ਸਿੱਖ ਕੌਮ ਧੜੇਬੰਦੀ ਛੱਡ ਕੇ ਇੱਕ ਮੰਚ ’ਤੇ ਆਵੇ: ਜਥੇਦਾਰ ਹਰਪ੍ਰੀਤ ਸਿੰਘ

ਸਿੱਖ ਕੌਮ ਧੜੇਬੰਦੀ ਛੱਡ ਕੇ ਇੱਕ ਮੰਚ ’ਤੇ ਆਵੇ: ਜਥੇਦਾਰ ਹਰਪ੍ਰੀਤ ਸਿੰਘ

ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਮੁੱਖ ਸਮਾਗਮ ਅੱਜ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕਰਵਾਇਆ ਗਿਆ। ਇਸ ਦੌਰਾਨ ਬੁਲਾਰਿਆਂ ਨੇ ਮੌਜੂਦਾ ਹਾਲਾਤ ਵਿੱਚ ਪੰਥਕ ਏਕਤਾ ਦੀ ਲੋੜ ’ਤੇ ਜ਼ੋਰ ਦਿੱਤਾ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਾਸਤੇ ਵੱਖ-ਵੱਖ ਧੜਿਆਂ ਤੇ ਜਥੇਬੰਦੀਆਂ ਵਿੱਚ ਵੰਡੀ ਸਿੱਖ ਕੌਮ ਦਾ ਇਕ ਮੰਚ ’ਤੇ ਇਕੱਠਾ ਹੋਣਾ ਜ਼ਰੂਰੀ ਹੈ।

ਸਮਾਗਮ ਦੌਰਾਨ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਜਦੋਂ ਸਿੱਖ ਕੌਮ ਨੂੰ ਵੱਡੀਆਂ ਚੁਣੌਤੀਆਂ ਪੇਸ਼ ਹਨ ਤਾਂ ਕੌਮ ਨੂੰ ਇਤਿਹਾਸ ਤੋਂ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਸਿੱਖ ਪੰਥ ਦੇ ਵੱਡੇ ਨਾਇਕ ਸਨ, ਜਿਨ੍ਹਾਂ ਨੇ ਪੰਥ ਪ੍ਰਤੀ ਸਮਰਪਣ ਦੀ ਮਿਸਾਲ ਕਾਇਮ ਕੀਤੀ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੁਰਾਤਨ ਸਮਿਆਂ ਅੰਦਰ ਗੁਰੂ ਦੇ ਸਿੱਖਾਂ ’ਚ ਜੇ ਮਨ-ਮੁਟਾਵ ਹੁੰਦੇ ਵੀ ਸਨ ਤਾਂ ਉਹ ਆਪਸੀ ਮਿਲਵਰਤਨ ਅਤੇ ਸਦਭਾਵਨਾ ਨਾਲ ਹੱਲ ਕਰ ਲੈਂਦੇ ਸਨ। ਅੱਜ ਵੀ ਖਾਲਸਾ ਪੰਥ ਨੂੰ ਪੁਰਾਣੀਆਂ ਰਿਵਾਇਤਾਂ ਅਨੁਸਾਰ ਜੁੜ ਬੈਠਣ ਦੀ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਕਈ ਤਾਕਤਾਂ ਸਿੱਖ ਸ਼ਕਤੀ ਨੂੰ ਵੰਡਣ ਲਈ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦਾ ਟਾਕਰਾ ਕਰਨ ਲਈ ਪੰਥ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜਥਿਆਂ ਨੇ ਕੀਰਤਨ ਕੀਤਾ ਅਤੇ ਢਾਡੀ, ਕਵੀਸ਼ਰ ਜਥਿਆਂ ਨੇ ਜੱਸਾ ਸਿੰਘ ਰਾਮਗੜ੍ਹੀਆ ਦੀ ਦੇਣ ਨੂੰ ਵਾਰਾਂ ਰਾਹੀਂ ਪੇਸ਼ ਕੀਤਾ।

300 ਸਾਲਾ ਜਨਮ ਦਿਹਾੜੇ ਸਬੰਧੀ ਅੱਜ ਸਵੇਰੇ ਬੁੰਗਾ ਰਾਮਗੜ੍ਹੀਆ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਬੁੰਗੇ ਦੀ ਲੋੜੀਂਦੀ ਸਾਂਭ-ਸੰਭਾਲ ਅਤੇ ਨਵੀਨੀਕਰਨ ਦੀ ਸੇਵਾ ਮਗਰੋਂ ਇਸ ਦਾ ਰਸਮੀ ਤੌਰ ’ਤੇ ਉਦਘਾਟਨ ਵੀ ਕੀਤਾ ਗਿਆ।