ਇਮਰਾਨ ਖ਼ਾਨ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ

ਇਮਰਾਨ ਖ਼ਾਨ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ

ਪੈਰਾਮਿਲਟਰੀ ਰੇਂਜਰਜ਼ ਅਣਦੱਸੀ ਥਾਂ ’ਤੇ ਲੈ ਕੇ ਗਏ; ਧਾਰਾ 144 ਲਾਗੂ; ਇੰਟਰਨੈੱਟ ਦੇ ਮੋਬਾਈਲ ਸੇਵਾਵਾਂ ਬੰਦ
ਇਸਲਾਮਾਬਾਦ/ਲਾਹੌਰ – ਪੈਰਾਮਿਲਟਰੀ ਰੇਂਜਰਾਂ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਇਸਲਾਮਾਬਾਦ ਹਾਈ ਕੋਰਟ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਖ਼ਾਨ ਭ੍ਰਿਸ਼ਟਾਚਾਰ ਕੇਸ ਦੀ ਸੁਣਵਾਈ ਲਈ ਕੋਰਟ ਅਹਾਤੇ ਵਿੱਚ ਮੌਜੂਦ ਸਨ। ਗ੍ਰਿਫ਼ਤਾਰੀ ਮਗਰੋਂ ਖ਼ਾਨ ਨੂੰ ਰਾਵਲਪਿੰਡੀ ਸਥਿਤ ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਦੇ ਦਫ਼ਤਰ ਵਿੱਚ ਤਬਦੀਲ ਕੀਤੇ ਜਾਣ ਦੀਆਂ ਰਿਪੋਰਟਾਂ ਹਨ। ਹਾਲਾਂਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼(ਪੀਟੀਆਈ) ਦੇ ਆਗੂ ਫ਼ਵਾਦ ਚੌਧਰੀ ਨੇ ਖ਼ਾਨ ਨੂੰ ਕਿਸੇ ਅਣਦੱਸੀ ਥਾਂ ਤਬਦੀਲ ਕਰਨ ਦਾ ਦਾਅਵਾ ਕੀਤਾ ਹੈ। ਪਾਰਟੀ ਨੇ ਖ਼ਾਨ ’ਤੇ ਤਸ਼ੱਦਦ ਕੀਤੇ ਜਾਣ ਦਾ ਵੀ ਦਾਅਵਾ ਕੀਤਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਪੀਟੀਆਈ ਦੇ ਸਕੱਤਰ ਜਨਰਲ ਅਸਦ ਉਮਰ ਨੇ ਟਵੀਟ ਕੀਤਾ ਕਿ ਪਾਰਟੀ ਦੇ ਉਪ ਚੇਅਰਮੈਨ ਸ਼ਾਹ ਮਹਿਮੂਦ ਕੁਰੈਸ਼ੀ ਦੀ ਅਗਵਾਈ ਵਾਲੀ ਛੇ ਮੈਂਬਰੀ ਕਮੇਟੀ ਵੱਲੋਂ ਅਗਲੇ ਸੰਘਰਸ਼ ਦੀ ਰਣਨੀਤੀ ਘੜੀ ਜਾਵੇਗੀ। ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਸੁਰੱਖਿਆ ਵਧਾ ਦਿੱਤੀ ਹੈ। ਦੱਸ ਦੇਈਏ ਕਿ ਖ਼ਾਨ ਨੇ ਅਜੇ ਇਕ ਦਿਨ ਪਹਿਲਾਂ ਦੇਸ਼ ਦੀ ਤਾਕਤਵਾਰ ਫੌਜ ’ਤੇ ਉਨ੍ਹਾਂ ਦੀ ਹੱਤਿਆ ਦੀ ਕਥਿਤ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਸੀ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਸਾਬਕਾ ਕ੍ਰਿਕਟਰ ਤੋਂ ਸਿਆਸਤਦਾਨ ਬਣੇ 70 ਸਾਲਾ ਆਗੂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਖ਼ਾਨ ਦੀ ਗ੍ਰਿਫ਼ਤਾਰੀ ਅਜਿਹੇ ਮੌਕੇ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਪਾਕਿਸਤਾਨੀ ਫੌਜ ਨੇ ਗੱਦੀਓਂ ਲਾਹੇ ਪ੍ਰਧਾਨ ਮੰਤਰੀ ਵੱਲੋਂ ਖੁਫ਼ੀਆ ਏਜੰਸੀ ਆਈਐੱਸਆਈ ਦੇ ਇਕ ਸੀਨੀਅਰ ਅਧਿਕਾਰੀ ’ਤੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ।
ਇਸ ਦੌਰਾਨ ਉਹ ਅਦਾਲਤ ਵਿੱਚ ਬਾਈਓਮੀਟਰਿਕ ਹਾਜ਼ਰੀ ਦੇ ਅਮਲ ਨੂੰ ਪੂਰਾ ਕਰ ਰਹੇ ਸਨ ਜਦੋਂ ਰੇਂਜਰਜ਼ ਸ਼ੀਸ਼ੇ ਦੀ ਖਿੜਕੀ ਤੋੜ ਕੇ ਅੰਦਰ ਵੜੇ ਤੇ ਉਨ੍ਹਾਂ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ। ਮਜ਼ਾਰੀ ਨੇ ਦਾਅਵਾ ਕੀਤਾ ਕਿ ਰੇਂਜਰਾਂ ਨੇ ਇਸ ਮੌਕੇ ਉਥੇ ਮੌਜੂਦ ਵਕੀਲਾਂ ਤੇ ਖ਼ਾਨ ਦੇ ਸੁਰੱਖਿਆ ਸਟਾਫ਼ ਨਾਲ ਹੱਥੋਪਾਈ ਵੀ ਕੀਤੀ। ਟੀਵੀ ’ਤੇ ਨਸ਼ਰ ਤਸਵੀਰਾਂ ਵਿੱਚ ਰੇਂਜਰਜ਼ ਖ਼ਾਨ ਨੂੰ ਗਿੱਚੀਓਂ ਫੜ ਕੇ ਜੇਲ੍ਹ ਦੀ ਵੈਨ ਵਿਚ ਧੱਕਦੇ ਨਜ਼ਰ ਆ ਰਹੇ ਹਨ। ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਦੇ ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਪ੍ਰਾਪਰਟੀ ਕਾਰੋਬਾਰੀ ਮਲਿਕ ਰਿਆਜ਼ ਨੂੰ ਜ਼ਮੀਨ ਤਬਦੀਲ ਕਰਨ ਨਾਲ ਜੁੜੇ ਕੇਸ ਵਿੱਚ ਇਮਰਾਨ ਖ਼ਾਨ ਨੂੰ ਗ੍ਰਿਫਤਾਰ ਕਰਕੇ ਐੱਨੲੇਬੀ ਦੇ ਹਵਾਲੇ ਕੀਤਾ ਜਾ ਰਿਹਾ ਹੈ।’’ ਅਧਿਕਾਰੀ ਨੇ ਕਿਹਾ ਕਿ ਖ਼ਾਨ ਨੂੰ ਅਲ-ਕਾਦਿਰ ਟਰੱਸਟ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਪੰਜਾਬ ਦੇ ਜੇਹਲਮ ਜ਼ਿਲ੍ਹੇ ਦੇ ਸੋਹਾਵਾ ਇਲਾਕੇ ਵਿੱਚ ਸੂਫ਼ੀਵਾਦ ਬਾਰੇ ਅਲ-ਕਾਦਿਰ ਯੂਨੀਵਰਸਿਟੀ ਸਥਾਪਿਤ ਕਰਨ ਬਾਰੇ ਸੀ। ਉਨ੍ਹਾਂ ਕਿਹਾ, ‘‘ਖ਼ਾਨ ਦੇ ਗ੍ਰਿਫਤਾਰੀ ਵਾਰੰਟ ਅੱਜ ਸਵੇਰੇ ਹੀ ਜਾਰੀ ਹੋੲੇ ਸਨ ਤੇ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ।’’ ਹਾਲਾਂਕਿ ਇਨ੍ਹਾਂ ਵਾਰੰਟਾਂ ’ਤੇ ਜਾਰੀ ਕਰਨ ਦੀ ਤਰੀਕ 1 ਮਈ ਲਿਖੀ ਨਜ਼ਰ ਆਉਂਦੀ ਹੈ। ਵਾਰੰਟ ਵਿੱਚ ਖ਼ਾਨ ’ਤੇ ਭ੍ਰਿਸ਼ਟਾਚਾਰ ਤੇ ਭ੍ਰਿਸ਼ਟ ਸਰਗਰਮੀਆਂ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ ਹੈ। ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਨੇ ਕਿਹਾ ਕਿ ਖ਼ਾਨ ਕਈ ਨੋਟਿਸਾਂ ਦੇ ਬਾਵਜੂਦ ਕੋਰਟ ਵਿੱਚ ਪੇਸ਼ ਹੋਣ ’ਚ ਨਾਕਾਮ ਰਿਹਾ ਸੀ। ਉਨ੍ਹਾਂ ਟਵੀਟ ਕੀਤਾ, ‘‘ਕੌਮੀ ਜਵਾਬਦੇਹੀ ਕਮਿਸ਼ਨ ਨੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਣ ਦੇ ਦੋਸ਼ ਵਿੱਚ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਹੈ।’’ ਮੰਤਰੀ ਨੇ ਦਾਅਵਾ ਕੀਤਾ ਕਿ ਖ਼ਾਨ ’ਤੇ ਕੋਈ ਤਸ਼ੱਦਦ ਨਹੀਂ ਢਾਹਿਆ ਗਿਆ। ਇਸ ਦੌਰਾਨ ਇਮਰਾਨ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਪਾਰਟੀ ਨੇ ਪਹਿਲਾਂ ਰਿਕਾਰਡ ਕੀਤਾ ਇਕ ਵੀਡੀਓ ਜਾਰੀ ਕੀਤਾ ਹੈ, ਜਿਸ ਵਿੱਚ ਖ਼ਾਨ ਨੇ ਕਿਹਾ, ‘‘ਜਦੋਂ ਤੱਕ ਮੇਰੇ ਇਹ ਬੋਲ ਤੁਹਾਡੇ ਤੱਕ ਪੁੱਜਣਗੇ, ਮੈਨੂੰ ਇਕ ਬੇਬੁਨਿਆਦ ਕੇਸ ਵਿਚ ਗ੍ਰਿਫਤਾਰ ਕਰ ਲਿਆ ਹੋਵੇਗਾ। ਇਸ ਤੋਂ ਸਾਫ਼ ਹੈ ਕਿ ਪਾਕਿਸਤਾਨ ਵਿੱਚ ਮੌਲਿਕ ਅਧਿਕਾਰਾਂ ਤੇ ਜਮਹੂਰੀਅਤ ਨੂੰ ਦਫ਼ਨ ਕਰ ਦਿੱਤਾ ਗਿਆ ਹੈ। ਇਹ ਸਭ ਕੁਝ ਇਸ ਲਈ ਕੀਤਾ ਜਾ ਰਿਹੈ ਕਿਉਂਕਿ ਉਹ ਚਾਹੁੰਦੇ ਹਨ ਕਿ ਮੈਂ ਸਾਡੇ ’ਤੇ ਜਬਰੀ ਥੋਪੀ ਭ੍ਰਿਸ਼ਟ ਸਰਕਾਰ ਨੂੰ ਸਵੀਕਾਰ ਕਰ ਲਵਾਂ।’’ ਖ਼ਾਨ ਨੇ ਕਿਹਾ, ‘‘ਜੇਕਰ ਕਿਸੇ ਕੋਲ ਵਾਰੰਟ ਹੈ ਤਾਂ ਉਹ ਸਿੱਧਾ ਮੇਰੇ ਕੋਲ ਲੈ ਕੇ ਆੲੇ। ਮੇਰਾ ਵਕੀਲ ਉਥੇ ਹੋਵੇਗਾ ਤੇ ਮੈਂ ਖ਼ੁਦ ਬਖੁ਼ਦ ਜੇਲ੍ਹ ਜਾਣ ਲਈ ਤਿਆਰ ਹਾਂ।’’ ਉਧਰ ਸ਼ਿਰੀਨ ਮਜ਼ਾਰੀ ਨੇ ਕਿਹਾ, ‘‘ਕਿਹੜੇ ਕਾਨੂੰਨ? ਰੇਂਜਰਜ਼ ਨੇ ਕੋਰਟ ’ਤੇ ਇਸ ਤਰ੍ਹਾਂ ਹਮਲਾ ਬੋਲਿਆ, ਜਿਵੇਂ ਕਿਸੇ ਜ਼ਮੀਨ ’ਤੇ ਕਬਜ਼ਾ ਕਰਨਾ ਹੁੰਦਾ ਹੈ…ਵਕੀਲਾਂ ਤੇ ਇਸਲਾਮਾਬਾਦ ਹਾਈ ਕੋਰਟ ਸਟਾਫ਼ ਦੀ ਵੀ ਕੁੱਟਮਾਰ ਕੀਤੀ ਗਈ। ਇਹ ਅੱਜ ਦਾ ਪਾਕਿਸਤਾਨ ਹੈ…ਇਕ ਫਾਸ਼ੀਵਾਦੀ ਦੇਸ਼, ਜਿੱਥੇ ਨੀਮ ਫੌਜੀ ਬਲਾਂ ਵੱਲੋਂ ਹਾਈ ਕੋਰਟ ’ਤੇ ਹਮਲਾ ਕੀਤਾ ਗਿਆ ਹੈ।’’ ਮਜ਼ਾਰੀ ਨੇ ਟਵੀਟ ਕੀਤਾ, ‘‘ਸਰਕਾਰੀ ਅਤਿਵਾਦ- ਇਮਰਾਨ ਖ਼ਾਨ ਨੂੰ ਕੋਰਟ ਅਹਾਤੇ ’ਚੋਂ ਅਗਵਾ ਕਰਨ ਲਈ ਇਸਲਾਮਾਬਾਦ ਹਾਈ ਕੋਰਟ ਵਿੱਚ ਜਬਰੀ ਵੜਨਾ। ਜੰਗਲ ਰਾਜ ਚੱਲ ਰਿਹੈ। ਰੇਂਜਰਾਂ ਨੇ ਵਕੀਲਾਂ ਨੂੰ ਕੁੱਟਿਆ, ਇਮਰਾਨ ਖ਼ਾਨ ਨਾਲ ਜ਼ੋਰ ਜ਼ਬਰਦਸਤੀ ਕਰਦਿਆਂ ਉਨ੍ਹਾਂ ਨੂੰ ਅਗਵਾ ਕੀਤਾ।’’ ਪਾਰਟੀ ਨੇ ਖ਼ਾਨ ’ਤੇ ਕਥਿਤ ਤਸ਼ੱਦਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।
ਉਧਰ ਇਸਲਾਮਾਬਾਦ ਪੁਲੀਸ ਨੇ ਇੰਸਪੈਕਟਰ ਜਨਰਲ ਅਕਬਰ ਨਾਸਿਰ ਖ਼ਾਨ ਦੇ ਹਵਾਲੇ ਨਾਲ ਜਾਰੀ ਸੰਖੇਪ ਬਿਆਨ ਵਿੱਚ ਕਿਹਾ ਗਿਆ ਕਿ ਖ਼ਾਨ ਨੂੰ ਪੀਟੀਆਈ ਚੇਅਰਮੈਨ ਤੇ ਉਨ੍ਹਾਂ ਦੀ ਬੇਗ਼ਮ ਬੁਸ਼ਰਾ ਬੀਬੀ ਦੀ ਮਾਲਕੀ ਵਾਲੀ ਬਾਹਰੀਆ ਕਸਬੇ ਵਿੱਚ ਅਲਾਟ 53 ਕਰੋੜ ਰੁਪਏ ਮੁੱਲ ਦੀ ਜ਼ਮੀਨ ਅਲ-ਕਾਦਿਰ ਟਰੱਸਟ ਨੂੰ ਤਬਦੀਲ ਕਰਨ ਨਾਲ ਜੁੜੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਖੀ ਨੇ ਕਿਹਾ ਕਿ ਇਸਲਾਮਾਬਾਦ ਵਿੱਚ ਹਾਲਾਤ ‘ਆਮ’ ਵਾਂਗ ਹਨ ਤੇ ਸੰਘੀ ਰਾਜਧਾਨੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ…ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਰੋਜ਼ਨਾਮਚਾ ‘ਡਾਅਨ’ ਨੇ ਬੈਰਿਸਟਰ ਗੌਹਰ ਖ਼ਾਨ, ਜੋ ਖ਼ਾਨ ਦੀ ਗ੍ਰਿਫ਼ਤਾਰੀ ਮੌਕੇ ਕੋਰਟ ਵਿੱਚ ਮੌਜੂਦ ਸਨ, ਨੇ ਹਵਾਲੇ ਨਾਲ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ’ਤੇ ‘ਤਸ਼ੱਦਦ’ ਢਾਹਿਆ ਗਿਆ। ਅਖ਼ਬਾਰ ਨੇ ਗੌਹਰ ਦੇ ਹਵਾਲੇ ਨਾਲ ਕਿਹਾ, ‘‘ਉਨ੍ਹ੍ਵਾਂ ਇਮਰਾਨ ਦੇ ਸਿਰ ਤੇ ਲੱਤ ’ਤੇ ਸੱਟਾਂ ਮਾਰੀਆਂ…ਗ੍ਰਿਫਤਾਰੀ ਮੌਕੇ ਉਸ ਦੀ ਵ੍ਹੀਲਚੇਅਰ ਦੀ ਵੀ ਭੰਨਤੋੜ ਕੀਤੀ।’’ ਸਾਬਕਾ ਸੂਚਨਾ ਮੰਤਰੀ ਤੇ ਪੀਟੀਆਈ ਦੇ ਉਪ ਪ੍ਰਧਾਨ ਫ਼ਵਾਦ ਚੌਧਰੀ ਨੇ ਕਿਹਾ ਕਿ ਖ਼ਾਨ ਨੂੰ ਕੋਰਟ ਕੰਪਲੈਕਸ ਵਿਚੋਂ ਹੀ ਅਗਵਾ ਕੀਤਾ ਗਿਆ ਤੇ ਇਸ ਦੌਰਾਨ ਵਕੀਲਾਂ ਤੇ ਆਮ ਲੋਕਾਂ ਨਾਲ ਵੀ ਮਾਰਕੁੱਟ ਕੀਤੀ ਗਈ।’’ ਚੌਧਰੀ ਨੇ ਟਵੀਟ ਕੀਤਾ, ‘‘ਕੁਝ ਅਣਪਛਾਤੇ ਵਿਅਕਤੀ ਇਮਰਾਨ ਖ਼ਾਨ ਨੂੰ ਕਿਸੇ ਅਣਦੱਸੀ ਥਾਂ ’ਤੇ ਲੈ ਗਏ। ’’ ਇਕ ਹੋਰ ਸੀਨੀਅਰ ਆਗੂ ਹਮਾਦ ਅਜ਼ਹਰ ਨੇ ਕਿਹਾ ਕਿ ਖ਼ਾਨ ਦੀ ਗ੍ਰਿਫ਼ਤਾਰੀ ‘ਸਵੀਕਾਰ ਨਹੀਂ’ ਤੇ ਪਾਰਟੀ ਪ੍ਰਧਾਨ ‘ਸਾਡੀ ਰੈੱਡ ਲਾਈਨ’ ਹਨ। ਅਜ਼ਹਰ ਨੇ ਦੇਸ਼ ਦੀ ਆਵਾਮ ਨੂੰ ਖ਼ਾਨ ਦੀ ਗ੍ਰਿਫ਼ਤਾਰੀ ਖਿਲਾਫ਼ ਸੜਕਾਂ ’ਤੇ ਉਤਰਨ ਦਾ ਸੱਦਾ ਦਿੱਤਾ।

ਗ੍ਰਿਫ਼ਤਾਰੀ ਤੋਂ ਪਹਿਲਾਂ ਖ਼ਾਨ ਨੂੰ ਕਈ ਕੇਸਾਂ ’ਚ ਮਿਲੀ ਜ਼ਮਾਨਤ

ਇਸਲਾਮਾਬਾਦ: ਨੀਮ ਫੌਜੀ ਬਲਾਂ ਦੇ ਰੇਂਜਰਾਂ ਵੱਲੋਂ ਇਸਲਾਮਾਬਾਦ ਹਾਈ ਕੋਰਟ ਵਿੱਚੋੋਂ ਗ੍ਰਿਫਤਾਰ ਕੀਤੇ ਜਾਣ ਤੋਂ ਪਹਿਲਾਂ ਅੱਜ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੂੰ ਉਨ੍ਹਾਂ ਖਿਲਾਫ਼ ਦਰਜ ਕੇਈ ਕੇਸਾਂ ਵਿੱਚ ਜ਼ਮਾਨਤ ਮਿਲ ਗਈ। ਅਤਿਵਾਦ ਵਿਰੋਧੀ ਕੋਰਟ (ਏਟੀਸੀ) ਨੇ ਖ਼ਾਨ ਵੱਲੋਂ ਦਾਇਰ ਅੰਤਰਿਮ ਜ਼ਮਾਨਤ ਦੀਆਂ ਅਰਜ਼ੀਆਂ ਨੂੰ ਮਨਜ਼ੂਰ ਕਰ ਲਿਆ। ਏਟੀਸੀ ਜੱਜ ਰਾਜਾ ਜਵਾਦ ਅੱਬਾਸ ਨੇ ਇਥੇ ਸੰਘੀ ਅਦਾਲਤੀ ਕੰਪਲੈਕਸ ਦੇ ਬਾਹਰ 18 ਮਾਰਚ ਨੂੰ ਹੋਈ ਹਿੰਸਾ ਨਾਲ ਜੁੜੇ ਸੱਤ ਕੇਸਾਂ ਵਿੱਚ ਖ਼ਾਨ ਵੱਲੋਂ ਦਾਇਰ ਜ਼ਮਾਨਤ ਅਰਜ਼ੀ ਨੂੰ ਪ੍ਰਵਾਨ ਕਰ ਲਿਆ। ਕੋਰਟ ਨੇ ਖ਼ਾਨ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਭਰਨ ਲਈ ਕਿਹਾ ਹੈ।

ਇਸਲਾਮਾਬਾਦ ਹਾਈ ਕੋਰਟ ਵੱਲੋਂ ਗਿ੍ਰਫਤਾਰੀ ‘ਜਾਇਜ਼’ ਕਰਾਰ

ਪੈਰਾ-ਮਿਲਟਰੀ ਰੇਂਜਰਾਂ ਵੱਲੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਨਾਟਕੀ ਗ੍ਰਿਫ਼ਤਾਰੀ ਮਗਰੋਂ ਸਰਕਾਰ ਤੇ ਪੁਲੀਸ ਦੇ ਸਿਖਰਲੇ ਅਧਿਕਾਰੀਆਂ ਨੂੰ ਸੰਮਨ ਕਰਨ ਵਾਲੀ ਇਸਲਾਮਾਬਾਦ ਹਾਈ ਕੋਰਟ ਨੇ ਖ਼ਾਨ ਦੀ ਗਿ੍ਰਫ਼ਤਾਰੀ ਨੂੰ ਕਾਨੂੰਨੀ ਤੌਰ ’ਤੇ ਜਾਇਜ਼ ਕਰਾਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਐੱਨਏਬੀ (ਕੌਮੀ ਜਵਾਬਦੇਹੀ ਬਿਊਰੋ) ਨੇ ਗਿ੍ਰਫਤਾਰੀ ਮੌਕੇ ਸਾਰੇ ਨੇਮਾਂ ਦੀ ਪਾਲਣਾ ਕੀਤੀ। ਇਸ ਤੋਂ ਪਹਿਲਾਂ ਰੋਜ਼ਨਾਮਚਾ ‘ਡਾਅਨ’ ਦੀ ਰਿਪੋਰਟ ਮੁਤਾਬਕ ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਆਮਿਰ ਫ਼ਾਰੂਕ ਨੇ ਖ਼ਾਨ ਦੀ ਗ੍ਰਿਫ਼ਤਾਰੀ ਦਾ ਨੋਟਿਸ ਲੈਂਦਿਆਂ ਇਸਲਾਮਾਬਾਦ ਦੇ ਪੁਲੀਸ ਮੁਖੀ, ਗ੍ਰਹਿ ਮੰਤਰਾਲੇ ਦੇ ਸਕੱਤਰ ਤੇ ਵਧੀਕ ਅਟਾਰਨੀ ਜਨਰਲ ਨੂੰ 15 ਮਿੰਟਾਂ ਅੰਦਰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਚੀਫ ਜਸਟਿਸ ਫਾਰੂਕ ਨੇ ਉਦੋਂ ਕਿਹਾ ਸੀ ਕਿ ਉਹ ‘ਜ਼ਾਬਤੇ’ ਨਾਲ ਕੰਮ ਲੈ ਰਹੇ ਹਨ, ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਸਲਾਮਾਬਾਦ ਦਾ ਪੁਲੀਸ ਮੁਖੀ ਅਦਾਲਤ ਵਿੱਚ ਪੇਸ਼ ਨਾ ਹੋਇਆ ਤਾਂ ਉਹ ਪ੍ਰਧਾਨ ਮੰਤਰੀ ਨੂੰ ‘ਸੰਮਨ’ ਕਰਨਗੇ। ਰੋਜ਼ਨਾਮਚੇ ਨੇ ਰਿਪੋਰਟ ਵਿੱਚ ਜਸਟਿਸ ਫਾਰੂਕ ਦੇ ਹਵਾਲੇ ਨਾਲ ਕਿਹਾ, ‘‘ਕੋਰਟ ਵਿੱਚ ਆ ਕੇ ਦੱਸਿਆ ਜਾਵੇ ਕਿ ਇਮਰਾਨ ਨੂੰ ਕਿਉਂ ਤੇ ਕਿਸ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।’’ ਇਸ ਚੇਤਾਵਨੀ ਮਗਰੋਂ ਇਸਲਾਮਾਬਾਦ ਦੇ ਆਈਜੀ ਨੇ ਕੋਰਟ ਵਿੱਚ ਪੇਸ਼ ਹੋ ਕੇ ਜੱਜ ਅੱਗੇ ਖਾਨ ਦਾ ਗ੍ਰਿਫਤਾਰੀ ਵਾਰੰਟ ਰੱਖਿਆ। ਆਈਜੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਐੱਨਏਬੀ ਨੇ ਗ੍ਰਿਫਤਾਰ ਕੀਤਾ ਹੈ। ਉਧਰ ਖ਼ਾਨ ਦੇ ਵਕੀਲ ਫੈਸਲ ਚੌਧਰੀ ਨੇ ਕਿਹਾ ਖ਼ਾਨ ਨੂੰ ਬਾਇਓਮੀਟਰਿਕ ਹਾਜ਼ਰੀ ਦਰਜ ਕਰਵਾਉਣ ਮੌਕੇ ਗੈਰਕਾਨੂੰਨੀ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਆ। ਉਧਰ ਐੱਨਬੀਏ ਰਾਵਲਪਿੰਡੀ ਵੱਲੋਂ ਸਰਦਾਰ ਮੁਜ਼ੱਫਰ ਅੱਬਾਸੀ ਪੇਸ਼ ਹੋਏ, ਜਿਨ੍ਹਾਂ ਕਿਹਾ ਕਿ ਭ੍ਰਿਸ਼ਟ ਸਰਗਰਮੀਆਂ ’ਤੇ ਨਜ਼ਰ ਰੱਖਣ ਵਾਲੀ ਏਜੰਸੀ ਨੂੰ ਖ਼ਾਨ ਨੂੰ ਗ੍ਰਿਫ਼ਤਾਰ ਕਰਨ ਦਾ ਕਾਨੂੰਨੀ ਹੱਕ ਹੈ।

ਰਾਵਲਪਿੰਡੀ ਸਥਿਤ ਫੌਜ ਦੇ ਹੈੱਡਕੁਆਰਟਰ ’ਚ ਵੜੇ ਇਮਰਾਨ ਹਮਾਇਤੀ

ਇਮਰਾਨ ਖ਼ਾਨ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੇ ਹਮਾਇਤੀ ਵੱਖ ਵੱਖ ਸ਼ਹਿਰਾਂ ਵਿੱਚ ਸੜਕਾਂ ’ਤ ਉੱਤਰ ਆੲੇ ਤੇ ਇਨ੍ਹਾਂ ਪ੍ਰਦਰਸ਼ਨਾਂ ਨੇ ਹੌਲੀ ਹੌਲੀ ਹਿੰਸਕ ਰੂਪ ਧਾਰ ਲਿਆ। ਇਸ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਦੀ ਗੋਲੀ ਨਾਲ ਮੌਤ ਹੋਣ ਤੇ ਜ਼ਖ਼ਮੀ ਹੋਣ ਦੀਆਂ ਰਿਪੋਰਟਾਂ ਹਨ। ਪਾਰਟੀ ਵਰਕਰ ਕਰਾਚੀ, ਪਿਸ਼ਾਵਰ ਤੇ ਲਾਹੌਰ ਸਥਿਤ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁੱਖ ਦਫ਼ਤਰਾਂ ‘ਇਨਸਾਫ਼ ਹਾਊਸ’ ਵਿੱਚ ਇਕੱਤਰ ਹੋ ਗਏ। ਰਾਵਲਪਿੰਡੀ ਤੇ ਇਸਲਾਮਾਬਾਦ ਵਿੱਚ ਵੀ ਲੋਕ ਸੜਕਾਂ ’ਤੇ ਨਿਕਲ ਆਏ। ਖ਼ਾਨ ਦੇ ਸਮਰਥਕ ਰਾਵਲਪਿੰਡੀ ਸਥਿਤ ਪਾਕਿਸਤਾਨ ਫੌਜ ਦੇ ਹੈੱਡਕੁਆਰਟਰ ਤੇ ਲਾਹੌਰ ਵਿੱਚ ਕੋਰ ਕਮਾਂਡਰਾਂ ਦੀ ਰਿਹਾਇਸ਼ ਵਿੱਚ ਦਾਖ਼ਲ ਹੋ ਗਏ। ਹੈੱਡਕੁਆਰਟਰ ’ਤੇ ਬੋਲੇ ਧਾਵੇ ਦੌਰਾਨ ਉਥੇ ਮੌਜੂਦਾ ਸਲਾਮਤੀ ਦਸਤਿਆਂ ਨੇ ਜ਼ਾਬਤੇ ਨਾਲ ਕੰਮ ਲਿਆ। ਪ੍ਰਦਰਸ਼ਨਕਾਰੀਆਂ ਨੇ ਸ਼ਾਹਬਾਜ਼ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਧਰ ਕੋਰ ਕਮਾਂਡਰ ਲਾਹੌਰ ਦੀ ਰਿਹਾਇਸ਼ ਵਿੱਚ ਵੜੇ ਪੀਟੀਆਈ ਵਰਕਰਾਂ ਨੇ ਭੰਨ-ਤੋੜ ਕੀਤੀ। ਡਿਊਟੀ ’ਤੇ ਮੌਜੂਦ ਫੌਜ ਦੇ ਅਮਲੇ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਪ੍ਰਦਰਸ਼ਨਕਾਰੀਆਂ ਨੇ ਛਾਉਣੀ ਇਲਾਕੇ ਵਿਚ ਵੀ ਮੁਜ਼ਾਹਰਾ ਕੀਤਾ। ਖ਼ਾਨ ਦੀ ਗ੍ਰਿਫ਼ਤਾਰੀ ਦਾ ਪਤਾ ਲੱਗਦੇ ਹੀ ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਰੋਸ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ। ਪ੍ਰਦਰਸ਼ਨਕਾਰੀਆਂ ਨੇ ਪੁਲੀਸ ਦੇ ਵਾਹਨਾਂ ਨੂੰ ਅੱਗ ਲਾ ਦਿੱਤੀ ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਲਾਹੌਰ ਦੇ ਮੁੱਖ ਰੋਡ ਸਣੇ ਦਾਖਲ ਤੇ ਬਾਹਰ ਨਿਕਲਣ ਵਾਲੇ ਰਾਹਾਂ ’ਤੇ ਜਾਰੀ ਪ੍ਰਦਰਸ਼ਨਾਂ ਕਰਕੇ ਸ਼ਹਿਰ ਦਾ ਵਰਚੁਅਲੀ ਹੋਰਨਾਂ ਸ਼ਹਿਰਾਂ ਨਾਲੋਂ ਰਾਬਤਾ ਖ਼ਤਮ ਹੋ ਗਿਆ। ਲਹਿੰਦੇ ਪੰਜਾਬ ਦੀ ਕਾਰਜਕਾਰੀ ਸਰਕਾਰ ਨੇ ਰੇਂਜਰਜ਼ ਨੂੰ ਮੁਲਕ ਦੇ ਸਭ ਤੋਂ ਸੰਘਣੀ ਵਸੋਂ ਵਾਲੇ ਸੂਬੇ ਵਿੱਚ ਅਮਨ ਤੇ ਕਾਨੂੰਨ ਬਣਾਈ ਰੱਖਣ ਦੀ ਹਦਾਇਤ ਕੀਤੀ ਹੈ। ਉਂਜ ਪੰਜਾਬ ਵਿੱਚ ਧਾਰਾ 144 ਆਇਦ ਕਰ ਦਿੱਤੀ ਗਈ ਹੈ। ਗ੍ਰਹਿ ਵਿਭਾਗ ਨੇ ਕਿਹਾ ਕਿ ਇਕੱਠ ’ਤੇ ਪਾਬੰਦੀ ਦੇ ਹੁਕਮ ਦੋ ਦਿਨਾਂ ਲਈ ਲਾਗੂ ਰਹਿਣਗੇ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਪਾਕਿਸਤਾਨ ਟੈਲੀਕਾਮ ਅਥਾਰਿਟੀ ਨੂੰ ਹਿੰਸਕ ਪ੍ਰਦਰਸ਼ਨਾਂ ਵਾਲੇ ਇਲਾਕਿਆਂ ਵਿੱਚ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਬੰਦ ਕਰਨ ਲਈ ਕਿਹਾ ਹੈ। ਪੀਟੀਆਈ ਦੇ ਵੱਡੀ ਗਿਣਤੀ ਵਰਕਰਾਂ ਨੇ ਗ੍ਰਹਿ ਮੰਤਰੀ ਰਾਣਾ ਸਨਾਉੱਲ੍ਹਾ ਦੇ ਫ਼ੈਸਲਾਬਾਦ ਸ਼ਹਿਰ ਵਿਚਲੇ ਘਰ ’ਤੇ ਪੱਥਰਬਾਜ਼ੀ ਵੀ ਕੀਤੀ। ਮੁਲਤਾਨ, ਜੰਗ, ਗੁਜਰਾਂਵਾਲਾ, ਸ਼ੇਖੂਪੁਰਾ, ਕਸੂਰ, ਖਾਨੇਵਾਲ, ਵੇਹੜੀ, ਹਾਫ਼ਿਜ਼ਾਬਾਦ ਤੇ ਗੁਜਰਾਤ ਸ਼ਹਿਰਾਂ ਵਿੱਚ ਰੋਸ ਮੁਜ਼ਾਹਰੇ ਵੇਖਣ ਨੂੰ ਮਿਲੇ।