ਮਹਾਨ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ ਪਾਏ ਪੂਰਨਿਆਂ ’ਤੇ ਪਹਿਰਾ ਦੇਣ ਦਾ ਹੋਕਾ
ਐਸਏਐਸ ਨਗਰ (ਮੁਹਾਲੀ) – ਰਾਮਗੜ੍ਹੀਆ ਸਭਾ ਮੁਹਾਲੀ ਵੱਲੋਂ ਇੱਥੋਂ ਦੇ ਫੇਜ਼-3ਬੀ-1 ਸਥਿਤ ਰਾਮਗੜ੍ਹੀਆ ਭਵਨ ਵਿੱਚ ਸਿੱਖ ਰਾਜ ਦੇ ਉਸਰੱਈਏ ਅਤੇ 18ਵੀਂ ਸਦੀ ਦੇ ਮਹਾਨ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਸੰਧਵਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਸ਼ਾਨਾਂਮੱਤੇ ਇਤਿਹਾਸ ਤੋਂ ਵਿਰਵੇ ਕਰਨ ਲਈ ਸਕੂਲ ਪਾਠਕ੍ਰਮ ਵਿੱਚੋਂ ਡੂੰਘੀ ਸਾਜ਼ਿਸ਼ ਤਹਿਤ ਖ਼ਾਸ ਕਰ ਕੇ ਸਿੱਖ ਇਤਿਹਾਸ ਨਾਲ ਸਬੰਧਤ ਘਟਨਾਵਾਂ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਬਾਬ ਤੋਂ ਰਣਜੀਤ ਨਗਾੜੇ ਤੱਕ ਦੇ ਸਿੱਖ ਇਤਿਹਾਸ ਨਾਲ ਵਿਦਿਆਰਥੀਆਂ ਨੂੰ ਜੋੜ ਕੇ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਆਪਣੇ ਇਤਿਹਾਸ ਅਤੇ ਗੁਰਬਾਣੀ ਨਾਲ ਜੁੜ ਕੇ ਜੇਕਰ ਬੱਚੇ ਚੰਗੇ ਇਨਸਾਨ ਬਣ ਗਏ ਤਾਂ ਜ਼ਿੰਦਗੀ ਦੇ ਬਾਕੀ ਪੜਾਅ ਵੀ ਉਹ ਸੁਖਾਲਿਆਂ ਤੈਅ ਕਰ ਸਕਣਗੇ। ਜੱਸਾ ਸਿੰਘ ਰਾਮਗੜ੍ਹੀਆ ਦੀ ਗੁਰੂ ਘਰ ਲਈ ਨਿਸ਼ਕਾਮ ਸੇਵਾ ਦਾ ਜ਼ਿਕਰ ਕਰਦਿਆਂ ਸ੍ਰੀ ਸੰਧਵਾਂ ਨੇ ਕਿਹਾ, ‘‘ਲਾਲ ਕਿਲ੍ਹਾ ਫ਼ਤਹਿ ਕਰਨ ਮਗਰੋਂ ਉਨ੍ਹਾਂ ਗੁਰੂ ਘਰਾਂ ਨੂੰ ਉਸਾਰਨ ਵੱਲ ਤਰਜੀਹ ਦਿੱਤੀ ਅਤੇ ਉਨ੍ਹਾਂ ਜਿਹੇ ਸੂਰਬੀਰਾਂ ਦੀ ਬਹਾਦਰੀ ਨੇ ਸਾਨੂੰ ਸਦਾ ਦੇਸ਼ ਲਈ ਨਿਰਸਵਾਰਥ ਕੁਰਬਾਨੀਆਂ ਦੇਣ ਲਈ ਪ੍ਰੇਰਿਆ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਅਜਿਹੀ ਸ਼ਾਨਦਾਰ ਵਿਰਾਸਤ ਦੇ ਵਾਰਿਸ ਹਾਂ, ਜਿਸ ਦੀ ਦੁਨੀਆਂ ਵਿੱਚ ਕੋਈ ਮਿਸਾਲ ਨਹੀਂ।’’ ਇਸ ਮੌਕੇ ਸਪੀਕਰ ਨੇ ਗੁਰਦੁਆਰੇ ਦੇ ਪ੍ਰਬੰਧ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਦੋ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਵਿਧਾਇਕ ਕੁਲਵੰਤ ਸਿੰਘ ਨੇ ਮਹਾਨ ਸਿੱਖ ਜਰਨੈਲ ਦੇ ਜੀਵਨ ਬਾਰੇ ਦੱਸਿਆ ਤੇ ਰਾਮਗੜ੍ਹੀਆ ਭਵਨ ਨੂੰ ਨਵਿਆਉਣ ਦੀ ਜ਼ਿੰਮੇਵਾਰੀ ਲਈ। ਇਸ ਮੌਕੇ ਸਭਾ ਦੇ ਪ੍ਰਧਾਨ ਕਰਮ ਸਿੰਘ ਬਬਰਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮਾਨ, ਪਰਦੀਪ ਸਿੰਘ, ਗੁਰਚਰਨ ਸਿੰਘ ਨੰਨੜਾ ਤੇ ਹੋਰ ਪਤਵੰਤੇ ਵੀ ਮੌਜੂਦ ਸਨ।