ਅਣਐਲਾਨੀ ਫੇਰੀ ਤਹਿਤ ਕੌਮਾਂਤਰੀ ਅਦਾਲਤ ਪੁੱਜੇ ਜ਼ੇਲੈਂਸਕੀ

ਅਣਐਲਾਨੀ ਫੇਰੀ ਤਹਿਤ ਕੌਮਾਂਤਰੀ ਅਦਾਲਤ ਪੁੱਜੇ ਜ਼ੇਲੈਂਸਕੀ

ਦਿ ਹੇਗ – ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਅੱਜ ਅਣਐਲਾਨੀ ਫੇਰੀ ਤਹਿਤ ਇਥੇ ਕੌਮਾਂਤਰੀ ਫੌਜਦਾਰੀ ਅਦਾਲਤ (ਆਈਸੀਸੀ) ਵਿੱਚ ਪੁੱਜੇ। ਅਦਾਲਤ ਨੇ ਯੂਕਰੇਨ ਵਿੱਚ ਕਥਿਤ ਜੰਗੀ ਅਪਰਾਧਾਂ ਲਈ ਰੂਸੀ ਸਦਰ ਵਲਾਦੀਮੀਰ ਪੂਤਿਨ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹੋਏ ਹਨ। ਪਿਛਲੇ ਮਹੀਨੇ ਆਈਸੀਸੀ ਦੇ ਜੱਜਾਂ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਕੋਲ ‘ਇਹ ਮੰਨਣ ਦੇ ਠੋਸ ਆਧਾਰ’ ਹਨ ਕਿ ਪੂਤਿਨ ਅਤੇ ਬੱਚਿਆਂ ਦੇ ਅਧਿਕਾਰਾਂ ਲਈ ਉਸ ਦਾ ਕਮਿਸ਼ਨਰ, ਯੂਕਰੇਨ ਦੇ ਕਬਜ਼ੇ ਵਾਲੇ ਖੇਤਰਾਂ ਤੋਂ ਬੱਚਿਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਰੂਸ ਤਬਦੀਲ ਕਰਨ ਲਈ ਜ਼ਿੰਮੇਵਾਰ ਸਨ। ਹੇਗ ਦੀ ਅਦਾਲਤ ਵਿੱਚ ਪੂਤਿਨ ਖਿਲਾਫ਼ ਮੁਕੱਦਮਾ ਚੱਲਣ ਦੇ ਆਸਾਰ ਹਾਲਾਂਕਿ ਮੱਧਮ ਹਨ।

ਯੂਕਰੇਨੀ ਰਾਸ਼ਟਰਪਤੀ ਅਜਿਹੇ ਮੌਕੇ ਨੀਦਰਲੈਂਡਜ਼ ਪੁੱਜੇ ਹਨ, ਜਦੋਂ ਅਜੇ ਇਕ ਦਿਨ ਪਹਿਲਾਂ ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨੀ ਫੌਜਾਂ ਨੇ ਕਰੈਮਲਿਨ ’ਤੇ ਦੋ ਡਰੋਨਾਂ ਨਾਲ ਹਮਲਾ ਕਰਕੇ ਪੂਤਿਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ।

ਜ਼ੇਲੈਂਸਕੀ ਨੇ ਭਾਵੇਂ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ, ਪਰ ਕਰੈਮਲਿਨ ਨੇ ਇਸ ਨੂੰ ‘ਦਹਿਸ਼ਤੀ’ ਕਾਰਵਾਈ ਦੱਸ ਦੇ ਜਵਾਬੀ ਕਾਰਵਾਈ ਕਰਨ ਦਾ ਵਾਅਦਾ ਕੀਤਾ ਹੈ। ਆਈਸੀਸੀ ਦੀ ਇਮਾਰਤ ਦੇ ਬਾਹਰ ਅਦਾਲਤ ਦੇ ਮੁਖੀ ਪੋਲੈਂਡ ਦੇ ਪਿਓਤਰ ਹੋਫਮਾਂਸਕੀ ਨੇ ਜ਼ੇਲੈਂਸਕੀ ਦਾ ਸਵਾਗਤ ਕੀਤਾ। ਜ਼ੇਲੈਂਸਕੀ, ਜੋ ਲੰਘੇ ਦਿਨ ਹੈਲਸਿੰਕੀ ਦੀ ਫੇਰੀ ’ਤੇ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ, ‘‘ਅਸੀਂ ਪੂਤਿਨ ’ਤੇ ਹਮਲਾ ਨਹੀਂ ਕੀਤਾ। ਅਸੀਂ ਇਸ ਮਸਲੇ ਨੂੰ ਟ੍ਰਿਬਿਊਨਲ (ਆਈਸੀਸੀ) ਉੱਤੇ ਛੱਡਦੇ ਹਾਂ।’’ ਇਸ ਦੌਰਾਨ ਯੁੂਕਰੇਨੀ ਫੌਜ ਨੇ ਦਾਅਵਾ ਕੀਤਾ ਕਿ ਰੂਸ ਨੇ ਤਿੰਨ ਡਰੋਨਾਂ ਦੀ ਮਦਦ ਨਾਲ ਦੱਖਣੀ ਸ਼ਹਿਰ ਓਡੈਸਾ ਨੂੰ ਨਿਸ਼ਾਨਾ ਬਣਾਇਆ ਹੈ।

ਫੌਜ ਮੁਤਾਬਕ ਇਨ੍ਹਾਂ ਡਰੋਨਾਂ ’ਤੇ ‘ਮਾਸਕੋ ਲਈ’ ਤੇ ‘ਕਰੈਮਲਿਨ ਲਈ’ ਲਿਖਿਆ ਹੋਇਆ ਹੈ, ਜੋ ਮਾਸਕੋ ਉੱਤੇ ਹਮਲਿਆਂ ਦਾ ਅਸਿੱਧਾ ਹਵਾਲਾ ਜਾਪਦਾ ਹੈ। ਉਧਰ ਰਾਜਧਾਨੀ ਕੀਵ ਵਿੱਚ ਵੀ ਹਵਾਈ ਹਮਲੇ ਦੀਆਂ ਰਿਪੋਰਟਾਂ ਹਨ। ਪਿਛਲੇ ਚਾਰ ਦਿਨਾਂ ਵਿੱਚ ਅਜਿਹਾ ਤੀਜੀ ਵਾਰ ਹੋਇਆ ਹੈ।

ਯੂਕਰੇਨੀ ਹਵਾਈ ਸੈਨਾ ਨੇ ਕੁੱਲ ਮਿਲਾ ਕੇ 24 ਡਰੋਨਾਂ ਵਿੱਚੋਂ 18 ਨੂੰ ਨਕਾਰਾ ਕਰਨ ਦਾ ਦਾਅਵਾ ਕੀਤਾ ਹੈ। ਇਹ ਸਾਰੇ ਡਰੋਨ ਇਰਾਨ ਦੇ ਬਣੇ ਹਨ ਤੇ ਹਮਲਿਆਂ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।