ਜੱਸਾ ਸਿੰਘ ਰਾਮਗੜ੍ਹੀਆ ਦੀਆਂ ਸ੍ਰੀ ਹਰਿਗੋਬਿੰਦਪੁਰ ਵਿਚਲੀਆਂ ਨਿਸ਼ਾਨੀਆਂ

ਜੱਸਾ ਸਿੰਘ ਰਾਮਗੜ੍ਹੀਆ ਦੀਆਂ ਸ੍ਰੀ ਹਰਿਗੋਬਿੰਦਪੁਰ ਵਿਚਲੀਆਂ ਨਿਸ਼ਾਨੀਆਂ

ਦਲਬੀਰ ਸਿੰਘ ਸੱਖੋਵਾਲੀਆ

ਸ੍ਰੀ ਹਰਿਗੋਬਿੰਦਪੁਰ ਸਾਹਿਬ ਸਿੱਖ ਇਤਹਾਸ ਦੀਆਂ ਅਨੇਕਾਂ ਅਨਮੋਲ ਨਿਸ਼ਾਨੀਆਂ ਆਪਣੀ ਬੁੱਕਲ ਵਿੱਚ ਸਮੋਈ ਬੈੈਠਾ ਹੈ। ਧਾਰਮਿਕ ਅਤੇ ਇਤਿਹਾਸਕ ਪੱਖ ਤੋਂ ਇਸ ਨਗਰ ਦਾ ਅਹਿਮ ਸਥਾਨ ਹੈ। ਇਸ ਨੇ ਮੁਗ਼ਲ ਕਾਲ ਦੌਰਾਨ ਕਈ ਉਤਰਾਅ-ਚੜ੍ਹਾਅ ਦੇਖੇ। ਸਿੱਖ ਰਾਜ ਸਮੇਂ ਜੱਸਾ ਸਿੰਘ ਰਾਮਗੜ੍ਹੀਆ ਨੇ ਸ੍ਰੀ ਹਰਿਗੋਬਿੰਦਪੁਰ ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਣਾਇਆ। ਉਨ੍ਹਾਂ ਦੀ ਹਵੇਲੀ/ਰਿਹਾਇਸ਼ ਵੀ ਇੱਥੇ ਹੀ ਸੀ। ਉਸ ਸਮੇਂ ਸਥਾਨਕ ਲੋਕਾਂ ਲਈ ਸੁਰੱਖਿਆ ਪੱਖ ਤੋਂ ਜੋ ਬੰਦੋਬਸਤ ਕੀਤੇ ਗਏ ਸਨ, ਉਹ ਅੱਜ ਦੇ ਤਕਨੀਕੀ ਮਾਹਿਰਾਂ ਨੂੰ ਮਾਤ ਪਾਉਂਦੇ ਹਨ। ਨਗਰ ਦੇ ਚੁਫੇਰੇ ਮਜ਼ਬੂਤ ਦੀਵਾਰ ਅਤੇ ਦਰਵਾਜ਼ੇ ਸੁਰੱਖਿਆ ਲਈ ਆਪਣੀ ਮਿਸਾਲ ਆਪ ਸਨ। ਸਿੱਖ ਰਾਜ ਦੀ ਇਸ ਪਹਿਲੀ ਰਾਜਧਾਨੀ ਦੀ ਇਮਾਰਤ ਅਤੇ ਹੋਰ ਗੌਰਵਮਈ ਥਾਵਾਂ ਹੁਣ ਖੁਰ ਖੁਰ ਜਾ ਰਹੀਆਂ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਈ ਇਤਿਹਾਸਕ ਥਾਵਾਂ ਨੂੰ ਸਵਾਰਦਿਆਂ ‘ਕੌਮ’ ਨੂੰ ਸਮਰਪਿਤ ਕੀਤੀਆਂ ਪਰ ਇਤਿਹਾਸਕ ਅਤੇ ਧਾਰਮਿਕ ਪੱਖ ਤੋਂ ਅਹਿਮ ਨਗਰ ਸ੍ਰੀ ਹਰਿਗੋਬਿੰਦਪੁਰ ਅਣਡਿੱਠ ਹੀ ਰਿਹਾ। ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਰਾਜਧਾਨੀ ਦੀ ਇਮਾਰਤ ਅਤੇ ਨਗਰ ਵਿੱਚ ਹੋਰ ਬਣਾਏ ਦਰਵਾਜ਼ਿਆਂ ’ਚੋਂ ਕਈ ਤਾਂ ਢਹਿ-ਢੇਰੀ ਹੋ ਗਏ ਹਨ।

ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 5 ਮਈ 1723 ਈਸਵੀ ਨੂੰ ਹੋਇਆ। ਉਨ੍ਹਾਂ ਦੇ ਪਿਤਾ ਭਗਵਾਨ ਸਿੰਘ ਆਪਣਾ ਪਿੰਡ ਸੁਰਸਿੰਘ ਛੱਡ ਕੇ ਈਚੋਗਿੱਲ (ਲਾਹੌਰ) ਕੋਲ ਵਸੇ ਸਨ। ਉਨ੍ਹਾਂ ਦੇ ਦਾਦਾ ਹਰਿਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ। ਉਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਜਰੂੜ ’ਚ ਹੋਈ ਲੜਾਈ ਵਿੱਚ ਸ਼ਹੀਦ ਹੋ ਗਏ ਸਨ। ਇਸੇ ਤਰ੍ਹਾਂ ਪਿਤਾ ਭਗਵਾਨ ਸਿੰਘ 1738 ਈਸਵੀ ਵਿੱਚ ਵਜ਼ੀਰਾਬਾਦ ’ਚ ਨਾਦਰਸ਼ਾਹ ਵਿਰੁੱਧ ਲੜਦਿਆਂ ਸ਼ਹੀਦ ਹੋ ਗਏ ਸਨ।

ਰਾਮਗੜ੍ਹੀਆ ਮਿਸਲ ਦੇ ਮੁਖੀ ਜੱਸਾ ਸਿੰਘ ਰਾਮਗੜ੍ਹੀਆ ਨੇ ਸਿੱਖ ਰਾਜ ਦੇ ਸਮੇਂ ਦੌਰਾਨ ਸ੍ਰੀ ਹਰਿਗੋਬਿੰਦਪੁਰ ਨੂੰ ਰਾਜਧਾਨੀ ਬਣਾਇਆ। ਉਸ ਸਮੇਂ ਜੱਸਾ ਸਿੰਘ ਰਾਮਗੜ੍ਹੀਆ ਅਧੀਨ ਬਟਾਲਾ, ਘੁਮਾਣ ਅਤੇ ਹੁਸ਼ਿਆਰਪੁਰ ਸਮੇਤ ਹੋਰ ਖੇਤਰ ਸਨ। ਦਰਿਆ ਬਿਆਸ ਕੰਢੇ ਵਸਾਇਆ ਨਗਰ ਭੂਗੋਲਿਕ ਦ੍ਰਿਸ਼ਟੀ ਤੋਂ ਬੜੀ ਅਹਿਮੀਅਤ ਰੱਖਦਾ ਹੈ। ਲਗਪਗ ਦਹਾਕਾ ਪਹਿਲਾਂ ਉਨ੍ਹਾਂ ਦੀ ਹਵੇਲੀ ਅਤੇ ਹੋਰ ਥਾਵਾਂ ਦੀਆਂ ਨਿਸ਼ਾਨੀਆਂ ਉਘੜਵੇਂ ਰੂਪ ’ਚ ਮਿਲਦੀਆਂ ਸਨ। ਉਸ ਸਮੇਂ ਘੋੜਿਆਂ ਦੇ ਬੰਨ੍ਹਣ ਅਤੇ ਚਾਰੇ ਲਈ ਖੁਰਲ ਨੁਮਾ ਪੁਖਤਾ ਪ੍ਰਬੰਧ ਵੀ ਦੇਖਣ ਨੂੰ ਮਿਲਦੇ ਰਹੇ। ਕਿਧਰੇ ਮਸ਼ਾਲ/ਦੀਵੇ ਬਾਲਣ ਲਈ ਛੱਡੀ ਜਗ੍ਹਾ ਦੇ ਕਲਾਤਮਿਕ ਹੁਨਰ ਵੀ ਪ੍ਰਤੱਖ ਰੂਪ ਵਿੱਚ ਦੇਖੇ ਜਾ ਸਕਦੇ ਸਨ। ਹੁਣ ਦੋ ਮੰਜ਼ਿਲੀ ਇਮਾਰਤ ਦੇ ਉਪਰਲੇ ਹਿੱਸੇ ਦੀ ਛੱਤ ਤਾਂ ਬਿਲਕੁਲ ਤਬਾਹ ਹੋ ਗਈ ਹੈ। ਇਮਾਰਤ ਦਾ ਕੁਝ ਹਿੱਸਾ ਤਾਂ ਪੂਰੀ ਤਰ੍ਹਾਂ ਮਿੱਟੀ ’ਚ ਮਿਲ ਗਿਆ ਹੈ, ਜਿੱਥੇ ਘਾਹ-ਬੂਟੀ ਤੇ ਹੋਰ ਝਾੜੀਆਂ ਉੱਗੀਆਂ ਹੋਈਆਂ ਹਨ। ਮਜ਼ਬੂਤ ਇੱਟਾਂ ਅਤੇ ਮੋਟੇ ਸ਼ਤੀਰ ਨਾਲ ਤਿਆਰ ਕਰਵਾਈ ਗਈ ਇਮਾਰਤ ਦੀ ਦੀਵਾਰ ’ਤੇ ਇੱਕ ਥਾਂ ਕੁੱਤੇ ਦਾ ਚਿੱਤਰ ਉਕਰਿਆ ਮਿਲਦਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਸ ਇਮਾਰਤ ’ਚ ਹੋਰ ਵੀ ਚਿੱਤਰ ਬਣਾਏ ਹੋਣਗੇ, ਜੋ ਸਮੇਂ ਦੀ ਧੂੜ ਹੇਠਾਂ ਦਫ਼ਨ ਹੋ ਗਏ। ਉਸ ਸਮੇਂ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਨੇ ਰਾਜਧਾਨੀ ਬਣਾਏ ਜਾਣ ਦੇ ਮੱਦੇਨਜ਼ਰ ਨਗਰ ਦੇ ਚਾਰ ਚੁਫੇਰੇ ਇੱਕ ਮਜ਼ਬੂਤ ਦੀਵਾਰ/ਫ਼ਸੀਲ ਬਣਵਾਈ ਸੀ। ਦੱਸਿਆ ਜਾਂਦਾ ਕਿ ਇਹ ਫ਼ਸੀਲ ਇੰਨੀ ਸੁਰੱਖਿਅਤ ਤੇ ਖੁੱਲ੍ਹੀ ਸੀ, ਜਿਸ ’ਤੇ ਦੋ ਰੱਥ ਇੱਕ ਹੀ ਸਮੇਂ ਚੱਲ ਸਕਦੇ ਸਨ। ਰਾਮਗੜ੍ਹੀਆ ਮਿਸਲ ਦੇ ਸਰਦਾਰ ਨੇ ਪੰਜ ਦਰਵਾਜ਼ੇ; ਲਾਹੌਰੀ ਦਰਵਾਜ਼ਾ, ਸਾਹਮਣਾ ਦਰਵਾਜ਼ਾ, ਮੋਰੀ ਦਰਵਾਜ਼ਾ, ਘਿਰੜ ਦਰਵਾਜ਼ਾ ਅਤੇ ਮਿਆਣੀ ਦਰਵਾਜ਼ਾ ਬਣਵਾਏ ਸਨ। ਚਾਰ ਦਰਵਾਜ਼ਿਆਂ ਦੀ ਹੋਂਦ ਤਾਂ ਇਸ ਨਗਰ ’ਚੋਂ ਹਮੇਸ਼ਾ ਲਈ ਖ਼ਤਮ ਹੋ ਗਈ ਜਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਕੁਝ ਲੋਕਾਂ ਨੇ ਖ਼ਤਮ ਕਰ ਦਿੱਤੀ। ਜਦੋਂ ਕਿ ਲਾਹੌਰੀ ਦਰਵਾਜ਼ਾ ਉਸ ਸਮੇਂ ਦੀ ਕਲਾਤਮਕ ਮੀਨਾਕਾਰੀ ਦੀ ਗਵਾਹੀ ਭਰਦਾ ਹੈ। ਇਸ ਦਰਵਾਜ਼ੇ ਦਾ ਪਿਛਲੀ ਸਰਕਾਰ ਸਮੇਂ ਸੁੰਦਰੀਕਰਨ ਵੀ ਕੀਤਾ ਗਿਆ ਸੀ। ਦੁੱਖਦਾਈ ਪਹਿਲੂ ਇਹ ਹੈ ਕਿ ਨਗਰ ਦੀ ਜਨਤਾ ਲਈ ਸੁਰੱਖਿਆ ਦੇ ਨਜ਼ਰੀਏ ਤੋਂ ਜੋ ਫਸੀਲ, ਦਰਵਾਜ਼ੇ/ਗੇਟ ਬਣਾਏ ਗਏ ਸਨ, ਅੱਜ ਨਗਰ ਦੇ ਉਨ੍ਹਾਂ ਲੋਕਾਂ ਦੀ ਅਣਦੇਖੀ ਕਾਰਨ ਇਹ ਢਹਿਢੇਰੀ ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਮੋਟੀ ਤੇ ਮਜ਼ਬੂਤ ਲੱਕੜੀ ਦੇ ਬਣੇ ਵਿਸ਼ਾਲ ਦਰਵਾਜ਼ੇ ਕੁਝ ਸਾਲ ਪਹਿਲਾਂ ਨਗਰਪਾਲਿਕਾ ਮੁਲਾਜ਼ਮ ਉਖਾੜ ਕੇ ਲੈ ਗਏ ਸਨ।

ਵਿਰਾਸਤੀ ਮੰਚ ਬਟਾਲਾ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਇਹ ਨਗਰ ਪੰਜਵੇਂ ਅਤੇ ਛੇਵੀਂ ਪਾਤਸ਼ਾਹੀ ਦੀ ਚਰਨ ਛੋਹ ਪ੍ਰਾਪਤ ਹੈ। ਉਨ੍ਹਾਂ ਦੱਸਿਆ ਕਿ ਜੱਸਾ ਸਿੰਘ ਰਾਮਗੜ੍ਹੀਆ ਦਾ 1803 ਵਿੱਚ ਇੱਥੇ ਹੀ ਦੇਹਾਂਤ ਹੋਇਆ ਸੀ।

ਸ੍ਰੀ ਹਰਿਗੋਬਿੰਦਪੁਰ ਸਾਹਿਬ ਦੇ ਪਿਛੋਕੜ ਅਤੇ ਇਤਿਹਾਸਕ ਪੱਖ ’ਤੇ ਪੰਛੀ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਦਾ ਪਹਿਲਾ ਨਾਮ ਰੋਹੀਲਾ ਸੀ ਪਰ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ 1619 ਈਸਵੀ ਵਿੱਚ ਆਪਣੇ ਪੁੱਤਰ ਹਰਿਗੋਬਿੰਦ ਦੇ ਨਾਂ ’ਤੇ ਇਸ ਨਗਰ ਦਾ ਨਾਮਕਰਨ ਕੀਤਾ। ਇਸ ਦੇ ਨਾਮਕਰਨ ਸਮੇਂ ਗੁਰੂ ਅਰਜਨ ਦੇਵ ਜੀ ਤੋਂ ਇਲਾਵਾ ਛੇਵੇਂ ਗੁਰੂ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਮਾਤਾ ਗੰਗਾ ਜੀ, ਭਾਈ ਬਿਧੀਚੰਦ ਸਮੇਤ ਹੋਰਾਂ ਮਹਾਪੁਰਸ਼ ਇਸ ਸਥਾਨ ’ਤੇ ਆਏ ਸਨ। ‘’ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿੱਚ ਵੀ ਹਵਾਲਾ ਮਿਲਦਾ ਹੈ ਕਿ ਇਹ ਨਗਰ ਛੇਵੇਂ ਗੁਰੂ ਨੇ ਵਸਾਇਆ ਸੀ। ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਕਿਨਾਰੇ ਦੇ ਪੱਤਰਿਆਂ ’ਤੇ ਸ੍ਰੀ ਹਰਿਗੋਬਿੰਦਪੁਰ ਸੰਮਤ 1644 ਵਿੱਚ ਆਬਾਦ ਹੋਣ ਦਾ ਹਵਾਲਾ ਦਰਜ ਹੈ। ਲੇਖਕ ਸੁਜਾਨ ਰਾਇ ਭੰਡਾਰੀ ਇਸ ਨਗਰ ਦੀ ਪ੍ਰਸਿੱਧੀ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ, ‘‘ਹੈਬਤ ਪੱਟੀ ਦੁਆਰਾ ਬਾਰੀ ਵਿੱਚੋਂ ਇੱਕ ਪਰਗਨਾ ਹੈ, ਇਸ ਅੰਦਰ ਹਰਿਗੋਬਿੰਦਪੁਰ ਇੱਕ ਨਗਰ ਹੈ। ਜਿੱਥੇ ਵਧੀਆ ਬਾਗ਼ ਤੇ ਪਾਵਨ ਸਰੋਵਰ ਬਣੇ ਹੋਏ ਹਨ। ਵਿਸਾਖੀ ਨੂੰ ਮੇਲਾ ਲੱਗਦਾ ਹੈ। ਇੱਥੋਂ ਤੱਕ ਕੇ ਨਗਰ ਦੇ ਘੋੜਿਆਂ ਦੀ ਚਾਲ ਢਾਲ ਇਰਾਕੀ ਘੋੜਿਆਂ ਦੇ ਬਰਾਬਰ ਦੱਸੀ ਗਈ ਹੈ। ਕਈਆਂ ਦੇ ਮੁੱਲ ਤਾਂ ਦਸ-ਦਸ ਹਜ਼ਾਰ ਰੁਪਏ ਤੱਕ ਪੁੱਜ ਜਾਂਦੇ ਸਨ।’’

ਵਿਸ਼ਵ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦੀ ਜਨਮ ਭੋਇ ਵੀ ਸ੍ਰੀ ਹਰਿਗੋਬਿੰਦਪੁਰ ਸਾਹਿਬ ਹੈੈ। ਸਦਾਬਹਾਰ ਫਿਲਮਾਂ ਦੇਣ ਵਾਲੇ ਰਾਜ ਖੋਸਲਾ ਸਮੇਤ ਹੋਰ ਹਸਤੀਆਂ ਨੇ ਵੀ ਇੱਥੇ ਹੀ ਜਨਮ ਲਿਆ। ਇੱਥੋਂ ਦੀਆਂ ਇਮਾਰਤਾਂ, ਬਹੁਮੁੱਲੀਆਂ ਨਿਸ਼ਾਨੀਆਂ, ਅਸਤਰ-ਸ਼ਸਤਰ ਆਦਿ ਨੂੰ ਬਚਾਉਣ ਲਈ ਜਿੱਥੇ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ, ਉਥੇ ਹੀ ਪੰਜਾਬ ਸਰਕਾਰ ਨੂੰ ਵੀ ਇਸ ਨਗਰ ਦਾ ਮਹੱਤਵ ਦੇਖਦਿਆਂ ਇੱਥੋਂ ਦੀਆਂ ਪੁਰਾਤਨ ਨਿਸ਼ਾਨੀਆਂ ਸੰਭਾਲਣ ਲਈ ਹੰਭਲਾ ਮਾਰਨਾ ਚਾਹੀਦਾ ਹੈ।