‘ਆਪ’ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਟੱਪੀਆਂ: ਸ਼ੇਖਾਵਤ

‘ਆਪ’ ਨੇ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਟੱਪੀਆਂ: ਸ਼ੇਖਾਵਤ

ਜਲੰਧਰ – ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਹੈ ਕਿ ਜਿਸ ਤਰ੍ਹਾਂ 13 ਮਹੀਨੇ ਪਹਿਲਾਂ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਬਹੁਮਤ ਦਿੱਤਾ ਸੀ, ਅੱਜ ‘ਆਪ’ ਦੀ ਸਰਕਾਰ ਦਾ ਅਸਲੀ ਚਿਹਰਾ ਬੇਨਕਾਬ ਹੋ ਚੁੱਕਾ ਹੈ। ‘ਆਪ’ ਸਰਕਾਰਾਂ ਨੇ ਦਿੱਲੀ ਅਤੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ‘ਆਪ’ ਦੇ ਆਪਣੇ ਮੰਤਰੀ ਜੇਲ੍ਹਾਂ ਵਿੱਚ ਹਨ। ‘ਆਪ’ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ। ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ, ਮਾਫੀਆ ਰਾਜ ਸਿਖ਼ਰਾਂ ’ਤੇ ਹੈ। ਪੰਜਾਬ ਦੇ ਲੋਕ ਹੁਣ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਸ੍ਰੀ ਸ਼ੇਖਾਵਤ ਨੇ ਕਿਹਾ ਕਿ ‘ਆਪ’ ਜੋ ਆਮ ਆਦਮੀ ਵਾਂਗ ਰਹਿਣ ਦੀ ਗੱਲ ਕਰਦੀ ਸੀ, ਹੁਣ ਉਸ ਦੇ ਦਿੱਲੀ ਦੇ ਮੁੱਖ ਮੰਤਰੀ ਨੇ ਆਪਣੀ ਰਿਹਾਇਸ਼ ਦੀ ਮੁਰੰਮਤ ’ਤੇ 45 ਕਰੋੜ ਰੁਪਏ ਖ਼ਰਚ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਭ ਕੁਝ ਸਮਝ ਚੁੱਕੇ ਹਨ। ਇਸ ਲਈ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਜੋ ‘ਆਪ’ ਦੇ ਉਮੀਦਵਾਰ ਨਾਲ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ’ਚ ਕੀਤਾ ਸੀ, ਉਹੀ ਹਾਲ ਹੁਣ ਜਲੰਧਰ ਚੋਣ ’ਚ ਵੀ ਕਰਨਗੇ। ਕੇਂਦਰੀ ਮੰਤਰੀ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਦਾ ਵੋਟ ਫ਼ੀਸਦੀ ਘਟਿਆ ਸੀ, ਉੱਥੇ ਭਾਜਪਾ ਦੇ ਵੋਟ ਫ਼ੀਸਦੀ ਵਿੱਚ ਵਾਧਾ ਕੀਤਾ ਸੀ।

ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਡਾ. ਰਾਜ ਕੁਮਾਰ ਵੇਰਕਾ ਵੀ ਹਾਜ਼ਰ ਸਨ।