੀਆਂ ਅਸਥੀਆਂ ਪਾਕਿਸਤਾਨ ਤੋਂ ਮੰਗਵਾਉਣ ਲਈ ਭਾਰਤ ਸਰਕਾਰ ਨੂੰ ਚਾਰਾਜੋਈ ਕਰਨ ਦੀ ਅਪੀਲ ਕੀਤੀ ਹੈ| ਪਰਮਜੀਤ ਸਿੰਘ ਦੀ ਸ਼ਨਿਚਰਵਾਰ ਨੂੰ ਲਾਹੌਰ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ| ਪਰਿਵਾਰ ਨੇ ਉਸ ਦਿਨ ਹੀ ਸਰਕਾਰ ਨੂੰ ਲਾਸ਼ ਮੰਗਵਾਉਣ ਦੀ ਬੇਨਤੀ ਕੀਤੀ ਸੀ ਪਰ ਅਗਲੇ ਦਿਨ ਐਤਵਾਰ ਨੂੰ ਲਾਹੌਰ ਵਿੱਚ ਰਾਵੀ ਦਰਿਆ ਨੇੜੇ ਬਾਥੂ ਸਾਥੂ ਸ਼ਮਸ਼ਾਨਘਾਟ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ ਸੀ| ਪਰਮਜੀਤ ਦੇ ਜੱਦੀ ਪਿੰਡ ਪੰਜਵੜ ਵਿੱਚ ਰਹਿੰਦੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਬਲਦੇਵ ਸਿੰਘ ਫ਼ੌਜੀ ਨੇ ਕਿਹਾ ਕਿ ਪਰਿਵਾਰ ਭਾਰਤ ਸਰਕਾਰ ਨੂੰ ਉਸ ਦੀਆਂ ਅਸਥੀਆਂ ਪਾਕਿਸਾਤਨ ਤੋਂ ਮੰਗਵਾਉਣ ਦੀ ਅਪੀਲ ਕਰਦਾ ਹੈ| ਸ਼੍ਰੋਮਣੀ ਕਮੇਟੀ ਵੱਲੋਂ ਅੱਜ ਭਗਵੰਤ ਸਿੰਘ ਸਿਆਲਕਾ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਬਲਦੇਵ ਸਿੰਘ ਨੇ ਕਿਹਾ ਕਿ ਪਰਿਵਾਰ ਵੱਲੋਂ ਪਰਮਜੀਤ ਨਮਿਤ ਅਖੰਡ ਪਾਠ ਦਾ ਭੋਗ ਤੇ ਅੰਤਿਮ ਅਰਦਾਸ 15 ਮਈ ਸੋਮਵਾਰ ਨੂੰ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਪਰਮਜੀਤ ਨੇ ਖਾਲਿਸਤਾਨ ਦੀ ਲਈ ਜੋ ਵੀ ਸੰਘਰਸ਼ ਕੀਤਾ, ਉਹ ਉਸ ਨੂੰ ਠੀਕ ਸਮਝਦੇ ਹਨ|

ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਰਿਵਾਰ ਨੂੰ ਵੀ ਪੁਲੀਸ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀ। ਉਸ ਵੇਲੇ ਉਨ੍ਹਾਂ ਦੇ 90 ਸਾਲਾ ਦਾਦਾ ਅਰਜਨ ਸਿੰਘ ਦੀਆਂ ਕੁੱਟ ਕੇ ਹੱਡੀਆਂ ਤੋੜ ਦਿੱਤੀਆਂ ਗਈਆਂ ਸਨ| ਉਹ ਆਪਣੀ ਮਾਤਾ ਮਹਿੰਦਰ ਕੌਰ ਨੂੰ ਗੁੰਮ ਕਰਨ ਦੇ ਕੇਸ ਦੀ ਅੱਜ ਤਕ ਤੱਕ ਪੈਰਵੀ ਕਰਦੇ ਆ ਰਹੇ ਹਨ|